ਵਿਦਿਅਕ ਸੰਸਥਾਵਾਂ ਦੀ ‘ਰੈਂਕਿੰਗ’ ਕਰਨ ਦੀ ਸਨਕ
ਇਨ੍ਹੀਂ ਦਿਨੀਂ ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਮੁਸ਼ਕਿਲ ਨਾਲ ਹੀ ਇਹ ਸੋਚਣ-ਵਿਚਾਰਨ ਦਾ ਮੌਕਾ ਮਿਲ ਰਿਹਾ ਹੈ ਕਿ ਅਸਲ ’ਚ ਕੀਮਤੀ ਕੀ ਹੈ- ਅਰਥਪੂਰਨ ਖੋਜ ਤੇ ਅਧਿਆਪਨ ਦਰਮਿਆਨ ਜੀਵੰਤ ਰਿਸ਼ਤਾ; ਕਲਾਸਰੂਮ ਸੰਚਾਲਨ ਤੇ ਸੰਸਾਰਕ ਮਸਲਿਆਂ ’ਤੇ ਗੰਭੀਰ ਚਿੰਤਨ; ਜਾਂ ਫੇਰ ਬੁਨਿਆਦੀ ਵਿਗਿਆਨ ਦੀਆਂ ਗਿਣਤੀਆਂ-ਮਿਣਤੀਆਂ ਜਾਂ ਇੱਕ ਨਿਆਂਸੰਗਤ ਤੇ ਸੁਹਿਰਦ ਸਮਾਜ ਦੇ ਨਿਰਮਾਣ ਲਈ ‘ਲਿਬਰਲ ਆਰਟਸ ਤੇ ਹਿਊਮੈਨਿਟੀਜ਼’। ਇਸ ਦੀ ਬਜਾਏ ਸਿੱਖਿਆ ਦੇ ਇਨ੍ਹਾਂ ਕੇਂਦਰਾਂ ਨੂੰ ਦਰਜਾਬੰਦੀ ਏਜੰਸੀਆਂ ਅੱਗੇ ਆਪਣੀ ‘ਕੀਮਤ’ ਸਾਬਿਤ ਕਰਨ ਲਈ ਹਰ ਰਣਨੀਤੀ ਅਪਣਾਉਣ ਖਾਤਰ ਨਿਰੰਤਰ ਜੱਦੋਜਹਿਦ ਦੇ ਦੌਰ ਵਿੱਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਨੂੰ ‘ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼’ ਤੋਂ ਲੈ ਕੇ ਸਾਡੇ ਆਪਣੇ ਰੈਂਕਿੰਗ ਸਿਸਟਮ- ਰਾਸ਼ਟਰੀ ਸੰਸਥਾਗਤ ਦਰਜਾਬੰਦੀ ਢਾਂਚੇ (ਐੱਨਆਈਆਰਐੱਫ) ਅੱਗੇ ਆਪਣਾ ਮੁੱਲ ਪਵਾਉਣ ਲਈ ਕਈ ਹੱਥਕੰਡੇ ਅਪਣਾਉਣੇ ਪੈਂਦੇ ਹਨ। ‘ਟੌਪ’ 10 ਕਾਲਜਾਂ/ਯੂਨੀਵਰਸਿਟੀਆਂ ’ਚ ਥਾਂ ਬਣਾਉਣ ਵਿੱਚ ਅਸਫ਼ਲ ਹੋਣਾ ਸਾਡੇ ਕਈ ਪ੍ਰਿੰਸੀਪਲਾਂ ਤੇ ਉਪ ਕੁਲਪਤੀਆਂ ਲਈ ਸ਼ਰਮ ਦੀ ਗੱਲ ਹੈ!
ਲੰਮੇ ਸਮੇਂ ਤੋਂ ਦਰਜਾਬੰਦੀ ਢਾਂਚੇ ਨਾਲ ਇਸ ਲਗਾਅ ਦੇ ਕਾਰਨਾਂ ਨੂੰ ਸਮਝਣਾ ਮੁਸ਼ਕਿਲ ਨਹੀਂ ਹੈ। ਇਹ ਨਾ ਭੁੱਲੀਏ ਕਿ ਅਸੀਂ ਉਨ੍ਹਾਂ ਸਮਿਆਂ ਵਿੱਚ ਰਹਿ ਰਹੇ ਹਾਂ ਜੋ ਅੰਕਾਂ ’ਤੇ ਚੱਲਦਾ ਹੈ; ਅਸਲ ’ਚ ਸਭ ਕੁਝ ਮੁਲਕ ਦੇ ਨਾਗਰਿਕਾਂ ਦੀ ਖ਼ੁਸ਼ੀ ਦੇ ਪੱਧਰ ਤੋਂ ਲੈ ਕੇ ਕਿਸੇ ’ਚ ਕਿੰਨੀ ‘ਬੁੱਧੀ’ ਹੈ- ਨਾਪਿਆ, ਮਿਣਿਆ ਜਾਂਦਾ ਹੈ, ਦਰਜਾਬੰਦੀ ਕਰ ਕੇ ਕ੍ਰਮ ਵਿੱਚ ਲਾਇਆ ਜਾਂਦਾ ਹੈ। ਟੈਕਨੋ-ਵਿਗਿਆਨ ਤੇ ‘ਗਣਿਤ ਸੂਖਮਤਾ’ ਦੇ ਦੌਰ ’ਚ ਜਾਪਦਾ ਹੈ ਕਿ ਸਾਡੀ ਉਸ ਚੀਜ਼ ਨਾਲ ਤਸੱਲੀ ਹੀ ਨਹੀਂ ਹੁੰਦੀ ਜਿਸ ਨੂੰ ਨਾਪਿਆ ਨਾ ਗਿਆ ਹੋਵੇ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਸਿੱਖਿਅਤ ਹੋਣ ਦੇ ਇੱਕ ਗੁਣਾਤਮਕ ਭਾਵ ਨੂੰ ਵੀ ਮਿਣਿਆ ਤੇ ਕ੍ਰਮ ਵਿੱਚ ਲਾਇਆ ਜਾ ਰਿਹਾ ਹੈ ਕਿ ਕਿਵੇਂ ਇਹ ਦੁਨੀਆ ਨੂੰ ਦੇਖਣ ਦੇ ਸਾਡੇ ਨਜ਼ਰੀਏ ਨੂੰ ਰੂਪ ਦਿੰਦਾ ਹੈ ਜਾਂ ਕਿਸ ਤਰ੍ਹਾਂ ਸਾਡੇ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਨੂੰ ਅਮੀਰੀ ਬਖ਼ਸ਼ਦਾ ਹੈ।
ਕੋਈ ਅਲੋਕਾਰੀ ਗੱਲ ਨਹੀਂ ਕਿ ਇੱਕ ਕਾਲਜ/ਯੂਨੀਵਰਸਿਟੀ ਨੂੰ ਮਹਿਜ਼ ਅੰਕ ਤੱਕ ਸੀਮਤ ਕਰ ਦਿੱਤਾ ਗਿਆ ਹੈ (ਕਹਿ ਲਈਏ, ਕਿ ਜਿੱਥੋਂ ਤੱਕ ਰਾਸ਼ਟਰੀ ਮੁਲਾਂਕਣ ਤੇ ਮਾਨਤਾ ਪਰਿਸ਼ਦ, ਜਾਂ ‘ਨੈਕ’ ਦਾ ਸਵਾਲ ਹੈ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਗ੍ਰੇਡ ਪੁਆਇੰਟ ਚਾਰ ਵਿੱਚੋਂ 3.91 ਹੈ), ਜਿਸ ਨੂੰ ਰੈਂਕਿੰਗ ਏਜੰਸੀਆਂ ਬਹੁਤ ਸੰਦੇਹਪੂਰਨ ਢੰਗ ਨਾਲ ਤੈਅ ਕਰਦੀਆਂ ਹਨ।
ਇਸੇ ਤਰ੍ਹਾਂ ਬਾਜ਼ਾਰੂ ਮਾਨਸਿਕਤਾ ਦੇ ਇਸ ਬੇਰੋਕ ਖ਼ਪਤ ਵਾਲੇ ਦੌਰ ’ਚ, ‘ਬਰਾਂਡ ਚੇਤਨਾ’ ਦੇ ਜਾਲ ਵਿੱਚੋਂ ਬਚ ਨਿਕਲਣਾ ਵੀ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇੱਕ ਰਵਾਇਤੀ ਖ਼ਪਤਕਾਰ ਜਾਪਦਾ ਹੈ ਕਿ ਕੌਫੀ ਦੇ ਸੁਆਦ ਨਾਲੋਂ ‘ਸਟਾਰਬੱਕਸ’ ਬਰਾਂਡ ਪ੍ਰਤੀ ਜ਼ਿਆਦਾ ਖਿੱਚ ਰੱਖਦਾ ਹੈ। ਇਸੇ ਤਰ੍ਹਾਂ ਇੱਕ ਕਾਲਜ/ਯੂਨੀਵਰਸਿਟੀ ਨੂੰ ਵੀ ‘ਬਰਾਂਡ’ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਇੱਕ ਨਵ-ਉਦਾਰਵਾਦੀ ਬਾਜ਼ਾਰ ’ਚ ਵਿਦਿਆਰਥੀ ਹੁਣ ਅਸਲੀ ਜਗਿਆਸੂ ਨਹੀਂ ਬਣੇ ਰਹਿ ਸਕਦੇ; ਉਹ ਬਰਾਂਡ ਦੀ ਭਾਲ ’ਚ ਭਟਕ ਰਹੇ ਉਪਭੋਗਤਾ ਹਨ, ਭਾਵੇਂ ਉਹ ਜਾਦਵਪੁਰ ਯੂਨੀਵਰਸਿਟੀ ਹੋਵੇ ਜਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ। ਇਹ ਮਹੱਤਵਪੂਰਨ ਨਹੀਂ ਹੈ ਕਿ ਕੀ ਤੁਸੀਂ ਸੱਚੀਓਂ ਅੰਗਰੇਜ਼ੀ ਸਾਹਿਤ ਜਾਂ ਭੌਤਿਕ ਵਿਗਿਆਨ ਦੇ ਕਾਰਜ-ਖੇਤਰ ਦੀ ਪੜਚੋਲ ਕਰਨਾ ਪਸੰਦ ਕਰਦੇ ਹੋ; ਮਹੱਤਵਪੂਰਨ ਹੈ ਤੁਹਾਡਾ ਸਾਧਕ ਤਰਕ—- ਕਿਸ ਤਰ੍ਹਾਂ ਤੁਹਾਡੇ ਕਾਲਜ/ਯੂਨੀਵਰਸਿਟੀ ਦੀ ‘ਬਰਾਂਡ ਵੈਲਿਊ’, ਨੌਕਰੀ ਬਾਜ਼ਾਰ ਲਈ ਤੁਹਾਡੇ ‘ਸੀਵੀ’ ਨੂੰ ਬਿਹਤਰ ਕਰਦੀ ਹੈ! ਇਸ ਤੋਂ ਇਲਾਵਾ ਕਿਉਂਕਿ ਇਕ ਸੰਸਥਾ ਦੀ ‘ਉਤਪਾਦਕਤਾ’ ਵਧਾਉਣ ਲਈ ਅਤਿ-ਮੁਕਾਬਲੇ ਦੀ ਪ੍ਰਵਿਰਤੀ ਨੂੰ ਲਾਜ਼ਮੀ ਖੂਬੀ ਵਜੋਂ ਦੇਖਿਆ ਜਾ ਰਿਹਾ ਹੈ, ਇਹ ਮੰਨ ਕੇ ਚੱਲਿਆ ਜਾ ਰਿਹਾ ਹੈ ਕਿ ਇੱਕ ਕਾਲਜ/ਯੂਨੀਵਰਸਿਟੀ ਦੀ ਅਕਾਦਮਿਕ ਸਮਰੱਥਾ ਨੂੰ ਉਦੋਂ ਹੀ ਵਧਾਇਆ ਜਾ ਸਕਦਾ ਹੈ ਜਦੋਂ ਇਸ ਨੂੰ ਕਾਰਗੁਜ਼ਾਰੀ ਦੇ ਨਿਰੰਤਰ ਦਬਾਅ ਹੇਠ ਰੱਖਿਆ ਜਾਵੇ, ਇੱਕ ਦਰਜੇ ਜਾਂ ਮਨਘੜਤ ਨੰਬਰ ਦੇ ਮਗਰ ਲਾ ਕੇ ਰੱਖਿਆ ਜਾਵੇ ਤੇ ਦੂਜੀਆਂ ਸੰਸਥਾਵਾਂ ਨੂੰ ਹਰਾਇਆ ਜਾਵੇ।
ਭਾਵੇਂ ਵਿਦਿਆਰਥੀਆਂ ਤੇ ਅਧਿਆਪਕਾਂ ਸਣੇ ਕਈ ਦਰਜਾਬੰਦੀ ਦੇ ਇਸ ‘ਵਿਗਿਆਨ’ ਨਾਲ ਕਾਫੀ ਸਹਿਜ ਹਨ, ਪਰ ਇਸ ਦੇ ਨੁਕਸਾਨਦੇਹ ਅਸਰਾਂ ਨੂੰ ਵੀ ਸਾਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ।
ਇਸ ਸੰਦਰਭ ’ਚ ਮੈਂ ਤਿੰਨ ਨੁਕਤੇ ਰੱਖਣਾ ਚਾਹਾਂਗਾ। ਪਹਿਲਾ, ਕਿਉਂਕਿ ਰੈਂਕਿੰਗ ’ਚ ਬਸ ਗਿਣਨਯੋਗ ਚੀਜ਼ ਨੂੰ ਹੀ ਮਹੱਤਵ ਦਿੱਤਾ ਜਾ ਰਿਹਾ ਹੈ, ਇਸ ਨਾਲ ਜੋ ਬੁਨਿਆਦੀ ਤੌਰ ’ਤੇ ਅਹਿਮ ਹੈ, ਉਸ ਦੀ ਕੀਮਤ ਵੀ ਡਿੱਗਦੀ ਜਾਂਦੀ ਹੈ—ਜਿਸ ’ਚ ਅਧਿਆਪਨ ਤੇ ਸਿੱਖਣ ਦਾ ਤਜਰਬਾ, ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ਦਾ ਮਿਜ਼ਾਜ; ਕਾਲਜ/ ਯੂਨੀਵਰਸਿਟੀ ਦਾ ਸੱਭਿਆਚਾਰਕ ਵਾਤਾਵਰਨ ਤੇ ਵਿਦਿਆਰਥੀ ਦੀ ਮਾਨਸਿਕ ਤੰਦਰੁਸਤੀ ਆਦਿ ਸ਼ਾਮਿਲ ਹਨ। ਤੁਹਾਡੇ ਸਾਹਮਣੇ ਇੱਕ ਸਥਿਤੀ ਹੈ: ਇੱਕ ਪ੍ਰੋਫੈਸਰ ਸਖ਼ਤ ਮਿਹਨਤ ਕਰਦੀ ਹੈ, ਚੰਗੀਆਂ ਲਾਇਬਰੇਰੀਆਂ ਵਿੱਚ ਜਾਂਦੀ ਹੈ, ਅਕਾਦਮਿਕ ਬਿਰਾਦਰੀ ਨਾਲ ਵਿਚਾਰ-ਵਟਾਂਦਰਾ ਕਰਦੀ ਹੈ, ਨਵਾਂ ਕੋਰਸ ਤਿਆਰ ਕਰਦੀ ਹੈ, ਖ਼ੂਬਸੂਰਤੀ ਨਾਲ ਪੜ੍ਹਾ ਕੇ ਨੌਜਵਾਨਾਂ ਵਿਦਿਆਰਥੀਆਂ ਨੂੰ ਗੰਭੀਰ ਚਿੰਤਨ ਦੀ ਚਿਣਗ ਲਾਉਂਦੀ ਹੈ। ਹਾਲਾਂਕਿ ਨਵੇਂ ਕੋਰਸ ਪ੍ਰਤੀ ਇਸ ਤੀਬਰ ਵਚਨਬੱਧਤਾ ਕਰ ਕੇ ਉਸ ਨੇ ਕੋਈ ਪੇਪਰ ਪ੍ਰਕਾਸ਼ਿਤ ਨਹੀਂ ਕੀਤਾ; ਜਾਂ ਕਹਿ ਲਓ ਕਿ ਉਸ ਨੇ ਕਿਸੇ ਕੌਮਾਂਤਰੀ ਕਾਨਫਰੰਸ ਵਿੱਚ ਹਿੱਸਾ ਨਹੀਂ ਲਿਆ। ਹੁਣ ਰੈਂਕਿੰਗ ਏਜੰਸੀ ਦੇ ਮਾਹਿਰਾਂ ਦੀਆਂ ਨਜ਼ਰਾਂ ਵਿੱਚ, ਉਸ ਨੇ ਕੁਝ ਨਹੀਂ ਕੀਤਾ; ਉਸ ਦਾ ਯੋਗਦਾਨ ਸਿਫ਼ਰ ਹੈ ਕਿਉਂਕਿ ਉਸ ਦੀ ਬੌਧਿਕ ਕਿਰਤ ਨੂੰ ਤਾਂ ਮਿਣਿਆ ਹੀ ਨਹੀਂ ਜਾ ਸਕਦਾ। ਅਸਲ ’ਚ, ਗਿਣਤੀ ਪ੍ਰਤੀ ਇਹ ਸਨਕ ਅਕਸਰ ਪ੍ਰਕਾਸ਼ਨਾਂ ਦੇ ਮਿਆਰ ਨੂੰ ਵੀ ਡੇਗ ਦਿੰਦੀ ਹੈ। ਇਸ ਲਈ ਬਿਹਤਰੀਨ ‘ਨੈੱਟਵਰਕਿੰਗ’ ਮੁਹਾਰਤ ਵਾਲਾ ਇਕ ਅਜਿਹਾ ‘ਲਾਇਕ’ ਪ੍ਰੋਫੈਸਰ ਲੱਭਣਾ ਅਸੰਭਵ ਨਹੀਂ ਹੈ ਜਿਸ ਨੇ ਇਕ ਸਮੈਸਟਰ ਵਿੱਚ ਸ਼ਾਇਦ ਪੰਜ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹੋਣ, ਤਿੰਨ ਕੌਮਾਂਤਰੀ ਕਾਨਫਰੰਸਾਂ ਵਿੱਚ ਹਿੱਸਾ ਲਿਆ ਹੋਵੇ ਤੇ ਕਿਸੇ ਇੱਕ ਕਿਤਾਬ ਦਾ ਸੰਪਾਦਨ ਕੀਤਾ ਹੋਵੇ। ਉਸ ਦੇ ਖੋਜ ਕਾਰਜ ਦੀ ਗੁਣਵੱਤਾ ਬਾਰੇ ਨਾ ਪੁੱਛੋ। ਅੰਕੜੇ ਕਿਉਂਕਿ ਉਸ ਦੇ ਹੱਕ ’ਚ ਹਨ, ਇਸ ਲਈ ਉਹ ਇੱਕ ਸੰਜੀਦਾ ਅਧਿਆਪਕ ਨਾਲੋਂ ਵੱਧ ਮੁੱਲਵਾਨ ਹੈ। ਹਾਂ, ਖੋਜ ਕਾਰਜ ਦਾ ਹਲਕਾਪਣ ਜਾਂ ਇੱਕ ਸੁਹਿਰਦ ਕਾਰਜ ਵਜੋਂ ਅਧਿਆਪਨ ਦਾ ਡਿੱਗਦਾ ਮਿਆਰ, ਦਰਜਾਬੰਦੀ ਦੀ ਸਿਆਸਤ ਦੇ ਤਰਕ ਸਿੱਧ ਸਿੱਟੇ ਹਨ।
ਦੂਜਾ, ਰੈਂਕਿੰਗ ਦੀ ਸਨਕ ਫੈਕਲਟੀ ਨੂੰ ਇੱਕ ਮਸ਼ੀਨ ਬਣਨ ਵੱਲ ਮੋੜ ਦਿੰਦੀ ਹੈ, ਜੋ ਨਿਰੰਤਰ ‘ਰਿਸਰਚ ਪੇਪਰ’ ਘੜ ਰਹੀ ਹੈ। ਜਿਹੜਾ ਉੱਚ ਸਿੱਖਿਆ ਨਾਲ ਸੁਹਿਰਦ ਹੋ ਕੇ ਜੁੜਿਆ ਹੈ, ਉਹ ਜਾਣਦਾ ਹੈ ਕਿ ਅਰਥਪੂਰਨ ਅਧਿਆਪਨ ਤੇ ਸੰਜੀਦਾ ਖੋਜ ਕਾਰਜਾਂ ਲਈ ਤਪਾਕ ਨਾਲ ਸੋਚ-ਵਿਚਾਰ ਤੇ ਚਿੰਤਨਸ਼ੀਲ ਪਲਾਂ ਦੀ ਲੋੜ ਪੈਂਦੀ ਹੈ; ਫੈਕਟਰੀ ’ਚ ਟੁੱਥਪੇਸਟ ਬਣਨ ਵਾਂਗ ਤੁਸੀਂ ਖੋਜ ਪੱਤਰ ਨਹੀਂ ਬਣਾ ਸਕਦੇ। ਪਰ ਫੇਰ, ਜੇ ਇੱਕ ਅਧਿਆਪਕ ਉੱਤੇ ਅਕਾਦਮਿਕ ਸੰਸਥਾ ਦੇ ‘ਬਰਾਂਡ-ਸੁਚੇਤ’ ਮੁਖੀ ਵੱਲੋਂ ਖੋਜ ਪੱਤਰ ਪੈਦਾ ਕਰਨ ਹਵਾਲਾ ਇੰਡੈਕਸ ਸੰਭਾਲਣ, ਨਵੇਂ ਪ੍ਰਾਜੈਕਟ ਲੈਣ ਜਾਂ ਪੂੰਜੀਪਤੀਆਂ ਨਾਲ ਤਾਲਮੇਲ ਕਰਨ ਦਾ ਲਗਾਤਾਰ ਦਬਾਅ ਬਣਾਇਆ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਢੁੱਕਵੀ ‘ਪਲੇਸਮੈਂਟ’ ਮਿਲੇ, ਤਾਂ ਉੱਥੇ ਇੱਕ ਪ੍ਰੋਫੈਸਰ ਅਤੇ ਇੱਕ ਸੇਲਜ਼ਮੈਨ ਵਿਚਾਲੇ ਕੋਈ ਜ਼ਿਆਦਾ ਫ਼ਰਕ ਨਹੀਂ ਰਹਿ ਜਾਂਦਾ।
ਤੇ ਆਖਰ ’ਚ, ਰੈਂਕਿੰਗ ਏਜੰਸੀਆਂ ਇਹ ਸਮਝਣ ’ਚ ਸ਼ਾਇਦ ਹੀ ਕਦੇ ਦਿਲਚਸਪੀ ਲੈਂਦੀਆਂ ਹੋਣਗੀਆਂ ਕਿ ਜਿਸ ਮਿਆਰ ਦੀ ਸਿੱਖਿਆ ਨੌਜਵਾਨ ਲੈ ਰਹੇ ਹਨ, ਕੀ ਉਹ ਉਨ੍ਹਾਂ ’ਚ ਕੋਈ ਬਦਲਾਅ ਵੀ ਲਿਆ ਰਹੀ ਹੈ ਜਾਂ ਨਹੀਂ, ਉਨ੍ਹਾਂ ’ਚ ਮਾਨਵਵਾਦੀ/ਅਧਿਆਤਮਕ ਭਾਵ ਪੈਦਾ ਕਰ ਰਹੀ ਹੈ ਜਾਂ ਨਹੀਂ, ਉਨ੍ਹਾਂ ਨੂੰ ਜੰਗਾਂ, ਨਫ਼ਰਤੀ ਰਾਸ਼ਟਰਵਾਦ, ਖੁੱਲ੍ਹੀ ਮੰਡੀ ਦੇ ਕੱਟੜਵਾਦ ਤੇ ਵਿਨਾਸ਼ਕ ਵਿਕਾਸਵਾਦ ਦਾ ਵਿਰੋਧ ਕਰਨ ਲਈ ਪ੍ਰੇਰਿਤ ਕਰਦੀ ਹੈ ਜਾਂ ਨਹੀਂ ਤੇ ਕੀ ਇਸ ਕਸ਼ਟ ਝੱਲ ਰਹੇ ਸੰਸਾਰ ’ਚ ਇਹ ਉਨ੍ਹਾਂ ਨੂੰ ਢੁੱਕਵੇਂ ਗਿਆਨ, ਹੁਨਰਾਂ ਤੇ ਰਾਜਨੀਤਕ-ਇਖਲਾਕੀ ਭਾਵਾਂ ਨਾਲ ਲੈਸ ਕਰਦੀ ਹੈ। ਇੱਕ ‘ਟੌਪ ਰੈਂਕ’ ਯੂਨੀਵਰਸਿਟੀ ਜ਼ਰੂਰੀ ਨਹੀਂ ਕਿ ‘ਚੰਗੀ’ ਯੂਨੀਵਰਸਿਟੀ ਵੀ ਹੋਵੇ। ‘ਚੰਗੇ’ ਹੋਣ ਤੋਂ ਮੇਰਾ ਤੇ ਤੁਹਾਡਾ ਮਤਲਬ ਹੈ, ਜਾਗ੍ਰਿਤ ਸੋਝੀ, ਸਨੇਹ ਤੇ ਦੇਖਭਾਲ ਦੇ ਸਦਾਚਾਰ ਨਾਲ ਗਿਆਨ ਦੀ ਕਾਸ਼ਤ ਕਰਨਾ।
ਕਿੰਤੂ, ਇਨ੍ਹਾਂ ਅਕਾਦਮਿਕ ਨੌਕਰਸ਼ਾਹਾਂ ਤੇ ਉਨ੍ਹਾਂ ਦੇ ਨਵ-ਉਦਾਰਵਾਦੀ ਮਾਲਕਾਂ ਨੂੰ ਕੌਣ ਦੱਸੇਗਾ ਕਿ ਪ੍ਰਕਾਸ਼ਨਾਂ, ਪੇਟੈਂਟਾਂ, ਕੌਮਾਂਤਰੀ ਕਾਨਫਰੰਸਾਂ ਤੇ ਪਲੇਸਮੈਂਟ ਬਿਰਤਾਂਤਾਂ ਦੀਆਂ ਗਿਣਤੀਆਂ-ਮਿਣਤੀਆਂ ਤੋਂ ਪਰ੍ਹੇ ਵੀ ਸਿੱਖਿਆ ਪ੍ਰਣਾਲੀ ਵਿਚ ਬਹੁਤ ਕੁਝ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।