For the best experience, open
https://m.punjabitribuneonline.com
on your mobile browser.
Advertisement

ਸੱਤਾ ਦਾ ਸੁੱਖ ਭੋਗਣ ਵਾਲੀ ਜੇਜੇਪੀ ਦੀ ਹੋਂਦ ਖ਼ਤਰੇ ’ਚ

08:07 AM Aug 24, 2024 IST
ਸੱਤਾ ਦਾ ਸੁੱਖ ਭੋਗਣ ਵਾਲੀ ਜੇਜੇਪੀ ਦੀ ਹੋਂਦ ਖ਼ਤਰੇ ’ਚ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 23 ਅਗਸਤ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਰਾਜਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਾਲ 2019 ਵਿੱਚ ਭਾਜਪਾ ਨਾਲ ਰਲ ਕੇ ਸਰਕਾਰ ਬਣਾਉਣ ਵਾਲੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਆਪਣੀ ਹੋਂਦ ਬਚਾਉਣ ਲਈ ਲੜਾਈ ਲੜਨੀ ਪੈ ਰਹੀ ਹੈ। ਜੇਜੇਪੀ ਦੇ ਹੁਣ ਤੱਕ 10 ਵਿੱਚੋਂ 6 ਵਿਧਾਇਕ ਪਾਰਟੀ ਛੱਡ ਚੁੱਕੇ ਹਨ।
ਪਾਰਟੀ ਕੋਲ ਹੁਣ ਸਿਰਫ਼ ਚਾਰ ਵਿਧਾਇਕ ਹੀ ਬਚੇ ਹਨ ਜਿਨ੍ਹਾਂ ਵਿੱਚ ਦੋ ਵਿਧਾਇਕ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਉਚਾਣਾ ਤੋਂ ਵਿਧਾਇਕ ਦੁਸ਼ਿਅੰਤ ਚੌਟਾਲਾ , ਬਡਾਲਾ ਤੋਂ ਵਿਧਾਇਕਾ ਨੈਨਾ ਚੌਟਾਲਾ (ਦੁਸ਼ਿਅੰਤ ਦੇ ਮਾਤਾ), ਜੁਲਾਨਾ ਤੋਂ ਵਿਧਾਇਕ ਅਮਰਜੀਤ ਢਾਂਡਾ ਅਤੇ ਨਾਰਨੌਂਦ ਤੋਂ ਵਿਧਾਇਕ ਰਾਮਕੁਮਾਰ ਗੌਤਮ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਜਨ ਨਾਇਕ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਤੇ ਦੁਸ਼ਿਅੰਤ ਚੌਟਾਲਾ ਨੇ ਸਾਲ 2018 ਵਿੱਚ ਪਾਰਟੀ ਬਣਾਈ ਸੀ ਜਿਸ ਨੇ ਇਕ ਸਾਲ ਦੀ ਮਿਹਨਤ ਨਾਲ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ 90 ਵਿੱਚੋਂ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਇਸ ਦੌਰਾਨ ਭਾਜਪਾ 40 ਤੇ ਕਾਂਗਰਸ 30 ਨੇ ਸੀਟਾਂ ਜਿੱਤੀਆਂ ਸਨ। ਭਾਜਪਾ ਕੋਲ ਬਹੁਮਤ ਨਾ ਹੋਣ ’ਤੇ ਜੇਜੇਪੀ ਨੇ ਭਾਜਪਾ ਦੀ ਹਮਾਇਤ ਕੀਤੀ ਅਤੇ ਦੋਵਾਂ ਨੇ ਗੱਠਜੋੜ ਸਰਕਾਰ ਬਣਾਈ। ਭਾਜਪਾ ਦੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਤੇ ਜੇਜੇਪੀ ਦੇ ਦੁਸ਼ਿਅੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ।
ਹਾਲ ਹੀ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿੱਚ ਮਤਭੇਦ ਪੈਦਾ ਹੋ ਗਏ ਅਤੇ ਜੇਜੇਪੀ ਨੇ ਭਾਜਪਾ ਤੋਂ ਨਾਤਾ ਤੋੜ ਲਿਆ। ਜੇਜੇਪੀ ਨੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਇਕੱਲਿਆਂ ਲੜੀਆਂ ਪਰ ਉਸ ਦੇ ਪੱਲੇ ਕੁਝ ਨਾ ਪਿਆ।
ਹੁਣ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਜੇਜੇਪੀ ਦੇ ਵਿਧਾਇਕ ਰੇਤ ਵਾਂਗ ਕਿਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇੱਕ ਹੋਰ ਵਿਧਾਇਕ ਪਾਰਟੀ ਛੱਡ ਸਕਦਾ ਹੈ। ਦੂਜੇ ਪਾਸੇ ਇਨੈਲੋ ਤੇ ਬਸਪਾ ਸਾਂਝੇ ਤੌਰ ’ਤੇ ਵਿਧਾਨ ਸਭਾ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ। ਦੱਸਣਯੋਗ ਹੈ ਕਿ ਹਰਿਆਣਾ ਵਿੱਚ ਪਹਿਲੀ ਅਕਤੂਬਰ ਨੂੰ ਵੋਟਾਂ ਪੈਣਗੀਆਂ।

Advertisement

ਪਾਰਟੀ ਛੱਡਣ ਵਾਲਿਆਂ ਦੀ ਕੋਈ ਪਰਵਾਹ ਨਹੀ: ਅਜੈ ਚੌਟਾਲਾ

ਜੇਜੇਪੀ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਨੂੰ ਛੱਡਣ ਵਾਲਿਆਂ ਦੀ ਪਾਰਟੀ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਜੇਪੀ ਸੰਘਰਸ਼ ਕਰਨ ਵਾਲੀ ਪਾਰਟੀ ਹੈ ਅਤੇ ਉਹ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਸ੍ਰੀ ਚੌਟਾਲਾ ਨੇ ਵਿਧਾਨ ਸਭਾ ਚੋਣਾਂ ਵਿੱਚ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ।

Advertisement

Advertisement
Author Image

sukhwinder singh

View all posts

Advertisement