ਜਾਅਲੀ ਲੋਹਾ ਕਾਰੋਬਾਰੀ ਨੇ ਫਰਜ਼ੀ ਫਰਮ ਬਣਾ ਕੇ ਸਰਕਾਰ ਨੂੰ 11.75 ਕਰੋੜ ਰੁਪਏ ਦਾ ਚੂਨਾ ਲਾਇਆ
ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 17 ਫਰਵਰੀ
ਗੋਬਿੰਦਗੜ੍ਹ ਪੁਲੀਸ ਨੇ ਜੀਐਸਟੀ ਵਿਭਾਗ ਨਾਲ ਲੋਹੇ ਦੀ ਜਾਅਲੀ ਫਰਮ ਬਣਾ ਕੇ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਹੇਠ ਦੀਪਕ ਨਾਮੀ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਹ ਮਾਮਲਾ ਸਟੇਟ ਟੈਕਸ ਅਫ਼ਸਰ ਫ਼ਤਹਿਗੜ੍ਹ ਸਾਹਿਬ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਉਸ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਦੀਪਕ ਨਾਂ ਦੇ ਵਿਅਕਤੀ ਨੇ ਆਪਣੇ ਪੈਨ ਕਾਰਡ ’ਤੇ ਲੋਹੇ ਦੀ ਫਰਮ ਜੀਐਸ ਇੰਡਸਟਰੀ ਬਣਾਈ ਸੀ। ਇਸ ਕਾਰਨ ਉਸ ਨੇ ਜੀ.ਐਸ.ਟੀ. ਟੈਕਸ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ। ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਵਿਆਜ ਅਤੇ ਜੁਰਮਾਨੇ ਸਣੇ ਮੁਲਜ਼ਮ ਨੇ ਸਰਕਾਰ ਨਾਲ 11,75,46,268 ਰੁਪਏ ਦੀ ਠੱਗੀ ਮਾਰੀ ਹੈ। ਅਧਿਕਾਰੀ ਨੇ ਸ਼ਿਕਾਇਤ ’ਚ ਕਿਹਾ ਕਿ ਮੁਲਜ਼ਮ ਨੇ ਕਈ ਸਾਥੀਆਂ ਨਾਲ ਮਿਲ ਕੇ ਫ਼ਰਜ਼ੀ ਦਸਤਾਵੇਜ਼ਾਂ ’ਤੇ ਫਰਮ ਬਣਾਈ ਸੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਕਾਰਵਾਈ ਸੁਰੂ ਕਰ ਦਿੱਤੀ ਹੈ।