ਵੰਨ-ਸੁਵੰਨਤਾ ਦੀ ਮਿਸਾਲ ਬਣਿਆ ਪ੍ਰਦਰਸ਼ਨੀ ਮੈਚ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਗਸਤ
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ (ਬੀਡੀਐੱਚਸੀ) ਚੰਡੀਗੜ੍ਹ ਦੀ ਕ੍ਰਿਕਟ ਟੀਮ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਕ੍ਰਿਕਟ ਸਟੇਡੀਅਮ ਵਿੱਚ ਡੀਏਵੀ ਕਾਲਜ ਦੀ ਐਲੂਮਨੀ ਟੀਮ ਖ਼ਿਲਾਫ਼ ਪ੍ਰਦਰਸ਼ਨੀ ਮੈਚ ਖੇਡਿਆ। ਵੰਨ-ਸੁਵੰਨਤਾ ਤੇ ਸਾਰਿਆਂ ਦੀ ਸ਼ਮੂਲੀਅਤ ਦੀ ਉਤਸ਼ਾਹਪੂਰਨ ਮਿਸਾਲ ਬਣਿਆ ਇਹ ਮੈਚ ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ। ਮੈਚ ਰਾਹੀਂ ਨਸ਼ਿਆਂ ਖਿਲਾਫ਼ ਲੜਾਈ ਦਾ ਸਮਾਜਿਕ ਸੁਨੇਹਾ ਦਿੱਤਾ ਗਿਆ। ਬੀਡੀਐੱਚਸੀ ਚੰਡੀਗੜ੍ਹ ਟੀਮ ਦੀ ਅਗਵਾਈ ਮਹਿਲਾ ਸਹਿਕਰਮੀ ਨੇ ਕੀਤੀ, ਜਦੋਂ ਕਿ ਟਰਾਂਸਪੋਰਟ ਵਿਭਾਗ ਦੇ ਸਹਿਕਰਮੀ ਨੇ ਉਪ ਕਪਤਾਨ ਦੀ ਭੂਮਿਕਾ ਨਿਭਾਈ। ਹਾਈ ਕਮਿਸ਼ਨ ਦੇ ਸਾਰੇ ਸੈਕਸ਼ਨਾਂ ਦੇ ਮੈਂਬਰਾਂ ਨੇ ਮੈਚ ਵਿੱਚ ਹਿੱਸਾ ਲਿਆ। ਮੈਚ ਦੌਰਾਨ ਹਾਈ ਕਮਿਸ਼ਨ ਦੇ ਕਰਮਚਾਰੀਆਂ ਦੇ ਪਰਿਵਾਰ ਵੀ ਹਾਜ਼ਰ ਸਨ। ਡਿਪਟੀ ਹੈੱਡ ਆਫ ਮਿਸ਼ਨ, ਅਮਨ ਗਰੇਵਾਲ, ਜਿਨ੍ਹਾਂ ਖੁਦ ਵੀ ਇਹ ਮੈਚ ਖੇਡਿਆ, ਨੇ ਇਸ ਸ਼ਾਨਦਾਰ ਪਹਿਲਕਦਮੀ ਲਈ ਆਯੋਜਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਯਕੀਨ ਦਿਵਾਇਆ ਕਿ ਡਿਪਟੀ ਹਾਈ ਕਮਿਸ਼ਨ ਭਵਿੱਖ ਵਿੱਚ ਵੀ ਅਜਿਹੇ ਨੇਕ ਕਾਰਜਾਂ ਵਿਚ ਸਹਿਯੋਗ ਜਾਰੀ ਰੱਖੇਗਾ।