ਸੜਕ ਹਾਦਸੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਵੱਲੋਂ ਥਾਣੇ ਅੱਗੇ ਧਰਨਾ
ਹਤਿੰਦਰ ਮਹਿਤਾ
ਜਲੰਧਰ, 30 ਅਗਸਤ
ਬੀਤੀ 27 ਅਗਸਤ ਨੂੰ ਹੁਸ਼ਿਆਰਪੁਰ-ਜਲੰਧਰ ਜੀਟੀ ਰੋਡ ਉੱਤੇ ਸਥਿਤ ਪਿੰਡ ਕੂਪੁਰ ਵਿਚ ਮੋਟਰਸਾਈਕਲ ਅਤੇ ਗੱਡੀ ਵਿਚਾਲੇ ਹੋਏ ਭਿਆਨਕ ਹਾਦਸੇ ਦੌਰਾਨ ਪੁੱਤਰ ਦੀ ਮੌਤ ਅਤੇ ਪਿਤਾ ਤੇ ਭਤੀਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਜ਼ੇਰੇ ਇਲਾਜ ਲਖਵਿੰਦਰ ਪਾਲ ਪੁੱਤਰ ਜੋਗਿੰਦਰਪਾਲ ਵਾਸੀ ਕੂਪੁਰ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ 27 ਤਰੀਕ ਦਿਨ ਐਤਵਾਰ ਨੂੰ ਉਹ ਆਪਣੇ ਪੁੱਤਰ ਸਾਹਿਲ (19) ਅਤੇ ਭਤੀਜੇ ਰਛਪਾਲ ਗਿੱਲ ਪੁੱਤਰ ਰਾਜੂ ਨਾਲ ਕਰੀਬ 10 ਵਜੇ ਘਰੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਲੇਸੜੀਵਾਲ ਕੈਂਪ ਵਿਚ ਦਵਾਈ ਲੈਣ ਜਾ ਰਹੇ ਸਨ ਕਿ ਜਲੰਧਰ-ਹੁਸ਼ਿਆਰਪੁਰ ਜੀਟੀ ਰੋਡ ਤੇਜ਼ ਰਫਤਾਰ ਗੱਡੀ ਨੇ ਪਿੱਛੋਂ ਟੱਕਰ ਮਾਰੀ ਜਿਸ ਕਰਕੇ ਤਿੰਨੋ ਜਣੇ ਅੱਗੇ ਜਾਂਦੀ ਗੱਡੀ ਵਿੱਚ ਜਾ ਵੱਜੇ ਤੇ ਗੰਭੀਰ ਜ਼ਖਮੀ ਹੋ ਗਏ। ਲਖਵਿੰਦਰਪਾਲ ਨੇ ਕਿਹਾ ਕਿ ਲੋਕਾਂ ਦੀ ਮਦਦ ਨਾਲ ਕਠਾਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਸਾਹਿਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਏ.ਐਸ.ਆਈ ਰਵਿੰਦਰ ਸਿੰਘ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਗੱਡੀਆਂ ਵਾਲਿਆਂ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਕੀਤੀ ਜਿਸ ਕਰਕੇ ਮ੍ਰਿਕਤ ਸਾਹਿਲ ਦੀ ਮੌਤ ਦਾ ਇਨਸਾਫ ਲੈਣ ਲਈ ਦਲਿਤ ਨੇਤਾ ਧਰਮਪਾਲ ਸਿੰਘ ਲੇਸੜੀਵਾਲ, ਜਗਜੀਵਨ ਲਾਲ ਸਾਬਕਾ ਸਰਪੰਚ ਦੀ ਅਗਵਾਈ ਹੇਠ ਥਾਣਾ ਆਦਮਪੁਰ ਵਿਖੇ ਧਰਨਾ ਲਗਾਇਆ ਗਿਆ। ਪਰਿਵਾਰ ਮੈਂਬਰਾਂ ਵੱਲੋਂ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿੰਨੀ ਦੇਰ ਤੱਕ ਏ.ਐਸ.ਆਈ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਉਹ ਮ੍ਰਿਤਕ ਦਾ ਸੰਸਕਾਰ ਨਹੀਂ ਕਰਨਗੇ। ਜਾਂਚ ਅਧਿਕਾਰੀ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮ੍ਰਿਕਤ ਪਰਿਵਾਰ ਦੀ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ ਜਿਸ ਕਰਕੇ ਪਰਿਵਾਰ ਨੇ ਬਿਆਨ ਦਰਜ ਨਹੀਂ ਕਰਵਾਏ। ਪਰ ਮੌਕੇ ਦੀ ਰਿਪੋਰਟ ਦਰਜ ਕੀਤੀ ਗਈ ਹੈ। ਇਸ ਪੂਰੇ ਮਾਮਲੇ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਗੱਡੀ ਚਾਲਕ ਅਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹੁਸ਼ਿਆਰਪੁਰ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।