ਅੰਬਾਲਾ ਕੈਂਟ ਵਿਚ ਦੋ ਨਵੇਂ ਰੂਟਾਂ ’ਤੇ ਮਿੰਨੀ ਬੱਸਾਂ ਚਲਾਉਣ ਦੀ ਕਵਾਇਦ ਸ਼ੁਰੂ
ਰਤਨ ਸਿੰਘ ਢਿੱਲੋਂ
ਅੰਬਾਲਾ, 3 ਨਵੰਬਰ
ਲੋਕਲ ਬੱਸ ਸੇਵਾ ਤਹਿਤ ਹਰਿਆਣਾ ਰੋਡਵੇਜ਼ ਵਿਭਾਗ ਨੇ ਅੰਬਾਲਾ ਕੈਂਟ ਵਿਚ ਦੋ ਨਵੇਂ ਰੂਟਾਂ ’ਤੇ ਮਿੰਨੀ ਬੱਸਾਂ ਚਲਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ਨਿਚਰਵਾਰ ਨੂੰ ਨਨਹੇੜਾ ਰੂਟ ’ਤੇ ਪਹਿਲਾ ਟਰਾਇਲ ਲਿਆ ਗਿਆ। ਇਸ ਦੌਰਾਨ ਲੋਕਲ ਬੱਸ, ਬੱਸ ਸਟੈਂਡ ਤੋਂ ਚੱਲ ਕੇ ਐਸ.ਡੀ.ਕਾਲਜ, ਸੁਭਾਸ਼ ਪਾਰਕ, ਆਲੂ ਗੋਦਾਮ, 12 ਕਰਾਸ ਰੋਡ, ਨਨਹੇੜਾ ਓਵਰਬ੍ਰਿਜ ਤੋਂ ਹੁੰਦੀ ਹੋਈ ਰੰਗੀਆਂ ਮੰਡੀ ਰਾਹੀਂ ਬੱਸ ਸਟੈਂਡ ਵਾਪਸ ਪਹੁੰਚੀ। ਹਾਲਾਂਕਿ ਇਹ ਅਜ਼ਮਾਇਸ਼ ਸਫਲ ਰਹੀ ਪਰ ਇਸ ਬਾਰੇ ਫ਼ੈਸਲਾ ਆਉਣਾ ਅਜੇ ਬਾਕੀ ਹੈ।
ਦੂਜਾ ਟਰਾਇਲ ਬੱਸ ਸਟੈਂਡ ਤੋਂ ਡੀਆਰਐਮ ਦਫ਼ਤਰ, ਸ਼ਾਹਪੁਰ ਅੰਡਰ ਬ੍ਰਿਜ ਵਾਇਆ ਮਛੌਂਡਾ, ਸੁੰਦਰ ਨਗਰ, ਚੰਦਰਪੁਰੀ ਤੱਕ ਸੀ। ਇਸ ਦੌਰਾਨ ਚੰਦਰਪੁਰੀ ਵਿੱਚ ਸੜਕ ਵਿਚਕਾਰ ਲੋਹੇ ਦੇ ਗਾਡਰ ਕਾਰਨ ਮਿੰਨੀ ਬੱਸ ਨੂੰ ਅੱਗੇ ਵਧਣ ਵਿੱਚ ਦਿੱਕਤ ਆਈ ਜਿਸ ਕਰਕੇ ਇਹ ਅਜ਼ਮਾਇਸ਼ ਸਫਲ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਦੋਹਾਂ ਰੂਟਾਂ ’ਤੇ ਦੁਬਾਰਾ ਟਰਾਇਲ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਵੇਲੇ ਵਿਭਾਗ ਵੱਲੋਂ ਚਾਰ ਰੂਟਾਂ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ।