ਮੇਲਾ ਦੇਸ਼ ਭਗਤਾਂ ਦਾ ਸ਼ਾਨੋ-ਸ਼ੌਕਤ ਨਾਲ ਸਮਾਪਤ
ਪੱਤਰ ਪ੍ਰੇਰਕ
ਲੌਂਗੋਵਾਲ , 17 ਨਵੰਬਰ
ਕਰਤਾਰ ਸਿੰਘ ਸਰਾਭਾ ਅਤੇ ਗਦਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਿੱਚ ਫ਼ਿਰਕਾਪ੍ਰਸਤੀ ਖਿਲਾਫ ਚੱਲੀਆਂ ਅਤੇ ਚੱਲ ਰਹੀਆਂ ਲਹਿਰਾਂ ਨੂੰ ਸਮਰਪਿਤ ਮਾਲਵੇ ਦਾ ਰਵਾਇਤੀ 19ਵਾਂ ਮੇਲਾ ਦੇਸ਼ ਭਗਤਾਂ ਦਾ ਪੂਰੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਮੇਲੇ ਵਿੱਚ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਸ਼ਿਆਂ ਦੀ ਤਰਾਸਦੀ ਨੂੰ ਉਭਾਰਦਾ ਅਤੇ ਇਸ ਖ਼ਿਲਾਫ਼ ਸੰਘਰਸ਼ ਦਾ ਹੋਕਾ ਦਿੰਦਾ ਨਾਟਕ ‘ਅੱਲੜ ਉਮਰਾਂ ਘੁੱਪ ਹਨੇਰੇ’ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ’ਤੇ ਆਧਾਰਿਤ ਇਤਿਹਾਸਕ ਨਾਟਕ ‘ਵਿਦਰੋਹੀ’ ਦੇ ਮੰਚਨ ਰਾਹੀਂ ਬਰਤਾਨਵੀ ਹਕੂਮਤ ਨੂੰ ਮਲੀਆਮੇਟ ਕਰਨ ਵਾਲੇ ਨਾਇਕਾਂ ਨੂੰ ਲੋਕਾਂ ਦੇ ਰੂਬਰੂ ਕਰਨ ਅਤੇ ਮੌਜੂਦਾ ਹਾਲਾਤ ਵਿੱਚ ਇਸ ਦੀ ਮਹੱਤਤਾ ਨੂੰ ਉਭਾਰਨ ਦਾ ਸਫਲ ਮੰਚਨ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਜੁਝਾਰ ਲੌਂਗੋਵਾਲ ਨੇ ਮੰਚ ਸੰਚਾਲਨ ਅਤੇ ਪ੍ਰਧਾਨ ਮਾਸਟਰ ਬਲਵੀਰ ਲੌਂਗੋਵਾਲ ਨੇ ਜਿੱਥੇ ਸੰਸਥਾ ਦੇ ਉਦੇਸ਼ਾਂ ਵਾਰੇ ਜਾਣੂ ਕਰਵਾਇਆ ਉੱਥੇ ਮੁਲਕ ਵਿੱਚ ਰਾਜਕੀ ਸ਼ਹਿ ਪ੍ਰਾਪਤ ਫਿਰਕੂ ਅਤੇ ਫਾਸ਼ੀਵਾਦੀ ਤਾਕਤਾਂ ਰਾਹੀ ਮੁਲਕ ਨੂੰ ਤਬਾਹੀ ਵੱਲ ਧੱਕਣ ਵਾਲੇ ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ ਇਕਜੁੱਟ ਹੋ ਕੇ ਟਾਕਰਾ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਭਿਆਨਕ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਲਹਿਰ ਉਸਾਰਨ ਦਾ ਸੱਦਾ ਦਿੱਤਾ। ਦਿਨ ਵੇਲੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਗਾਇਨ, ਭਾਸ਼ਨ, ਅਤੇ ਕੋਰੀਓਗਰਾਫੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਭੋਲਾ ਸੰਗਰਾਮੀ ਮਾਡਲ ਟਾਊਨ, ਅਰਸ਼ਦੀਪ ਸਿੰਘ (ਲਲਕਾਰ), ਯੁਵਰਾਜ ਸਿੰਘ ਨੇ ਇਨਕਲਾਬੀ ਗੀਤ ਗਾਏ। ਕਮੇਟੀ ਵੱਲੋਂ ਪਰਜਾ ਮੰਡਲੀਏ ਹਰਨਾਮ ਸਿੰਘ ਧਰਮਗੜ੍ਹ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਇਨਕਲਾਬੀ ਨਾਅਰਿਆਂ ਨਾਲ ਮੇਲਾ ਸਮਾਪਤ ਹੋਇਆ।