ਪਰਵਾਸੀ ਸਿੱਖਾਂ ਦੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ਬਾਰੇ ਹੋਣ ਵਾਲੇ ਫੈਸਲੇ ’ਤੇ ਟਿਕੀਆਂ
ਪਾਲ ਸਿੰਘ ਨੌਲੀ
ਜਲੰਧਰ, 18 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਬਾਅਦ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਕਿਹੋ ਜਿਹਾ ਫੈਸਲਾ ਕਰਦੇ ਹਨ। ਸੁਖਬੀਰ ਸਿੰਘ ਬਾਦਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਹ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਰੋਮ-ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਤੇ ਉਹ ਨਿਮਾਣੇ ਸਿੱਖ ਵੱਜੋਂ ਪੇਸ਼ ਹੋਣਗੇ। ਬਹੁ ਗਿਣਤੀ ਸਿੱਖਾਂ ਦਾ ਮੰਨਣਾ ਸੀ ਕਿ ਸਿੰਘ ਸਾਹਿਬਾਨ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਕਰਦੀ ਹੈ ਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਦੇ ਕੰਟਰੋਲ ਵਿੱਚ ਮੰਨੀ ਜਾਂਦੀ ਹੈ। ਸਿੱਖਾਂ ਦਾ ਇੱਕ ਧੜਾ ਇਹ ਵੀ ਸੋਚ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਵੀ ਮੌਕਾ ਹੈ ਜਿਸ ਨੂੰ ਅਜਾਈਂ ਨਹੀਂ ਗੁਆੳਣਾ ਨਹੀਂ ਚਾਹੀਦਾ।
ਇੰਗਲੈਂਡ ਤੋਂ ਗਰਮਖਿਆਲੀਆਂ ਵਿੱਚ ਸ਼ਾਮਿਲ ਰਹੇ ਲਵਸ਼ਿੰਦਰ ਸਿੰਘ ਡੱਲਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਜੋ ਫੈਸਲਾ ਕੀਤਾ ਜਾਣਾ ਹੈ ਉਹ ਸਿੱਖ ਕੌਮ ਦੇ ਮਨਾਂ ਵਿੱਚ ਪਹਿਲਾਂ ਹੀ ਹੈ। ਉਨ੍ਹਾਂ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ। ਅਮਰੀਕਾ ਦੇ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਕੋਲ ਬਹੁਤ ਵਧੀਆ ਮੌਕਾ ਹੈ ਜਦੋਂ ਉਹ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੀ ਭੂਮਿਕਾ ਵਿੱਚ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਅਕਾਲੀ ਫੂਲਾ ਸਿੰਘ ਹੀ ਸਨ ਜਿਨ੍ਹਾਂ ਨੇ ਉਸ ਵੇਲੇ ਦੇ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ। ਕੈਨੇਡਾ, ਆਸਟ੍ਰੇਲੀਆ, ਫਰਾਂਸ ਤੇ ਜਰਮਨੀ ਸਮੇਤ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ਬਾਰੇ ਹੋਣ ਵਾਲੇ ਫੈਸਲੇ `ਤੇ ਟਿੱਕੀਆਂ ਹੋਈਆਂ ਹਨ।