ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਨਵਾਂ ਪਿੰਡ ਸਰਦਾਰਾਂ’ ਦੀਆਂ ਧੀਆਂ ਦਾ ਕਮਾਲ

11:18 AM Sep 09, 2023 IST

ਇੰਦਰਜੀਤ ਸਿੰਘ ਹਰਪੁਰਾ
Advertisement

ਆਪਣੇ ਵਿਰਸੇ ਦੀ ਸੰਭਾਲ, ਇਸ ਨੂੰ ਟੂਰਿਜ਼ਮ ਦੇ ਮੈਪ ’ਤੇ ਲਿਆਉਣਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਉਦਾਹਰਨ ਜੇ ਕਿਤੇ ਦੇਖਣੀ ਹੋਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਅਪਰਬਾਰੀ ਦੁਆਬ ਨਹਿਰ ਕੰਢੇ ਵੱਸੇ ‘ਨਵਾਂ ਪਿੰਡ ਸਰਦਾਰਾਂ’ ’ਚ ਦੇਖੀ ਜਾ ਸਕਦੀ ਹੈ। ਅੰਗਰੇਜ਼ ਰਾਜ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਿੰਘਪੁਰਾ ਦੇ ਸਰਦਾਰਾਂ ਦੁਆਰਾ ਬੱਬੇਹਾਲੀ ਤੋਂ ਥੋੜ੍ਹੀ ਦੂਰ ਅਪਰਬਾਰੀ ਦੁਆਬ ਨਹਿਰ ਕੰਢੇ ਵਸਾਏ ਗਏ ਪਿੰਡ ਦਾ ਨਾਮ ‘ਨਵਾਂ ਪਿੰਡ ਸਰਦਾਰਾਂ’ ਪੈ ਗਿਆ। ਸਰਦਾਰਾਂ ਨੇ ਜਿੱਥੇ ਆਪ ਇਸ ਪਿੰਡ ਵਿੱਚ ਉਸ ਸਮੇਂ ਦੇ ਬ੍ਰਿਟਿਸ਼ ਅਤੇ ਭਾਰਤੀ ਡਿਜ਼ਾਇਨ ਦੀਆਂ ਖੂਬਸੂਰਤ ਹਵੇਲੀਆਂ ਬਣਾਈਆਂ, ਉੱਥੇ ਇਸ ਪਿੰਡ ਵਿੱਚ ਵੱਸੇ ਹੋਰ ਕੰਮੀਆਂ ਨੇ ਵੀ ਆਪਣੇ ਘਰ ਬਣਾ ਲਏ।

ਅੱਜ ਵੀ ਇਸ ਪਿੰਡ ਵਿੱਚ ਸਿੰਘਪੁਰਾ ਦੇ ਸਰਦਾਰਾਂ ਦੇ ਪਰਿਵਾਰ ਰਹਿੰਦੇ ਹਨ ਅਤੇ ਬਾਕੀ ਦੇ ਪਿੰਡ ਵਿੱਚ ਵੀ ਉਸ ਸਮੇਂ ਵੱਸੇ ਕੰਮੀਆਂ ਦੇ ਅੱਗੋਂ ਪਰਿਵਾਰ ਅਬਾਦ ਹਨ। ਅਬਾਦੀ ਦੇ ਲਿਹਾਜ਼ ਨਾਲ ਇਹ ਪਿੰਡ ਭਾਵੇਂ ਬਹੁਤਾ ਵੱਡਾ ਨਹੀਂ ਹੈ, ਪਰ ਆਪਣੇ ਵਿਰਸੇ ਦੀ ਸੰਭਾਲ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਾਮਲੇ ਵਿੱਚ ਇਹ ਜ਼ਰੂਰ ਵੱਡੇ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ। ਇਸ ਪਿੰਡ ਨੂੰ ਟੂਰਿਜ਼ਮ ਦੇ ਮੈਪ ’ਤੇ ਲਿਆਉਣ ਲਈ ਪਿੰਡ ਦੇ ਸ. ਗੁਰਪ੍ਰੀਤ ਸਿੰਘ ਸੰਘਾ ਜੋ ਭਾਰਤੀ ਹਵਾਈ ਫ਼ੌਜ ਵਿੱਚ ਪਾਇਲਟ ਸਨ, ਉਨ੍ਹਾਂ ਦੀ ਪਤਨੀ ਸਤਵੰਤ ਕੌਰ ਸੰਘਾ ਅਤੇ ਉਨ੍ਹਾਂ ਦੀਆਂ ਧੀਆਂ ਸਿਮਰਨ ਸੰਘਾ, ਗੁਰਮੀਤ ਰਾਏ, ਮਨਪ੍ਰੀਤ ਸੰਘਾ, ਗੀਤਾ ਸੰਘਾ ਅਤੇ ਨੂਰ ਸੰਘਾ ਦਾ ਅਹਿਮ ਯੋਗਦਾਨ ਹੈ।
ਕਰੀਬ ਦੋ ਦਹਾਕੇ ਪਹਿਲਾਂ ਸੰਘਾ ਭੈਣਾਂ ਨੇ ਜਿੱਥੇ ਆਪਣੀਆਂ ਪਿਤਾ ਪੁਰਖੀ ਵਿਰਾਸਤੀ ਹਵੇਲੀਆਂ ਨੂੰ ਸੰਭਾਲਣਾ ਸ਼ੁਰੂ ਕੀਤਾ, ਉੱਥੇ ਸੈਰ-ਸਪਾਟਾ ਵਿਭਾਗ ਨਾਲ ਤਾਲਮੇਲ ਕਰਕੇ ਆਪਣੇ ਪਿੰਡ ਨੂੰ ‘ਰੂਰਲ ਟੂਰਿਜ਼ਮ’ ਦੇ ਤੌਰ ’ਤੇ ਉਭਾਰਿਆ। ਪਿੰਡ ਦੀਆਂ ਅੰਗਰੇਜ਼ ਰਾਜ ਸਮੇਂ ਦੀਆਂ ਸਰਦਾਰਾਂ ਦੀਆਂ ਹਵੇਲੀਆਂ ਨੂੰ ਸੈਲਾਨੀਆਂ ਦੇ ਠਹਿਰਨ ਲਈ ਵਿਕਸਤ ਕੀਤਾ ਗਿਆ। ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚ ਇੱਕ ਦਾ ਨਾਮ ‘ਕੋਠੀ’ ਅਤੇ ਦੂਜੀ ਦਾ ਨਾਮ ‘ਪਿੱਪਲ ਹਵੇਲੀ’ ਹੈ। ਇਨ੍ਹਾਂ ਯਤਨਾ ਦਾ ਨਤੀਜਾ ਇਹ ਨਿਕਲਿਆ ਕਿ ਦੇਸ਼ ਦੇ ਦੂਸਰੇ ਸੂਬਿਆਂ ਅਤੇ ਵਿਦੇਸ਼ੀ ਸੈਲਾਨੀ ਜੋ ਪੰਜਾਬ ਦੇ ਪਿੰਡਾਂ ਨੂੰ ਨੇੜੇ ਤੋਂ ਦੇਖਣਾ ਚਾਹੁੰਦੇ ਹਨ, ਉਹ ਇੱਥੇ ਆਉਣੇ ਸ਼ੁਰੂ ਹੋ ਗਏ। ਸੈਲਾਨੀਆਂ ਦੀ ਆਮਦ ਤੋਂ ਜੋ ਆਮਦਨ ਹੋਣੀ ਸ਼ੁਰੂ ਹੋਈ, ਉਸ ਨਾਲ ਸੰਘਾ ਭੈਣਾਂ ਨੇ ਆਪਣੀਆਂ ਹਵੇਲੀਆਂ ਦੀ ਸਾਂਭ-ਸੰਭਾਲ ਅਤੇ ਹੋਰ ਸਹੂਲਤਾਂ ਵਿੱਚ ਵਾਧਾ ਕੀਤਾ। ਗੁਰਦਾਸਪੁਰ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੂਰ ਇਹ ਪਿੰਡ ਆਪਣੀ ਵਿਰਾਸਤ ਅਤੇ ਪੇਂਡੂ ਸੱਭਿਆਚਾਰ ਦੀ ਖ਼ੂਬਸੂਰਤੀ ਲਈ ਹੁਣ ਦੁਨੀਆ ਵਿੱਚ ਜਾਣਿਆ ਜਾਣ ਲੱਗਾ ਹੈ।

ਪਿੰਡ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਦੀ ਖ਼ੂਬਸੂਰਤੀ ਦੇਖਿਆਂ ਹੀ ਬਣਦੀ ਹੈ। ਇਨ੍ਹਾਂ ਹਵੇਲੀਆਂ ਦੇ ਕਮਰੇ ਕਿਸੇ ਪੰਜ-ਤਾਰਾ ਹੋਟਲ ਤੋਂ ਘੱਟ ਨਹੀਂ ਹਨ। ਸ਼ਹਿਰ ਦੀ ਭੱਜ-ਦੌੜ ਤੋਂ ਦੂਰ ਨਹਿਰ ਕੰਢੇ ਆਬਾਦ, ਸ਼ਾਂਤਮਈ ਪੰਜਾਬੀ ਤੇ ਪੇਂਡੂ ਸੱਭਿਆਚਾਰ ਨਾਲ ਲਬਰੇਜ਼ ਇਸ ਪਿੰਡ ਵਿੱਚੋਂ ਅਸਲੀ ਪੰਜਾਬ ਨੂੰ ਦੇਖਿਆ ਜਾ ਸਕਦਾ ਹੈ। ਪਿੰਡ ਦੇ ਵਸਨੀਕ ਵੀ ਆਪਣੇ ਪਿੰਡ ਦੀ ਪ੍ਰਸਿੱਧੀ ਤੋਂ ਖੁਸ਼ ਹਨ। ਸੰਨੀ ਦਿਓਲ ਨੇ ਜਦੋਂ ਗੁਰਦਾਸਪੁਰ ਲੋਕ ਸਭਾ ਚੋਣ ਲੜੀ ਸੀ ਤਾਂ ਉਸ ਨੇ ਵੀ ਚੋਣ ਪ੍ਰਚਾਰ ਦੌਰਾਨ ਆਪਣੀ ਰਿਹਾਇਸ਼ ਨਵਾਂ ਪਿੰਡ ਸਰਦਾਰਾਂ ਦੀ ਇਸ ਕੋਠੀ ਵਿੱਚ ਰੱਖੀ ਸੀ।
ਸੰਘਾ ਭੈਣਾਂ ਨੇ ਆਪਣੇ ਪਿੰਡ ਨੂੰ ਸਿਰਫ਼ ਟੂਰਿਜ਼ਮ ਮੈਪ ’ਤੇ ਹੀ ਨਹੀਂ ਲਿਆਂਦਾ, ਸਗੋਂ ਉਹ ਆਪਣੇ ਪਿੰਡ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਵੀ ਕਾਮਯਾਬ ਹੋਈਆਂ ਹਨ। ਇਨ੍ਹਾਂ ਭੈਣਾਂ ਦੀ ਪ੍ਰੇਰਨਾ ਸਦਕਾ ਪਿੰਡ ਵਿੱਚ ਲੜਕੀਆਂ ਅਤੇ ਔਰਤਾਂ ਨੇ ਸਵੈ ਸਹਾਇਤਾ ਸਮੂਹ ਬਣਾਏ ਹਨ ਜੋ ਕਿ ਹੈਂਡੀਕਰਾਫਟ ਦੀਆਂ ਵੱਖ-ਵੱਖ ਵਸਤਾਂ ਤਿਆਰ ਕਰਦੀਆਂ ਹਨ। ਇਨ੍ਹਾਂ ਵਸਤਾਂ ਨੂੰ ਜਿੱਥੇ ਪਿੰਡ ਆਏ ਸੈਲਾਨੀ ਖ਼ਰੀਦ ਲੈਂਦੇ ਹਨ, ਉੱਥੇ ਆਨਲਾਈਨ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਵਿੱਕਰੀ ਹੋਣ ਨਾਲ ਪਿੰਡ ਦੀਆਂ ਔਰਤਾਂ ਨੂੰ ਆਮਦਨ ਹੋ ਰਹੀ ਹੈ। ਸਿਮਰਨ ਸੰਘਾ ਨੇ ਆਪਣੀ ਹਵੇਲੀ ਨਾਲ ਇੱਕ ਬੱਕਰੀ ਪਾਲਣ ਦਾ ਫਾਰਮ ਵੀ ਸ਼ੁਰੂ ਕੀਤਾ ਹੈ। ਇਸ ਫਾਰਮ ਵਿੱਚ ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਇਹ ਪਿੰਡ ਜਿੱਥੇ ਹੁਣ ਟੂਰਿਜ਼ਮ ਦੇ ਪੱਖ ਤੋਂ ਦੇਸ਼ ਅਤੇ ਸੂਬੇ ਦੇ ਟੂਰਿਜ਼ਮ ਮੈਪ ’ਤੇ ਆਪਣਾ ਅਹਿਮ ਸਥਾਨ ਰੱਖਦਾ ਹੈ, ਉੱਥੇ ਹੈਂਡੀਕਰਾਫਟ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਨਾਲ ਪਿੰਡ ਦੇ ਨੌਜਵਾਨਾਂ, ਲੜਕੀਆਂ ਅਤੇ ਔਰਤਾਂ ਵਿੱਚ ਉਤਸ਼ਾਹ ਦੇਖਿਆ ਜਾ ਸਕਦਾ ਹੈ। ਇਸ ਪਿੰਡ ਵੱਲੋਂ ਆਪਣੀ ਵਿਰਾਸਤ ਦੀ ਸੰਭਾਲ ਅਤੇ ਇਸ ਦੇ ਪਸਾਰ ਤੇ ਪ੍ਰਚਾਰ ਦੇ ਕੀਤੇ ਯਤਨ ਉਹ ਉਦਾਹਰਨ ਹੈ ਜਿਸ ਤੋਂ ਸੇਧ ਲੈ ਕੇ ਆਪਣੇ ਵਿਰਸੇ ਤੇ ਵਿਰਾਸਤ ਨੂੰ ਬਚਾਇਆ ਜਾ ਸਕਦਾ ਹੈ। ਬਸ ਲੋੜ ਹੈ ਕੁਝ ਵੱਡਾ ਸੋਚਣ ਅਤੇ ਕਰਨ ਦੀ।

ਸੰਪਰਕ: 98155-77574

Advertisement

Advertisement