ਕੰਮ ਤੋਂ ਹਟਾਉਣ ’ਤੇ ਨੌਕਰਾਣੀ ਤੇ ਸਾਥੀਆਂ ਵੱਲੋਂ ਪਰਿਵਾਰ ਦੀ ਕੁੱਟਮਾਰ
ਗੁਰਿੰਦਰ ਸਿੰਘ
ਲੁਧਿਆਣਾ, 7 ਅਕਤੂਬਰ
ਥਾਣਾ ਹੈਬੋਵਾਲ ਦੇ ਇਲਾਕੇ ਸੰਤ ਵਿਹਾਰ ਚੂਹੜਪੁਰ ਰੋਡ ’ਤੇ ਰਹਿੰਦੀ ਔਰਤ ਵੱਲੋਂ ਘਰੇਲੂ ਨੌਕਰਾਣੀ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਇਸ ਕਾਰਨ ਨੌਕਰਾਣੀ ਤੇ ਉਸ ਦੇ ਸਮਰਥਕਾਂ ਵੱਲੋਂ ਪਰਿਵਾਰ ਦੀ ਕੁੱਟਮਾਰ ਕਰਕੇ ਸੋਨੇ ਦੇ ਗਹਿਣੇ ਖੋਹ ਲਏ ਗਏ। ਇਸ ਸਬੰਧੀ ਪੁਲੀਸ ਨੇ ਵੱਖ ਵੱਖ ਧਾਰਾਵਾਂ ਤਹਿਤ ਛੇ ਔਰਤਾਂ ਸਮੇਤ 47 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਮਿਤ ਕਟਾਰੀਆ ਨੇ ਦੱਸਿਆ ਹੈ ਕਿ ਵਿਜੈ ਕੁਮਾਰ ਵਾਸੀ ਸੰਤ ਵਿਹਾਰ ਨੇ ਉਨ੍ਹਾਂ ਦੇ ਘਰ ਆ ਕੇ ਉਸ ਦੀ, ਉਸ ਦੀ ਪਤਨੀ ਅਤੇ ਉਸ ਦੀਆਂ ਲੜਕੀਆਂ ਦੀ ਕੁੱਟਮਾਰ ਕੀਤੀ। ਉਨ੍ਹਾਂ ਲੜਕੀਆਂ ਦੇ ਕੱਪੜੇ ਪਾੜੇ ਅਤੇ ਦੁਰਵਿਹਾਰ ਕੀਤਾ। ਇਸ ਦੌਰਾਨ ਉਹ ਉਸ ਦੀ ਸੋਨੇ ਦੀ ਚੇਨ ਅਤੇ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਚੋਰੀ ਕਰਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਕੰਮ ਕਰਦੀ ਸ਼ਾਂਤੀ ਨੂੰ ਕਿਸੇ ਮਸਲੇ ਕਾਰਨ ਘਰ ਵਿਚ ਕੰਮ ਕਰਨ ਤੋਂ ਹਟਾ ਦਿੱਤਾ ਗਿਆ ਸੀ, ਜਿਸ ਕਾਰਨ ਉਸ ਨੇ ਰੰਜਿਸ਼ ਤਹਿਤ ਹਮਲਾ ਕਰਵਾਇਆ। ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਵਿਜੈ ਕੁਮਾਰ, ਅੰਸ਼ੂ, ਅਭਿਸ਼ੇਕ, ਅਕਾਸ਼, ਸੀਮਾ, ਤਮੰਨਾ, ਤਮੰਨ ਦਾ ਲੜਕਾ, ਸ਼ਾਂਤੀ ਦੇ ਦੋਵੇਂ ਲੜਕੇ, ਪਾਸਟਰ, ਪਾਸਟਰ ਦੀ ਪਤਨੀ, ਉਸਦੇ ਦੋਵੇਂ ਲੜਕੇ, ਦੋਵੇਂ ਨੂੰਹਾਂ, ਸੈਮ, ਰਿਤੂ ਅਤੇ 30 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।