ਕਸਰਤ ਨੇ ਰਵਿੰਦਰ ਨੂੰ ਵ੍ਹੀਲ ਚੇਅਰ ਤੋਂ ਖੜ੍ਹਾ ਕੀਤਾ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਨਵੰਬਰ
ਹੌਸਲੇ ਬੁਲੰਦ ਹੋਣ ਤਾਂ ਹਰ ਮੰਜ਼ਿਲ ਸਰ ਕੀਤੀਆਂ ਜਾ ਸਕਦੀ ਹੈ। ਅਜਿਹੀ ਮਿਸਾਲ ਮਾਛੀਵਾੜਾ ਦੀ ਇੰਦਰਾ ਕਲੋਨੀ ਦੇ ਵਸਨੀਕ ਰਵਿੰਦਰ ਸਿੰਘ ਨੇ ਪੇਸ਼ ਕੀਤੀ ਹੈ। ਰਵਿੰਦਰ ਸਿੰਘ ਬਚਪਨ ਤੋਂ ਹੀ ਲੱਤਾਂ ਕਮਜ਼ੋਰ ਹੋਣ ਕਾਰਨ ਤੁਰਨ ਫਿਲਮ ਤੋਂ ਅਸਮਰੱਥ ਹੈ ਪਰ ਜਦੋਂ ਉਸ ਨੂੰ ਰੋਜ਼ ਖੇਡ ਮੈਦਾਨ ਵਿੱਚ ਨੌਜਵਾਨ ਕਸਰਤ ਕਰਦਿਆਂ ਵੇਖਦੇ ਹਨ ਤਾਂ ਰਵਿੰਦਰ ਦੇ ਬੁਲੰਦ ਹੌਸਲੇ ਨੂੰ ਸਲਾਮ ਕਰਦੇ ਹਨ।
ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਵੀਲ੍ਹ ਚੇਅਰ ਦੀ ਵਰਤੋਂ ਕਰ ਰਿਹਾ ਹੈ। ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਲੌਕਡਾਊਨ ਦੌਰਾਨ ਉਸ ਦੇ ਦੋਸਤ ਸਤਨਾਮ ਸਿੰਘ ਨੇ ਹੌਸਲਾ ਦਿੱਤਾ ਕਿ ਉਹ ਕਲੋਨੀ ਸਾਹਮਣੇ ਬਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਆ ਕੇ ਕਸਰਤ ਕਰਿਆ ਕਰੇ। ਸ਼ੁਰੂਆਤ ’ਚ ਉਸ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੌਲੀ ਹੌਲੀ ਪਹਿਲਾਂ ਉਸ ਨੇ ਵੀਲ੍ਹ ਚੇਅਰ ਛੱਡ ਕੇ ਡਬਲ ਟਾਇਰ ਵਾਲੇ ਸਟੈਂਡ ਨਾਲ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਤੇ ਫਿਰ ਖੇਡ ਮੈਦਾਨ ’ਚ ਆ ਕੇ ਕਸਰਤ ਵੀ ਕਰਨ ਲੱਗਿਆ।ਰਵਿੰਦਰ ਨੇ ਦੱਸਿਆ ਕਿ ਸਤਨਾਮ ਨੇ ਉਸ ਨੂੰ ਹੌਸਲਾ ਦਿੱਤਾ ਸੀ ਕਿ ਕਸਰਤ ਦੌਰਾਨ ਉਹ ਉਸ ਨੂੰ ਕਦੇ ਡਿੱਗਣ ਨਹੀਂ ਦੇਵੇਗਾ। ਹੌਲੀ ਹੌਲੀ ਰਵਿੰਦਰ ਨੇ ਕਸਰਤ ਸ਼ੁਰੂ ਕੀਤੀ ਤੇ ਕੁਝ ਸਮੇਂ ਬਾਅਦ ਦੋ ਸੋਟੀਆਂ ਨਾਲ ਤੁਰਨਾ ਸ਼ੁਰੂ ਕੀਤਾ। ਹੁਣ ਰਵਿੰਦਰ ਸਿਰਫ਼ ਇੱਕ ਸੋਟੀ ਦੀ ਮਦਦ ਨਾਲ ਰੋਜ਼ਾਨਾ ਖੇਡਾ ਮੈਦਾਨ ਜਾਂਦਾ ਹੈ ਤੇ ਕਸਰਤ ਕਰਦਾ ਹੈ।
ਰਵਿੰਦਰ ਸਿੰਘ ਨੇ ਕਿਹਾ ਕਿ ਕਸਰਤ ਕਰਨ ਨਾਲ ਨਾ ਸਿਰਫ਼ ਉਹ ਤੰਦਰੁਸਤ ਹੋਇਆ ਹੈ, ਸਗੋਂ ਹੁਣ ਉਹ ਪਹਿਲਾਂ ਨਾਲੋਂ ਕਿਤੇ ਵੱਧ ਆਪਣੇ ਆਪ ’ਤੇ ਨਿਰਭਰ ਕਰ ਸਕਦਾ ਹੈ ਤੇ 99 ਫੀਸਦ ਕੰਮਾਂ ਵਿੱਚ ਕਿਸੇ ਦੂਸਰੇ ਵਿਅਕਤੀ ਦੀ ਮਦਦ ਨਹੀਂ ਲੈਣੀ ਪੈਂਦੀ। ਰਵਿੰਦਰ ਸਰਕਾਰੀ ਨੌਕਰੀ ਲਈ ਵੀ ਅਪਲਾਈ ਕਰ ਰਿਹਾ ਹੈ ਪਰ ਹਾਲੇ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ ਹੈ। ਰਵਿੰਦਰ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਰੀਰ ਤੰਦਰੁਸਤ ਰੱਖਣ ਲਈ ਰੋਜ਼ਾਨਾ ਕਸਰਤ ਕਰਨ ਤੇ ਨਸ਼ਿਆਂ ਦੀ ਥਾਂ ਕਸਰਤ ਵੱਲ ਧਿਆਨ ਲਾ ਕੇ ਆਪਣਾ ਭਵਿੱਖ ਸਵਾਰਨ।