ਰਿਹਾਇਸ਼ੀ ਇਲਾਕੇ ’ਚ ਚੱਲਦੀ ਫੈਕਟਰੀ ਨੇ ਨਿਯਮਾਂ ਦਾ ਧੂੰਆਂ ਕੱਢਿਆ
ਗੁਰਿੰਦਰ ਸਿੰਘ
ਲੁਧਿਆਣਾ, 5 ਨਵੰਬਰ
ਇੱਥੇ ਗਊਸ਼ਾਲਾ ਰੋਡ ’ਤੇ ਹੌਜ਼ਰੀ ਫੈਕਟਰੀ ਨੂੰ ਅੱਗ ਲੱਗਣ ਕਾਰਨ ਹੋਈ ਇੱਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀ ਹੌਜ਼ਰੀ ਫੈਕਟਰੀ ਦੇ ਮਾਲਕ ਵੱਲੋਂ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ।
ਗਊਸ਼ਾਲਾ ਰੋਡ ਸਥਤਿ ਮੁਹੱਲਾ ਹਰਬੰਸਪੁਰਾ ਵਿੱਚ ਰਹਿੰਦੇ ਕਈ ਲੋਕਾਂ ਵੱਲੋਂ ਘਰ ਦੀ ਗਰਾਊਂਡ ਫਲੋਰ ’ਤੇ ਫੈਕਟਰੀਆਂ ਲਗਾਈਆਂ ਹੋਈਆਂ ਹਨ ਜਦਕਿ ਪਹਿਲੀ ਤੇ ਦੂਜੀ ਮੰਜ਼ਿਲ ’ਤੇ ਉਨ੍ਹਾਂ ਦੀ ਰਿਹਾਇਸ਼ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਸ਼ੱਕ ਕਈ ਵਾਰ ਘਰੇਲੂ ਇਲਾਕਿਆਂ ਵਿੱਚ ਲੱਗੀ ਇੰਡਸਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ ਪਰ ਨੋਟਿਸ ਤੋਂ ਅੱਗੇ ਕੋਈ ਕਾਰਵਾਈ ਨਾ ਹੋਣ ਕਾਰਨ ਮਾਮਲਾ ਵਿੱਚ ਹੀ ਦੱਬ ਕੇ ਰਹਿ ਜਾਂਦਾ ਹੈ।
ਸਬ ਫਾਇਰ ਅਫਸਰ ਆਤਿਸ਼ ਰਾਏ ਨੇ ਦੱਸਿਆ ਕਿ ਅੱਗ ਸਿਰਫ਼ ਹੇਠਲੀ ਮੰਜ਼ਿਲ ’ਤੇ ਲੱਗੀ ਸੀ ਜਿੱਥੇ ਹੌਜ਼ਰੀ ਲੱਗੀ ਹੋਈ ਹੈ ਅਤੇ ਇਸ ਦਾ ਧੂੰਆਂ ਅਤੇ ਹੁਮਸ ਦੂਜੀਆਂ ਮੰਜ਼ਿਲਾਂ ’ਤੇ ਪੁੱਜਣ ਕਾਰਨ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਜਦਕਿ ਦੋ ਹੋਰ ਵਿਅਕਤੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਤੁਰੰਤ ਹੀ ਇਸ ’ਤੇ ਕਾਬੂ ਪਾ ਲਿਆ ਹਾਲਾਂਕਿ ਹੌਜ਼ਰੀ ਦੇ ਮਾਲਕ ਸਮੇਤ ਤਿੰਨ ਵਿਅਕਤੀ ਫੈਕਟਰੀ ਦੀ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਫਸੇ ਹੋਏ ਸਨ। ਪੌੜੀਆਂ ਦੇ ਤਾਲੇ ਲੱਗੇ ਹੋਣ ਕਾਰਨ ਅੱਗ ਬੁਝਾਊ ਅਮਲੇ ਨੂੰ ਉੱਪਰੋਂ ਅੰਦਰ ਜਾਣ ਲਈ ਤਾਲੇ ਤੋੜਨੇ ਪਏ। ਉਪਰੋਂ ਤਿੰਨ ਵਿਅਕਤੀ ਬੇਹੋਸ਼ ਪਏ ਸਨ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਜਿਾਇਆ ਗਿਆ।
ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 3 ਦੇ ਥਾਣਾ ਮੁਖੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਫੈਕਟਰੀ ਮਾਲਕ ਮੋਹਨ ਲਾਲ ਧੀਰੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਸੁੱਤੇ ਪਏ ਸਨ ਜਦਕਿ ਉਸ ਦੇ ਦੋ ਕਿਰਾਏਦਾਰ ਸਬਦਲ ਸਿੰਘ ਨਾਇਕ ਅਤੇ ਉਸ ਦਾ ਭਰਾ ਮੰਗਲ ਸਿੰਘ ਦੂਜੀ ਮੰਜ਼ਿਲ ’ਤੇ ਸੁੱਤੇ ਹੋਏ ਸਨ। ਜਦੋਂ ਅੱਗ ਲੱਗੀ, ਤਾਂ ਮਾਲਕ ਅਤੇ ਕਿਰਾਏਦਾਰਾਂ ਨੇ ਦਮ ਘੁੱਟਣ ਮਹਿਸੂਸ ਕੀਤਾ ਅਤੇ ਧੂੰਏਂ ਵਿੱਚ ਸਾਹ ਲੈਂਦੇ ਹੋਏ ਬੇਹੋਸ਼ ਹੋ ਗਏ। ਐੱਸਐੱਚਓ ਨੇ ਅੱਗੇ ਦੱਸਿਆ ਕਿ ਸਬਦਾਲ ਸਿੰਘ ਨੂੰ ਡਾਕਟਰਾਂ ਨੇ ਮ੍ਰਤਿਕ ਘੋਸ਼ਤਿ ਕਰ ਦਿੱਤਾ ਸੀ ਜਦੋਂ ਕਿ ਦੋ ਹੋਰਾਂ ਦੀ ਵੀ ਗੰਭੀਰ ਹਾਲਤ ਸੀ ਜਦੋਂ ਉਨ੍ਹਾਂ ਨੂੰ ਹਸਪਤਾਲ ਲਜਿਾਇਆ ਗਿਆ। ਉਨ੍ਹਾਂ ਦੱਸਿਆ ਕਿ ਅਜੇ ਤੱਕ ਮ੍ਰਤਿਕ ਦੇ ਵਾਰਸਾਂ ਨੇ ਫੈਕਟਰੀ ਮਾਲਕ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਅਤੇ ਸ਼ਿਕਾਇਤ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਚੱਲ ਰਹੀਆਂ ਫੈਕਟਰੀਆਂ ਦੇ ਮਾਲਕਾਂ ਨੂੰ ਖ਼ਤਰੇ ਵਾਲੀ ਹਾਲਤ ਦਾ ਸਾਹਮਣਾ ਕਰਨ ਲਈ ਪੂਰੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਪਰ ਕਈ ਵਾਰ ਲੋਕ ਢਿੱਲਮੱਠ ਵਰਤ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਾਈ ਜਾਵੇਗੀ।