ਕਾਲਜੀਏਟ ਹੋਣ ਦਾ ਸਬਬ
ਜਗਵਿੰਦਰ ਜੋਧਾ
ਬਾਰ੍ਹਵੀਂ ਦਾ ਨਤੀਜਾ ਆਇਆ ਤਾਂ ਮੈਂ ਪਿੰਡ ਦੇ ਸਰਕਾਰੀ ਸਕੂਲ ਦੀ ਆਪਣੀ ਜਮਾਤ ‘ਚੋਂ ਅੱਵਲ ਰਿਹਾ ਸਾਂ। ਕੁੱਲ ਮਿਲਾ ਕੇ ਚੰਗੇ ਨੰਬਰ ਆਏ ਸਨ। ਮੇਰੀ ਮਾਤਾ ਨੇ ਲੱਡੂਆਂ ਦੇ ਦੋ ਡੱਬੇ ਮੰਗਵਾ ਕੇ ਆਂਢ-ਗੁਆਂਢ ਦੇ ਘਰਾਂ ਵਿਚ ਵੰਡੇ। ਮੈਨੂੰ ਇਸ ਗੱਲ ਦਾ ਖਾਸਾ ਚਾਅ ਜਿਹਾ ਸੀ ਪਰ ਇਹ ਚਾਅ ਦੋ ਕੁ ਦਿਨ ਹੀ ਰਿਹਾ। ਨਤੀਜਾ ਆਉਣ ਤੋਂ ਤਿੰਨ ਚਾਰ ਦਿਨ ਬਾਅਦ ਬਾਪੂ ਨੇ ਝੋਨੇ ਦੀ ਲਵਾਈ ਲਈ ਪਾਣੀ ਮੋੜ ਦਿੱਤਾ। ਇਸ ਵਾਰ ਉਸ ਨਾਲ ਕੋਈ ਬੰਦਾ ਵੀ ਨਹੀਂ ਸੀ। ਲਿਹਾਜ਼ਾ ਮੇਰੇ ਬੁਰੇ ਦਿਨ ਸ਼ੁਰੂ ਹੋ ਗਏ। ਬਾਪੂ ਬਲਦਾਂ ਨਾਲ ਰੋਜ਼ ਚਾਰ ਕਨਾਲ ਕੱਦੂ ਕਰਦਾ। ਉਦੋਂ ਤਕ ਮੈਂ ਹਲਵਾਈ ਦੀ ਦੁਕਾਨ ‘ਤੇ ਦੁੱਧ ਪਾ ਕੇ ਆਉਂਦਾ ਤੇ ਪੱਠੇ ਵੱਢ ਕੇ ਮਸ਼ੀਨ ਮਗਰ ਸੁੱਟ ਰੱਖਦਾ। ਫਿਰ ਛਾਹ ਵੇਲਾ ਛਕ ਕੇ ਅਸੀਂ ਦੋਵੇਂ ਕਹੀਆਂ ਲੈ ਕੇ ਵੱਟਾਂ ਚੇਪਣ ਚਲੇ ਜਾਂਦੇ। ਵਰ੍ਹਦੀ ਅੱਗ ਵਰਗੀ ਧੁੱਪ ਵਿਚ ਕੱਦੂ ਦਾ ਪਾਣੀ ਗਰਮ ਹੋ ਜਾਂਦਾ। ਉੱਪਰੋਂ ਗਾਰੇ ਦੀਆਂ ਕਹੀਆਂ ਚੁੱਕ ਕੇ ਵੱਟ ‘ਤੇ ਧਰਦਿਆਂ ਪਿੱਠ ਦੇ ਪਟਾਕੇ ਨਿਕਲ ਜਾਂਦੇ। ਜੇ ਮੈਂ ਸਾਹ ਲੈਣ ਲਈ ਪਿੱਠ ਸਿੱਧੀ ਕਰਦਾ ਤਾਂ ਨਾਲ ਹੀ ਬਾਪੂ ਦਾ ਹੋਕਾ ਸੁਣਦਾ, “ਚਲ ਬਈ ਚਲ, ਹੋਈਏ ਵਿਹਲੇ।” ਪੂਰਬੀਏ ਝੋਨਾ ਲਾ ਜਾਂਦੇ ਤਾਂ ਸ਼ਾਮ ਨੂੰ ਮੈਂ ਬੋਤਲ ਵਿਚ ਕੱਖ ਮਾਰਨ ਵਾਲੀ ਦਵਾਈ ਪਾ ਕੇ ਛਿੜਕਾਅ ਕਰਦਾ। ਅਗਲੇ ਦਿਨ ਫਿਰ ਉਹੀ ਕੱਦੂ, ਪੱਠੇ, ਵੱਟਾਂ ਤੇ ਉਹੀ ਧੁੱਪ ਤੇ ਮੱਚਦਾ ਪਾਣੀ ਹੁੰਦਾ।
ਪਹਿਲੇ ਕੁਝ ਦਿਨਾਂ ਤੋਂ ਬਾਅਦ ਇਸ ਪ੍ਰਕਿਰਿਆ ਨੇ ਮੇਰੀ ਬਸ ਕਰਾ ਦਿੱਤੀ। ਧੁੱਪਾਂ ਵਿਚ ਸੜ ਕੇ ਸਰੀਰ ਦੀ ਚਮੜੀ ਦੱਖਣ ਭਾਰਤੀ ਲੋਕਾਂ ਵਰਗੀ ਹੋ ਗਈ। ਮੈਂ ਅਗਲੇਰੀ ਪੜ੍ਹਾਈ ਦੇ ਬਹਾਨੇ ਇਸ ਕੁੰਭੀ ਨਰਕ ‘ਚੋਂ ਨਿਕਲਣ ਦੇ ਹੀਲੇ ਸੋਚਣ ਲੱਗਾ। ਮੈਨੂੰ ਪਤਾ ਸੀ ਕਿ ਮੇਰੇ ਬਾਪ ਦੀ ਮੇਰੀ ਅਗਲੇਰੀ ਪੜ੍ਹਾਈ ਵਿਚ ਕੋਈ ਦਿਲਚਸਪੀ ਨਹੀਂ। ਘਰਦੇ ਹਾਲਾਤ ਇੰਨੇ ਸੁਖਾਵੇਂ ਵੀ ਨਹੀਂ ਸਨ ਕਿ ਕਿਸੇ ਵੱਡੇ ਕਾਲਜ ਦੀ ਫੀਸ ਤੇ ਹੋਰ ਖਰਚੇ ਇੱਕ ਵਾਰ ਕਹਿਣ ‘ਤੇ ਹੀ ਮੈਨੂੰ ਮਿਲ ਜਾਂਦੇ। ਮੇਰੇ ਪਿੰਡ ਨਾਲ ਦੇ ਕਸਬੇ ਵਿਚ ਲਗਭਗ ਫੇਲ੍ਹ ਹੋ ਚੁੱਕਾ ਸਰਕਾਰੀ ਕਾਲਜ ਹੀ ਮੇਰੇ ਸਾਰੇ ਹਾਲਾਤ ਦੇ ਅਨੁਸਾਰ ਮੇਰੀ ਠਾਹਰ ਬਣ ਸਕਦਾ ਸੀ। ਮੈਨੂੰ ਉਸ ਕਾਲਜ ਪੜ੍ਹਨ ਵਿਚ ਉੱਕਾ ਕੋਈ ਦਿਲਚਸਪੀ ਨਹੀਂ ਸੀ। ਜਲੰਧਰ, ਫਗਵਾੜਾ ਤੇ ਨਕੋਦਰ ਵਰਗੇ ਸ਼ਹਿਰ ਮੇਰੇ ਪਿੰਡੋਂ 20 ਤੋਂ 25 ਕਿਲੋਮੀਟਰ ਦੂਰ ਸਨ। ਉੱਥੇ ਜਾ ਕੇ ਪੜ੍ਹਨ ਦੀ ਵਿਉਂਤ ਮੈਂ ਮਨ ਵਿਚ ਬਣਾਉਂਦਾ ਤਾਂ ਉਦੋਂ ਹੀ ਢਾਹ ਵੀ ਦਿੰਦਾ। ਇਕ ਦਿਨ ਮੌਕਾ ਵਿਚਾਰ ਕੇ ਬਾਪੂ ਨਾਲ ਕਾਲਜ ਦਾਖਲਾ ਲੈਣ ਦੀ ਗੱਲ ਛੇੜੀ। ਉਹਨੇ ਬਿਨਾ ਮੇਰੇ ਵੱਲ ਦੇਖਿਆਂ ਕਿਹਾ, “ਬਸ ਆਹ ਕੰਮ ਜਿਹਾ ਮੁੱਕ ਜਾਵੇ, ਫੇਰ ਦੇਖ ਲਈਂ ਕਿਤੇ।” ਨਾਲ ਹੀ ਬਾਪੂ ਨੇ ਕਿਹਾ, “ਏਥੇ ਕਿਤੇ ਨੇੜੇ ਜਿਹੇ ਲੱਗ ਜਾਈਂ, ਪੱਠਿਆਂ ਦੇ ਟੈਮ ਨਾਲ ਆ ਜਾਇਆ ਕਰੀਂ ਦੋ ਜਮਾਤਾਂ ਪੜ੍ਹ ਕੇ…।”
ਇਸ ਦੇ ਬਾਵਜੂਦ ਮੈਂ ਬਹੁਤਾ ਆਸਵੰਦ ਨਹੀਂ ਸਾਂ ਕਿ ਮੈਨੂੰ ਕਿਤੇ ਕਾਲਜ ਪੜ੍ਹਨ ਦਾ ਮੌਕਾ ਮਿਲੇਗਾ। ਇਕ ਹੋਰ ਗੱਲ ਸੀ ਜੋ ਮੈਨੂੰ ਥੋੜ੍ਹਾ ਹੌਸਲਾ ਦਿੰਦੀ ਸੀ। ਮੈਂ ਸਕੂਲ ਤੱਕ ਹਾਕੀ ਖੇਡੀ ਸੀ। ਬਾਰ੍ਹਵੀਂ ‘ਚ ਪੜ੍ਹਦਿਆਂ ਹੀ ਸਤਾਰਾਂ ਸਾਲ ਤੋਂ ਘੱਟ ਉਮਰ ਦੀਆਂ ਕੌਮੀ ਖੇਡਾਂ ਵਿਚ ਮੈਂ ਪੰਜਾਬ ਦੀ ਟੀਮ ਦਾ ਹਿੱਸਾ ਵੀ ਰਿਹਾ ਸਾਂ। ਲਗਦਾ ਸੀ, ਸ਼ਾਇਦ ਕਿਸੇ ਕਾਲਜ ਦੀ ਟੀਮ ਵਿਚ ਹਾਕੀ ਖੇਡਣ ਦਾ ਮੌਕਾ ਮਿਲ ਜਾਵੇ ਪਰ ਗੱਲ ਫਿਰ ਉੱਥੇ ਹੀ ਖੜ੍ਹਦੀ ਸੀ। ਘਰੋਂ ਬਾਹਰ ਰਹਿ ਕੇ ਪੜ੍ਹਨ ਦਾ ਖਰਚਾ ਤੇ ਖਤਰੇ ਸਹਿ ਸਕਣੇ ਮੇਰੇ ਲਈ ਕਿਵੇਂ ਵੀ ਸੰਭਵ ਨਹੀਂ ਦੀਹਦੇ ਸਨ। ਮੈਂ ਹਾਕੀ ਦੇ ਖਿਡਾਰੀਆਂ ਨੂੰ ਘਰੋਂ ਦੂਰ ਰਹਿ ਕੇ ਹੋਸਟਲਾਂ ਵਿਚ ਪੜ੍ਹਦਿਆਂ ਦੇਖਿਆ ਸੀ। ਉਨ੍ਹਾਂ ਵਰਗੀ ਬੇਪਰਵਾਹੀ ਚਾਹ ਕੇ ਵੀ ਮੇਰੀ ਜਿ਼ੰਦਗੀ ਦਾ ਹਿੱਸਾ ਨਹੀਂ ਬਣ ਸਕਦੀ ਸੀ।
ਇਕ ਦਿਨ ਦੁਪਹਿਰ ਵੇਲੇ ਮੈਂ ਤਾਜ਼ੇ ਲੱਗੇ ਝੋਨੇ ਵਿਚ ਡਾਇਆ ਪਾ ਰਿਹਾ ਸਾਂ ਕਿ ਮੇਰਾ ਇਕ ਜਮਾਤੀ ਭਾਪੇ ਦੇ ਅਮਰੀਕਾ ਤੋਂ ਘੱਲੇ ਡਾਲਰਾਂ ਨਾਲ ਲਏ ਸਕੂਟਰ ਨਾਲ ਸਾਡੀ ਪਹੀ ‘ਚ ਧੂੜ ਉਡਾਉਂਦਾ ਆ ਗਿਆ। ਉਹਨੇ ਦੱਸਿਆ ਕਿ ਅੱਜ ਡੀਏਵੀ ਕਾਲਜ ਨਕੋਦਰ ਹਾਕੀ ਦੀ ਟੀਮ ਚੁਣਨ ਲਈ ਟਰਾਇਲ ਹਨ ਤੇ ਉਹ ਉੱਥੇ ਹੀ ਜਾ ਰਿਹਾ ਹੈ। ਇਹ ਸੁਣ ਕੇ ਮੇਰੀ ਨਜ਼ਰ ਵੀ ਚਮਕੀ। ਡੀਏਵੀ ਨਕੋਦਰ ਹਾਕੀ ਦੀ ਚੰਗੀ ਟੀਮ ਹੁੰਦੀ ਸੀ। ਮੈਂ ਬਾਪੂ ਨੂੰ ਜਾਣ ਬਾਰੇ ਪੁੱਛਿਆ ਤਾਂ ਉਹਨੇ ਆਗਿਆ ਦੇ ਦਿੱਤੀ। ਮੈਂ ਝੋਨੇ ਦੇ ਪਾਣੀ ਨਾਲ ਹੀ ਗਿੱਟੇ ਗੋਡੇ ਧੋ ਕੇ ਘਰੋਂ ਹਾਕੀ, ਬੂਟ ਤੇ ਹੋਰ ਨਿੱਕ ਸੁੱਕ ਲਿਆ ਤੇ ਉਹਦੇ ਮਗਰ ਬਹਿ ਗਿਆ। ਅਸੀਂ ਕਾਲਜ ਪੁੱਜੇ ਤਾਂ ਪੰਜਾਹ ਕੁ ਮੁੰਡੇ ਟਰਾਇਲ ਦੇਣ ਆਏ ਸਨ। ਖਿਡਾਰੀ ਖੇਡਣ ਵਾਲੀਆਂ ਪੁਜੀਸ਼ਨਾਂ ਦੇ ਹਿਸਾਬ ਨਾਲ ਬਣੀਆਂ ਕਤਾਰਾਂ ਵਿਚ ਖੜ੍ਹੇ ਸਨ। ਅਸੀਂ ਵੀ ਨਾਮ ਲਿਖਾਏ ਤੇ ਆਪੋ-ਆਪਣੀ ਸਾਈਡ ਮੁਤਾਬਕ ਕਤਾਰਾਂ ਵਿਚ ਖੜ੍ਹ ਗਏ। ਜਲਦ ਹੀ ਟੀਮ ਬਣੀ ਤਾਂ ਮੇਰਾ ਨੰਬਰ ਆ ਗਿਆ। ਮੈਨੂੰ ਹਾਕੀ ਖੇਡੀ ਨੂੰ ਤਾਂ ਖਬਰੇ ਦੋ ਮਹੀਨੇ ਹੋਏ ਹੋਣਗੇ ਪਰ ਕੰਮ ਕਰ ਕਰ ਕੇ ਮੇਰਾ ਦਮ ਵਾਹਵਾ ਪੱਕਿਆ ਹੋਇਆ ਸੀ। ਕੁਝ ਚਿਰ ਦੀ ਨੱਸ ਭੱਜ ਤੋਂ ਬਾਅਦ ਦੋ ਕੁ ਚੰਗੇ ਮੂਵ ਮੇਰੇ ਪਾਸੇ ਤੋਂ ਬਣੇ। ਮੈਂ ਇਕ ਦੋਂਹ ਨੂੰ ਝਕਾਨੀ ਵੀ ਦਿੱਤੀ ਤੇ ਮੇਰੀ ਟੀਮ ਨੇ ਇਕ ਗੋਲ ਵੀ ਕਰ ਦਿੱਤਾ।
ਮੈਨੂੰ ਕੋਚ ਕੋਲ ਖੜ੍ਹੇ ਉਸੇ ਕਾਲਜ ਵਿਚ ਪਿਛਲੇ ਸਾਲਾਂ ਤੋਂ ਖੇਡ ਰਹੇ ਇਕ ਖਿਡਾਰੀ ਨੇ ਸੱਦ ਕੇ ਨਾਮ ਲਿਖਿਆ ਤੇ ਹੀਰਾ ਲਾਲ ਕੋਲੋਂ ਫਾਰਮ ਲੈਣ ਲਈ ਕਿਹਾ। ਮੈਂ ਫਾਰਮ ਲਿਆ ਤੇ ਭਰ ਕੇ ਕੋਚ ਦੇ ਦਸਤਖਤ ਕਰਾ ਕੇ ਅਗਲੇ ਦਿਨ ਫੀਸ ਤਾਰਨ ਦਾ ਕਹਿ ਕੇ ਫਾਰਮ ਭੂਕਣਾ ਬਣਾ ਜੇਬ ਵਿਚ ਪਾ ਲਿਆ। ਜਿਸ ਕਾਲਜ ਵਿਚ ਬੀਏ ਦੀ ਸਾਲਾਨਾ ਫੀਸ ਅੱਠ ਹਜ਼ਾਰ ਸੀ, ਮੈਨੂੰ ਮਹਿਜ਼ ਤਿੰਨ ਸੌ ਰੁਪਏ ਵਿਚ ਦਾਖਲਾ ਮਿਲ ਜਾਣਾ ਸੀ। ਮੈਂ ਰੋਜ਼ ਘਰੋਂ ਆਇਆ ਕਰਨਾ ਸੀ ਤੇ ਇਮਤਿਹਾਨਾਂ ਦੀ ਫੀਸ ਵੀ ਮੇਰੇ ਖਿਡਾਰੀ ਹੋਣ ਕਾਰਨ ਕਾਲਜ ਨੇ ਹੀ ਦੇਣੀ ਸੀ। ਮੇਰੇ ਪੈਰ ਧਰਤੀ ‘ਤੇ ਨਹੀਂ ਲੱਗ ਰਹੇ ਸਨ। ਦਿਲ ਅੰਬਰ ਦੇ ਕਲਾਵੇ ਭਰ ਰਿਹਾ ਸੀ। ਮੇਰੇ ਦੋਸਤ ਦੀ ਚੋਣ ਇਨ੍ਹਾਂ ਟਰਾਇਲਾਂ ਵਿਚ ਨਹੀਂ ਹੋਈ। ਇਸ ਲਈ ਮੈਂ ਮੂੰਹ ਜਿਹਾ ਮਸੋਸ ਕੇ ਉਸ ਦੇ ਸਕੂਟਰ ਮਗਰ ਬਹਿ ਗਿਆ। ਕਾਲਜੀਏਟ ਬਣਨ ਅਤੇ ਕਾਲਜ ਦੀ ਸਿੱਖਿਆ ਤੋਂ ਵਾਕਿਫ਼ ਹੋਣ ਦਾ ਮੇਰਾ ਇਹ ਸਫ਼ਰ ਸਬਬ ਦੀ ਮਾਰਫਤ ਬਣਿਆ।
ਸੰਪਰਕ: 94654-64502