ਇਮਤਿਹਾਨ
ਅੰਗਰੇਜ ਸਿੰਘ ਵਿਰਦੀ
31 ਮਾਰਚ ਦਾ ਦਨਿ ਸਕੂਲਾਂ ਵਿਚ ਬੋਰਡ ਦੇ ਇਮਤਿਹਾਨਾਂ ਤੋਂ ਛੁੱਟ ਬਾਕੀ ਜਮਾਤਾਂ ਦੇ ਇਮਤਿਹਾਨਾਂ ਦਾ ਨਤੀਜਾ ਐਲਾਨਣ ਦਾ ਦਨਿ ਹੁੰਦਾ। ਉਸ ਦਨਿ ਮੇਰੇ ਬੱਚਿਆਂ ਦਾ ਨਤੀਜਾ ਵੀ ਨਿਕਲਿਆ। ਉਹ ਆਪੋ-ਆਪਣੀ ਜਮਾਤ ਦੇ ਸਾਲਾਨਾ ਇਮਤਿਹਾਨਾਂ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਏ। ਨਤੀਜਾ ਸੁਣ ਕੇ ਅਸੀਂ ਦੋਵੇਂ ਜੀਅ ਬਹੁਤ ਖੁਸ਼ ਸਾਂ ਪਰ ਘਰ ਆ ਕੇ ਉਹ ਖੁਸ਼ੀ ਕਿਤੇ ਗਾਇਬ ਹੋ ਗਈ। ਹੁਣ ਚਿੰਤਾ ਇਹ ਸੀ ਕਿ ਬੱਚਿਆਂ ਦੀਆਂ ਅਗਲੀਆਂ ਜਮਾਤਾਂ ਦੇ ਦਾਖਲੇ, ਉਹਨਾਂ ਦੀਆਂ ਫੀਸਾਂ ਅਤੇ ਕਿਤਾਬਾਂ ਜੋਗੇ ਪੈਸੇ ਕਿੱਥੋਂ ਆਉਣਗੇ! ਕਹਿਣ ਨੂੰ ਤਾਂ ਅਸੀ ਦੋਵੇਂ ਜੀਅ ਸਕੂਲ ਅਧਿਆਪਕ ਹਾਂ ਪਰ ਘਰ ਬਣਾਉਣ ਵਿਚ ਹੀ ਸਾਡੀ ਸਾਰੀ ਪੂੰਜੀ ਖਰਚ ਹੋ ਚੁੱਕੀ ਸੀ। ਉਪਰੋਂ ਤਨਖਾਹ ਹਰ ਮਹੀਨੇ ਲੇਟ ਹੀ ਮਿਲਦੀ।
ਮੈਂ ਸੋਚ ਰਿਹਾ ਸੀ ਕਿ ਬੱਚੇ ਤਾਂ ਇਮਤਿਹਾਨ ਵਿਚੋਂ ਪਾਸ ਹੋ ਗਏ ਪਰ ਮੈਂ ਜਿ਼ੰਦਗੀ ਦੇ ਉਹਨਾਂ ਇਮਤਿਹਾਨਾਂ ਵਿਚੋਂ ਕਦੋਂ ਪਾਸ ਹੋਵਾਂਗਾ ਜਨਿ੍ਹਾਂ ਨੂੰ ਦਿੰਦੇ ਦਿੰਦੇ ਮੈਂ ਉਮਰ ਦੇ 38 ਸਾਲ ਪਾਰ ਕਰ ਚੁੱਕਾ ਹਾਂ। ਉਮਰ ਦੇ ਇਸ ਪੜਾਅ ’ਤੇ ਆ ਕੇ ਵੀ ਮੈਂ ਵਕਤ ਹੱਥੋਂ ਬੇਵਸ ਹਾਂ। ਜਿ਼ੰਦਗੀ ਹਰ ਵਾਰ ਕਿਸੇ ਨਵੇਂ ਇਮਤਿਹਾਨ ਵਿਚ ਪਾ ਦਿੰਦੀ ਹੈ। ਇਸ ਵਾਰ ਤਾਂ ਹੱਥ ਬਹੁਤਾ ਹੀ ਤੰਗ ਹੋ ਗਿਆ ਏ। ਤਨਖਾਹ ਦੀ ਜਿ਼ਆਦਾ ਰਕਮ ਘਰ ’ਤੇ ਹੀ ਖਰਚ ਹੋ ਗਈ ਤੇ ਹੁਣ ਬਾਕੀ ਕੰਮਾਂ
ਲਈ ਪੈਸੇ ਕਿੱਥੋਂ ਆਉਣਗੇ? ਬੱਸ, ਇਹੋ ਸੋਚ ਸੋਚ ਕੇ ਪ੍ਰੇਸ਼ਾਨੀ ਵਧ ਰਹੀ ਸੀ। ਮੇਰੀ ਧੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਦੇਣ ਲਈ ਆਪਣੀ ਮਾਂ ਕੋਲ ਜਿ਼ੱਦ ਕਰਨ ਲੱਗੀ। ਪਤਨੀ ਨੇ ਧੀ ਨੂੰ ਕਿਹਾ ਕਿ ਅਸੀਂ ਉਹਨੂੰ ਦੋ ਤਿੰਨ ਦਨਿ ਤੱਕ ਕਿਤਾਬਾਂ ਲੈ ਦਿਆਂਗੇ।
ਫਿਰ ਹਫਤੇ ਤੋਂ ਉੱਤੇ ਹੋ ਗਿਆ ਸੀ ਬੱਚਿਆ ਦੇ ਇਮਤਿਹਾਨ ਦੇ ਨਤੀਜੇ ਨਿਕਲਿਆਂ ਨੂੰ ਪਰ ਉਹਨਾਂ ਦੀਆਂ ਕਿਤਾਬਾਂ, ਦਾਖਲੇ ਅਤੇ ਫੀਸਾਂ ਜੋਗੇ ਪੈਸਿਆ ਦਾ ਇੰਤਜ਼ਾਮ ਅਜੇ ਵੀ ਨਹੀਂ ਹੋਇਆ ਸੀ। ਤਨਖਾਹ ਵੀ ਤਾਂ ਨਹੀਂ ਮਿਲ ਰਹੀ ਸੀ ਦੋਵਾਂ ਨੂੰ। ਸਾਨੂੰ ਮਾਰਚ ਤੋਂ ਬਾਅਦ ਅਪਰੈਲ ਮਹੀਨੇ ਦੀ ਤਨਖਾਹ ਹਮੇਸ਼ਾ ਲੇਟ ਮਿਲਦੀ। ਬਜਟ ਹੀ ਨਹੀਂ
ਅਲਾਟ ਹੁੰਦਾ ਵਕਤ ਸਿਰ। ਜਦੋਂ ਮਹੀਨੇ ਦੇ ਅਖੀਰ ਵਿਚ ਮਿਲਦੀ ਤਾਂ ਉਹ ਘਰ ਦੇ ਖਰਚਿਆਂ, ਬਿੱਲਾਂ ਨੂੰ ਚੁਕਾਉਣ ’ਤੇ ਹੀ ਮੁੱਕ ਜਾਂਦੀ। ਬੱਚਿਆਂ ਦੀਆਂ ਕਿਤਾਬਾਂ ਲੈਣ ਦੀ ਜਿ਼ੱਦ ਕਰ ਕੇ ਪਤਨੀ ਨੇ ਸੋਨੇ ਦਾ ਉਹ ਲੌਕਟ ਵੇਚਣ ਨੂੰ ਕਿਹਾ ਜੋ ਮੈਂ ਉਸ ਨੂੰ ਪੁੱਤਰ ਦੇ ਜਨਮ ’ਤੇ ਬਣਾ ਕੇ ਦਿੱਤਾ ਸੀ। ਸੁਨਿਆਰੇ ਕੋਲ ਜਾ ਕੇ ਉਹ ਲੌਕਟ ਵੇਚ ਆਇਆ ਅਤੇ ਮਿਲੀ ਰਕਮ ਬੱਚਿਆਂ ਦੀਆਂ ਕਿਤਾਬਾਂ ਅਤੇ ਫੀਸਾਂ ਲਈ ਕਾਫੀ ਸੀ। ਉਂਝ, ਲੌਕਟ ਵੇਚ ਕੇ ਅੰਦਰੋਂ ਹੌਕਾ ਜਿਹਾ ਨਿਕਲਿਆ... ਕਿੰਨੇ ਗਹਿਣੇ ਤਾਂ ਪਹਿਲਾਂ ਹੀ ਘਰ ਬਣਾਉਣ ਲਈ ਵੇਚਣੇ ਪਏ ਸਨ!
ਸੰਘਣੀ ਕਾਲੀ ਰਾਤ ਨੂੰ ਮੰਜੇ ’ਤੇ ਲੇਟਿਆਂ ਸੋਚਾਂ ਦੇ ਗਹਿਰੇ ਸਮੁੰਦਰ ਵਿਚ ਜਾ ਗੋਤਾ ਲਾਇਆ। ਇੱਕ ਇੱਕ ਕਰ ਕੇ ਜਿ਼ੰਦਗੀ ਦੀਆਂ ਤੰਗੀਆਂ, ਦੁਸ਼ਵਾਰੀਆਂ ਝੱਲਣ ਦੇ ਸਾਰੇ ਦ੍ਰਿਸ਼ ਅੱਖਾਂ ਅੱਗੇ ਫਿਲਮ ਵਾਂਗ ਘੁੰਮਣ ਲੱਗੇ। ਜਿ਼ੰਦਗੀ ਵਿਚ ਬਹੁਤ ਔਕੜਾਂ ਝੱਲੀਆਂ, ਮੁਕਾਬਲਾ ਵੀ ਕੀਤਾ ਪਰ ਮੇਰੀ ਇਹ ਸੋਚ ਪੱਕੀ ਹੋ ਰਹੀ ਸੀ ਕਿ ਮੈਂ ਨਾਕਾਮ ਇਨਸਾਨ ਹਾਂ। ਸੋਚਿਆ, ਪਤਾ ਨਹੀਂ ਅਜੇ ਹੋਰ ਕਿੰਨੇ ਇਮਤਿਹਾਨ ਬਾਕੀ ਨੇ। ਇਹੋ ਸੋਚਦੇ ਦੀ ਰਾਤ ਬੀਤਣ ’ਤੇ ਆ ਗਈ। ਸਵੇਰ ਦੀ ਪਹਿਲੀ ਕਿਰਨ ਦੇ ਪੈਂਦਿਆ ਹੀ ਰਾਤ ਦਾ ਸਿਆਹ ਹਨੇਰਾ ਹੌਲੀ ਹੌਲੀ ਹਲਕਾ ਪੈਣ ਲੱਗਾ... ਤੇ ਮੇਰੀਆਂ ਸੋਚਾਂ ਨੇ ਵੀ ਰੁਖ਼ ਬਦਲਿਆ। ਸੋਚਿਆ, ਨਿਰਾਸ਼ਾ ਦੇ ਗਹਿਰੇ ਹਨੇਰੇ ਵੱਲ ਕਿਉਂ ਜਾਣਾ! ਜਾਣਾ ਹੈ ਤਾਂ ਆਸ ਦੇ ਚਾਨਣ ਵੱਲ ਜਾਓ ਜਿਥੋਂ ਤੁਹਾਨੂੰ ਕਾਮਯਾਬੀ ਦਾ, ਜਿ਼ੰਦਗੀ ਜੀਣ ਦਾ ਸਲੀਕਾ ਹਾਸਲ ਹੋਣਾ ਹੈ। ਲੱਗਿਆ, ਜਿਵੇਂ ਸੁੱਕੇ ਰੁੱਖ ਦੀਆਂ ਟਾਹਣੀਆਂ ਵਿਚੋਂ ਕਰੂੰਬਲਾਂ ਫੁੱਟਦੀਆਂ ਹੋਣ। ਮੇਰੇ ਅੰਦਰੋਂ ਵੀ ਇੱਕ ਨਵੀਂ ਉਮੰਗ ਫੁੱਟੀ ਤੇ ਇਸੇ ਸੋਚ ਨਾਲ ਕਿ ਮੇਰਾ ਵੀ ਆਉਣ ਵਾਲਾ ਕੱਲ੍ਹ ਚੰਗਾ ਹੋਵੇਗਾ, ਮੇਰੀ ਮਿਹਨਤ ਵੀ ਆਖਰ ਰੰਗ ਲਿਆਵੇਗੀ, ਮੈਂ ਖੁਦ ਨੂੰ ਸੰਭਾਲਿਆ ਤੇ ਨਵੇਂ ਇਮਤਿਹਾਨ ਦਾ ਸਾਹਮਣਾ ਕਰਨ ਲਈ ਖੁਦ ਨੂੰ ਤਿਆਰ ਕੀਤਾ।
ਸੰਪਰਕ: 94646-28857