ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
09:46 PM Jun 29, 2023 IST
ਕਾਹਨੂੰਵਾਨ (ਪੱਤਰ ਪ੍ਰੇਰਕ): ਪਿੰਡ ਮੁੰਨਣ ਕਲਾਂ ਦੇ ਲਾਪਤਾ ਨੌਜਵਾਨ ਦੇ ਵਾਰਸਾਂ ਨੇ ਖ਼ਦਸ਼ਾ ਜ਼ਹਿਰ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਨੌਜਵਾਨ ਦੇ ਮਾਤਾ ਮਨਦੀਪ ਅਤੇ ਭਰਾ ਅਮਨ ਮਸੀਹ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਮਨ ਮਸੀਹ ਮੰਡੀ ਗੋਬਿੰਦਗੜ੍ਹ ਵਿੱਚ ਟਰਾਂਸਪੋਰਟ ਕੰਪਨੀ ਵਿੱਚ ਕਲੀਨਰ ਵਜੋਂ ਕੰਮ ਕਰਦਾ ਸੀ। ਉਨ੍ਹਾਂ ਨੂੰ ਬੀਤੀ ਦੋ ਮਈ ਨੂੰ ਡਰਾਈਵਰ ਗੁਰਸ਼ਰਨ ਦੀਪ ਸਿੰਘ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਰਮਨ ਮਸੀਹ ਉਸ ਨੂੰ ਦੱਸੇ ਬਿਨਾਂ ਕਿਧਰੇ ਚਲਾ ਗਿਆ ਹੈ। ਪਰਿਵਾਰ ਨੇ ਇਸ ਸਬੰਧੀ ਥਾਣਾ ਗੋਬਿੰਦਗੜ੍ਹ ਮੰਡੀ ਵਿੱਚ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਪੁਲੀਸ ਕਪਤਾਨ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ, ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਐਸਪੀ ਰਵਜੋਤ ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਸਬੰਧਿਤ ਥਾਣੇ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਕਾਰਵਾਈ ਲਈ ਹਦਾਇਤ ਕਰਨਗੇ।
Advertisement
Advertisement
Advertisement