ਪਰਿਵਾਰ ਨੂੰ ਬੰਦੀ ਬਣਾ ਕੇ ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟੇ
ਹਤਿੰਦਰ ਮਹਿਤਾ
ਜਲੰਧਰ, 5 ਫਰਵਰੀ
ਹਥਿਆਰਬੰਦ ਲੁਟੇਰਿਆਂ ਨੇ ਅੱਜ ਸਵੇਰੇ ਆੜ੍ਹਤੀ ਦੇ ਘਰੋਂ 12 ਲੱਖ ਰੁਪਏ ਨਕਦ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਘਰ ਵਿੱਚ ਦਾਖ਼ਲ ਹੁੰਦਿਆਂ ਹੀ ਆੜ੍ਹਤੀ ਦੀ ਪਤਨੀ ਤੇ ਬੱਚੇ ਨੂੰ ਬੰਧਕ ਬਣਾ ਲਿਆ ਅਤੇ ਕਰੀਬ 15 ਮਿੰਟਾਂ ਵਿੱਚ ਹੀ ਵਾਰਦਾਤ ਕਰਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਥਾਣਾ ਡਿਵੀਜ਼ਨ-1 ਦੀ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਮਕਸੂਦਾਂ ਦੀ ਗਲੀ ਨੰਬਰ-3 ਦੇ ਸ਼ੀਤਲ ਨਗਰ ਦੀ ਹੈ। ਆੜ੍ਹਤੀ ਬਲਰਾਮ ਨੇ ਪੁਲੀਸ ਨੂੰ ਦੱਸਿਆ ਕਿ ਅੱਜ ਤੜਕੇ ਨਕਾਬਪੋਸ਼ ਲੁਟੇਰੇ ਉਸ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਪੂਰੇ ਪਰਿਵਾਰ ਨੂੰ ਬੰਧਕ ਬਣਾਉਣ ਮਗਰੋਂ ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਆੜ੍ਹਤੀ ਦੀ ਪਤਨੀ ਪੁਸ਼ਪਾ ਕੁਮਾਰੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਬਲਰਾਮ ਮਕਸੂਦਾ ਸਬਜ਼ੀ ਮੰਡੀ ਵਿੱਚ ਕਮਿਸ਼ਨ ਏਜੰਟ ਵਜੋਂ ਕੰਮ ਕਰਦਾ ਹੈ। ਉਹ ਸਵੇਰੇ ਆਪਣੇ ਕੰਮ ’ਤੇ ਗਿਆ ਹੋਇਆ ਸੀ। ਇਸ ਦੌਰਾਨ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਸਵੇਰੇ ਲਗਪਗ 6.15 ਵਜੇ ਘਰ ਦਾ ਦਰਵਾਜ਼ਾ ਖੜ੍ਹਕਾਇਆ। ਦਰਵਾਜ਼ਾ ਖੋਲ੍ਹਦੇ ਹੀ ਉਹ ਘਰ ਅੰਦਰ ਦਾਖ਼ਲ ਹੋ ਗਏ ਅਤੇ ਬੱਚੇ ਨੂੰ ਚੁੱਕ ਕੇ ਉਸ ਦੇ ਸਿਰ ’ਤੇ ਹਥਿਆਰ ਰੱਖ ਦਿੱਤਾ ਤੇ ਅਲਮਾਰੀ ਦੀ ਤਿਜੋਰੀ ਖੁਲ੍ਹਵਾ ਲਈ। ਪੁਸ਼ਪਾ ਨੇ ਦੱਸਿਆ ਕਿ ਲੁਟੇਰੇ 15 ਮਿੰਟ ਅੰਦਰ ਹੀ ਉਸ ਨੂੰ ਵਿਆਹ ’ਚ ਮਿਲੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਮਗਰੋਂ ਪੁਸ਼ਪਾ ਨੇ ਆਪਣੇ 7 ਸਾਲਾ ਬੱਚੇ ਜਤਿਨ ਨੂੰ ਫੜ ਲਿਆ ਅਤੇ ਇਲਾਕੇ ’ਚ ਰੌਲਾ ਪਾ ਦਿੱਤਾ। ਘਟਨਾ ਦੀ ਜਾਂਚ ਕਰ ਰਹੇ ਏਸੀਪੀ ਦਮਨਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਅਕਸਰ ਐਨੀ ਰਕਮ ਘਰ ਵਿੱਚ ਰੱਖਦੇ ਹਨ ਕਿਉਂਕਿ ਭੁਗਤਾਨ ਹਰ ਸ਼ੁੱਕਰਵਾਰ ਕਰਨਾ ਪੈਂਦਾ ਹੈ। ਪਰਿਵਾਰ ਵੱਲੋਂ ਚੋਰੀ ਦੀ ਅਸਲ ਰਕਮ ਨਹੀਂ ਦੱਸੀ ਜਾ ਰਹੀ। ਉਨ੍ਹਾਂ ਕਿਹਾ ਕਿ ਲੁਟੇਰੇ ਉਸੇ ਕਮਰੇ ਵਿੱਚ ਹੀ ਗਏ ਜਿੱਥੇ ਨਕਦੀ ਤੇ ਗਹਿਣੇ ਰੱਖੇ ਹੋਏ ਸਨ। ਇਸ ਪੱਖ ਤੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।