For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਦੇ ਘਰ ਲੱਗੀਆਂ ਰੌਣਕਾਂ

08:56 AM Jun 03, 2024 IST
ਚੋਣ ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਦੇ ਘਰ ਲੱਗੀਆਂ ਰੌਣਕਾਂ
ਮਾਨਸਾ ਵਿਚ ਇੱਕ ਹਲਵਾਈ ਦੀ ਦੁਕਾਨ ’ਤੇ ਲੱਡੂ ਵੱਟਦੇ ਹੋਏ ਕਾਮੇ। -ਫੋਟੋ:ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੂਨ
ਬਠਿੰਡਾ ਲੋਕ ਸਭਾ ਹਲਕੇ ਉਪਰ ਫਸਵਾਂ ਮੁਕਾਬਲਾ ਹੋਣ ਕਾਰਨ ਅੱਜ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਬੇਸ਼ੱਕ ਵੱਖ-ਵੱਖ ਪਾਰਟੀ ਵਰਕਰਾਂ ਦੇ ਘਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ ਪਰ ਗਿਣਤੀ ਤੋਂ ਇੱਕ ਦਿਨ ਪਹਿਲਾਂ ਉਹ ਘਾਬਰੇ ਵੀ ਰਹੇ। ਬੇਸ਼ੱਕ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੀ ਜਿੱਤ ਨੂੰ ਪੱਕੀ ਦੱਸ ਰਹੇ ਹਨ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਉਧਰ ਉਮੀਦਵਾਰਾਂ ਦੇ ਘਰਾਂ ਤੋਂ ਇਲਾਵਾ ਚੋਣ ਦਫ਼ਤਰਾਂ ਵਿਚ ਵੀ ਅੱਜ ਚਹਿਲ-ਪਹਿਲ ਦਿਸੀ। ਅੱਜ ਮਾਨਸਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਚ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਸ਼ਾਮਲ ਸਨ। ਉਮੀਦਵਾਰਾਂ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਆਪਣੀ ਪਾਰਟੀ ਵਲੋਂ ਭੇਜੇ ਜਾਣ ਵਾਲੇ ਅਮਲੇ ਦੀਆਂ ਲਾਈਆਂ ਡਿਊਟੀਆਂ ਦਾ ਨਿਰੀਖਣ ਕੀਤਾ। ਪਾਰਟੀ ਵੱਲੋਂ ਵੋਟਾਂ ਦੀ ਗਿਣਤੀ ਵੇਲੇ ਵਰਕਰਾਂ ਦੇ ਨਾਸ਼ਤੇ ਅਤੇ ਚਾਹ-ਪਾਣੀ ਲਈ ਬਕਾਇਦਾ ਰੂਪ ’ਚ ਬੰਦੋਬਸਤ ਕੀਤੇ ਗਏ ਹਨ ਹਾਲਾਂਕਿ ਗਿਣਤੀ ਕੇਂਦਰਾਂ ਵਿਚ ਜਾਣ ਵਾਲੇ ਆਗੂਆਂ ਲਈ ਖਾਣ-ਪੀਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਹੋਇਆ ਹੈ। ਉਧਰ ਬਠਿੰਡਾ ਦੀ ਇਸ ਸੰਸਦੀ ਸੀਟ ਉਪਰ ਫਸਵੇਂ ਮੁਕਾਬਲੇ ਹੋਣ ਕਾਰਨ ਸ਼ਹਿਰ ਦੇ ਮਿਠਾਈ ਬਣਾਉਣ ਵਾਲੀਆਂ ਵੱਡੀਆਂ ਦੁਕਾਨਾਂ ਵੱਲੋਂ ਵੱਡੀ ਪੱਧਰ ’ਤੇ ਲੱਡੂ ਅਤੇ ਬਰਫ਼ੀ ਬਣਾਈ ਗਈ। ਬੱਸ ਸਟੈਂਡ ਨੇੜਲੇ ਇੱਕ ਮਸ਼ਹੂਰ ਦੁਰਗਾ ਸਵੀਟਸ ਸ਼ੌਪ ਦੇ ਪ੍ਰਬੰਧਕ ਬੱਬੂ ਦਾ ਕਹਿਣਾ ਹੈ ਕਿ ਭਾਵੇਂ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਉਮੀਦਵਾਰ ਦੇ ਸਮਰੱਥਕਾਂ ਵੱਲੋਂ ਆਰਡਰ ਬੁੱਕ ਨਹੀਂ ਕਰਵਾਏ ਗਏ ਹਨ ਪਰ ਫਿਰ ਵੀ ਉਨ੍ਹਾਂ ਨੂੰ ਆਸ ਹੈ ਕਿ ਜਿਹੜਾ ਵੀ ਉਮੀਦਵਾਰ ਚੋਣ ਜਿੱਤੇਗਾ, ਉਸ ਦੇ ਸਮਰੱਥਕ ਲੱਡੂ ਖਰੀਦ ਕੇ ਜ਼ਰੂਰ ਲਿਜਾਣਗੇ। ਇਸੇ ਹੀ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਵੇਂ ਭਲਕੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਪਰ ਇਸ ਦੇ ਬਾਵਜੂਦ ਅੱਜ ਹੀ ਮੁੱਖ ਪਾਰਟੀਆਂ ਦੇ ਆਗੂਆਂ ਵੱਲੋਂ ਖੁਸ਼ੀ ਵਿਚ ਪਾਰਟੀ ਵਰਕਰਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ-ਨਾਲ ਮੂੰਹ ਕੌੜਾ ਕਰਵਾਉਣ ਲਈ ਦਰਜਨਾਂ ਡੱਬੇ ਘਰਾਂ ਵਿਚ ਸ਼ਰਾਬ ਦੇ ਜਮ੍ਹਾਂ ਕਰ ਲਏ ਹਨ। ਇਸੇ ਤਰ੍ਹਾਂ ਮਾਨਸਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਪ੍ਰੇਮ ਅਰੋੜਾ ਦੇ ਇਥੇ ਸਥਿਤ ਘਰ ਵਿਖੇ, ਭਾਜਪਾ ਆਗੂ ਗੁਰਮੇਲ ਸਿੰਘ ਠੇਕੇਦਾਰ, ‘ਆਪ’ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ ਵਿਚ ਚੰਗਾ ਰੌਣਕ ਮੇਲਾ ਵੇਖਣ ਨੂੰ ਮਿਲ ਰਿਹਾ ਸੀ। ਜ਼ਿਲ੍ਹਾ ਚੋਣ ਅਫ਼ਸਰ ਪਰਮਵੀਰ ਸਿੰਘ ਨੇ ਦੱਸਿਆ ਕਿ ਰਾਊਂਡ ਵਾਈਜ਼ ਗਿਣਤੀ ਦੀ ਜਾਣਕਾਰੀ ਦੇਣ ਲਈ ਗਿਣਤੀ ਕੇਂਦਰ ਅਤੇ ਮੇਨ ਗੇਟ ’ਤੇ ਅਨਾਊਂਸਮੈਂਟ ਵੀ ਕਰਵਾਈ ਜਾਵੇਗੀ ਤਾਂ ਜੋ ਗਿਣਤੀ ਸਬੰਧੀ ਹਰੇਕ ਵਿਅਕਤੀ ਨੂੰ ਜਾਣਕਾਰੀ ਮਿਲ ਸਕੇ।

Advertisement

Advertisement
Author Image

Advertisement
Advertisement
×