‘ਆਪ’ ਵਿਧਾਇਕ ਦੇ ਪੁੱਤਰ ਤੇ ਪਾਰਟੀ ਦੇ ਸਰਕਲ ਪ੍ਰਧਾਨ ਦੀ ਫੇਸਬੁੱਕ ਆਈਡੀ ਹੈੱਕ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 4 ਨਵੰਬਰ
ਮੁਹਾਲੀ ਤੋਂ ਆਮ ਆਦਮੀ ਪਾਰਟੀਦੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਅਤੇ ਪਾਰਟੀ ਦੇ ਸਰਕਲ ਪ੍ਰਧਾਨ ਤੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਦੇ ਫੇਸਬੁੱਕ ਅਕਾਊਂਟ ਸ਼ਰਾਰਤੀ ਅਨਸਰਾਂ ਨੇ ਹੈੱਕ ਕਰ ਲਏ ਹਨ। ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਫੇਸਬੁੱਕ ਖਾਤੇ ’ਤੇ ਅਸ਼ਲੀਲ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸਰਬਜੀਤ ਸਿੰਘ ਸਮਾਣਾ ਅਤੇ ਸਰਕਲ ਪ੍ਰਧਾਨ ਆਰਪੀ ਸ਼ਰਮਾ ਨੇ ਪੰਜਾਬ ਪੁਲੀਸ ਦੇ ਸਾਈਬਰ ਅਪਰਾਧ ਸੈੱਲ ਵਿੱਚ ਵੱਖੋ-ਵੱਖਰੀਆਂ ਲਿਖਤੀ ਸ਼ਿਕਾਇਤਾਂ ਦੇ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਨੇ ਉਸ ਦੀ ਫੇਸਬੁੱਕ ਆਈਡੀ ਹੈੱਕ ਕਰ ਲਈ ਹੈ ਅਤੇ ਹੁਣ ਸ਼ਰਾਰਤ ਅਨਸਰਾਂ ਵੱਲੋਂ ਉਸ ਦੇ ਨਿੱਜੀ ਫੇਸਬੁੱਕ ਅਕਾਊਂਟ ’ਤੇ ਅਸ਼ਲੀਲ ਵੀਡੀਓਜ਼ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਅਪਲੋਡ ਕਰ ਕੇ ਉਸ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ‘ਆਪ’ ਦੇ ਸਰਕਲ ਪ੍ਰਧਾਨ ਆਰ.ਪੀ. ਸ਼ਰਮਾ ਨੇ ਕਿਹਾ ਕਿ ਉਸ ਦੀ ਹੈੱਕ ਕੀਤੀ ਫੇਸਬੁੱਕ ਆਈਡੀ ਤੋਂ ਵੀ ਸੋਸ਼ਲ ਮੀਡੀਆ ’ਤੇ ਅਸ਼ਲੀਲ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਕਿਸੇ ਜਾਅਲੀ ਫੇਸਬੁੱਕ ਆਈਡੀਜ਼ ਤੋਂ ਅਪਲੋਡ ਹੋਣ ਵਾਲੀਆਂ ਪੋਸਟਾਂ ਨੂੰ ਤਵੱਜੋ ਨਾ ਦੇਣ ਅਤੇ ਜੇਕਰ ਕੋਈ ਪੈਸਿਆਂ ਦੀ ਵੀ ਮੰਗ ਕਰਦਾ ਹੈ ਤਾਂ ਆਨਲਾਈਨ ਠੱਗੀ ਤੋਂ ਬਚਿਆ ਜਾਵੇ।