ਪਿੰਡ ਮਹਿਮਾ ਸਰਜਾ ਦੇ ਖੇਡ ਸਟੇਡੀਅਮ ’ਚ ਖਿਡਾਰੀਆਂ ਦੀ ਰੌਣਕ
ਮਨੋਜ ਸ਼ਰਮਾ
ਬਠਿੰਡਾ, 30 ਜੂਨ
ਪਿੰਡ ਮਹਿਮਾ ਸਰਜਾ ਦਾ ਖੇਡ ਸਟੇਡੀਅਮ ਦੇ ਵੱਖ-ਵੱਖ ਗਰਾਊਂਡਾਂ ਵਿੱਚ ਲੱਗੀਆਂ ਰੌਣਕਾਂ ਨੂੰ ਦੇਖ ਹਰ ਕਿਸੇ ਦਾ ਮਨ ਖੁਸ਼ੀ ਹੈ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਚੱਲ ਰਹੇ ਨਸ਼ੇ ਦੇ ਦੌਰ ਵਿੱਚ ਇਹ ਕਿਸੇ ਠੰਢੇ ਬੁੱਲੇ ਤੋਂ ਘੱਟ ਨਹੀਂ ਹੈ। ਸਟੇਡੀਅਮ ਵਿੱਚ ਕੋਈ ਵਾਲੀਬਾਲ ਖੇਡ ਰਿਹਾ ਹੈ ਅਤੇ ਕੋਈ ਬਾਸਕਟਬਾਲ ਜਦਕਿ ਕੋਈ 400 ਮੀਟਰ ਟਰੈਕ ਮੀਟਰ ਵਿੱਚ ਦੌੜਾਂ ਲੱਗਾ ਰਿਹਾ ਹੈ। ਗੌਰਤਲਬ ਹੈ ਕਿ ਖੇਡਾਂ ਦੀ ਨਰਸਰੀ ਵਜੋਂ ਮਸ਼ਹੂਰ ਇਸ ਪਿੰਡ ਨੇ ਬਾਸਕਟਬਾਲ ਗੇਮ ਵਿੱਚ ਕੌਮੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਵਿੱਚ ਬਲਜੀਤ ਸਿੰਘ ਬਰਾੜ ਬਤੌਰ ਬਾਸਕਟਬਾਲ ਜ਼ਿਲ੍ਹਾ ਕੋਚ ਦੀ ਭੂਮਿਕਾ ਨਿਭਾਅ ਰਹੇ ਹਨ। ਅੰਤਰਰਾਸ਼ਟਰੀ ਪੱਧਰ ਦੇ ਬਾਸਕਟਬਾਲ ਖਿਡਾਰੀ ਬਲਜੀਤ ਸਿੰਘ ਬਰਾੜ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਵਿੱਚ ਬਾਸਕਟਬਾਲ ਵਿੰਗ ਚਲਾ ਰਹੇ ਹਨ। ਹਰ-ਰੋਜ਼ ਸਵੇਰੇ ਤੇ ਸ਼ਾਮ ਛੋਟੇ ਬੱਚਿਆਂ ਨੂੰ ਬਾਸਕਟਬਾਲ ਖੇਡ ਦੀ ਟਰੇਨਿੰਗ ਦੇ ਰਹੇ ਹਨ। ਉਨ੍ਹਾਂ ਕਿਹਾ ਬੀਤੇ ਵਰ੍ਹੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਅੰਡਰ 14 ਟੀਮ ਗੋਲਡ ਮੈਡਲ ਜਿੱਤ ਕੇ ਪਿੰਡ ਦਾ ਨਾਮ ਰੋਸ਼ਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਅੰਡਰ- 14 ਵਿੱਚ ਇਸ ਗਰਾਊਂਡ ਦੇ ਖਿਡਾਰੀ ਨੈਸ਼ਨਲ ਕੈਂਪ ਲਾ ਚੁੱਕੇ ਹਨ।
ਇਸ ਪੇਂਡੂ ਖੇਡ ਸਟੇਡੀਅਮ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਵਿੱਚ ਪਵਨੀਤ ਕੌਰ ਸਿੰਮੀ ਨੇ ਬਾਸਕਟਬਾਲ ਗੇਮ ਵਿੱਚ ਮਹਿਲਾ ਟੀਮ ਲਈ ਪੰਜਾਬ ਦੀ ਕਪਤਾਨੀ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਦਿਆਂ ਪਿੰਡ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਸਾਬਕਾ ਐੱਸਐੱਸਪੀ ਮਰਹੂਮ ਬਖਸ਼ੀਸ਼ ਸਿੰਘ ਬਰਾੜ ਨੇ ਏਸ਼ੀਅਨ ਗੇਮਾਂ ਦੌਰਾਨ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ ਸੀ, ਪਿੰਡ ਦੇ ਹੋਰ ਜੰਮਪਲ ਗੁਰਾਦਿੱਤਾ ਸਿੰਘ ਬਰਾੜ ਨੇ ਸੰਨ 1960 ਵਿੱਚ ਇੰਡੋ-ਪਾਕਿ ਮੀਟ ਦੌਰਾਨ ਲਾਹੌਰ ਵਿੱਚ ਹੋਈਆਂ ਖੇਡਾਂ ਦੌਰਾਨ ਇੰਡੀਆ ਦੀ ਟੀਮ ਵੱਲੋਂ ਅਥਲੈਟਿਕਸ ਟੀਮ ਦਾ ਹਿੱਸਾ ਬਣ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ। ਇਸ ਤੋਂ ਇਲਾਵਾ ਹੋਰ ਹੋਣਹਾਰ ਖਿਡਾਰੀਆਂ ਵਿੱਚ ਪੰਜਾਬ ਪੁਲੀਸ ਦੇ ਥਾਣੇਦਾਰ ਭੁਪਿੰਦਰ ਸਿੰਘ ਤੇ ਬਲਜਿੰਦਰ ਸਿੰਘ ਖੁੱਡੂ, ਕੁਲਦੀਪ ਸਿੰਘ ਨਿੱਕਾ ਬਾਸਕਟਬਾਲ ਦੇ ਕੌਮੀ ਪੱਧਰ ਦੇ ਖਿਡਾਰੀ ਰਹੇ ਹਨ। ਇਸ ਤੋਂ ਇਲਾਵਾ ਰਾਜ ਪੱਧਰੀ ਖਿਡਾਰੀਆਂ ’ਚ ਅਜੈਬ ਸਿੰਘ ਬਰਾੜ, ਪ੍ਰੀਤ ਮਹਿੰਦਰ ਸਿੰਘ ਬਰਾੜ ਅਤੇ ਹੋਰ ਨਾਮਵਰ ਖਿਡਾਰੀਆਂ ਦੇ ਨਾਂ ਸ਼ਾਮਲ ਹਨ।