ਓਮਾਨ ’ਚ ਮਰੇ ਵਿਅਕਤੀ ਦੇ ਪਰਿਵਾਰ ਨੂੰ ਮਿਲਿਆ ਮੁਆਵਜ਼ਾ ਰਾਸ਼ੀ ਦਾ ਚੈੱਕ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 10 ਸਤੰਬਰ
ਕਰੀਬ ਤਿੰਨ ਸਾਲ ਪਹਿਲਾਂ ਓਮਾਨ ਵਿੱਚ ਹਾਦਸੇ ਵਿੱਚ ਮਾਰੇ ਗਏ ਪਿੰਡ ਝੰਜੋਟੀ ਦੇ ਵਾਸੀ ਸੁਖਦੀਪ ਸਿੰਘ ਦੇ ਪਰਿਵਾਰ ਨੂੰ ਓਮਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਰੀਬ 31 ਲੱਖ 34 ਹਜਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਚੈੱਕ ਮਿਲ ਗਿਆ ਹੈ । ਇਹ ਮੁਆਵਜ਼ਾ ਰਾਸ਼ੀ ਦਾ ਚੈੱਕ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨੂੰ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਬਤੌਰ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਉਹ ਯਤਨ ਕਰਦੇ ਹਨ ਕਿ ਪਰਵਾਸੀ ਭਾਰਤੀਆਂ ਨਾਲ ਸਬੰਧਿਤ ਸ਼ਿਕਾਇਤਾਂ ਅਤੇ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ਝੰਝੋਟੀ ਦੇ ਵਾਸੀ ਸੁਖਦੀਪ ਸਿੰਘ ਜੋ 2021 ਵਿੱਚ ਓਮਾਨ ਵਿੱਚ ਹੋਏ ਕਾਰ ਹਾਦਸੇ ਵਿੱਚ ਵਿੱਛੜ ਗਏ ਸਨ ,ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਜ਼ਰੀਏ ਓਮਾਨ ਸਰਕਾਰ ਨਾਲ ਸੰਪਰਕ ਕੀਤਾ ਸੀ, ਸਿੱਟੇ ਵਜੋਂ ਓਮਾਨ ਨੇ 31 ਲੱਖ 34 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਪਰਿਵਾਰ ਲਈ ਭੇਜੀ ਹੈ। ਉਨ੍ਹਾਂ ਇਹ ਚੈੱਕ ਅੱਜ ਪਰਿਵਾਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਸੁਖਦੀਪ ਸਿੰਘ ਦੀ ਪਤਨੀ ਨੌਕਰੀ ਵੀ ਦਿੱਤੀ ਜਾਵੇ।