ਸਾਬਕਾ ਸੈਨਿਕਾਂ ਨੇ ਮੰਗਾਂ ਸਬੰਧੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਅਕਤੂਬਰ
ਇਥੋਂ ਦੇ ਕਲਗੀਧਰ ਗੁਰਦੁਆਰਾ ਸਾਹਿਬ ਵਿੱਚ ਅੱਜ ਸਾਬਕਾ ਸੈਨਿਕ ਵੈੱਲਫ਼ੇਅਰ ਐਸੋਸ਼ੀਏਸ਼ਨ ਦੇ ਮੈਂਬਰਾਂ ਦੀ ਇੱਕਤਰਤਾ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਬਕਾ ਸੈਨਿਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੈਪਟਨ ਮਾਜਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਵਿੱਚ ਕਾਣੀ ਵੰਡ ਕਰ ਕੇ ਆਪਸੀ ਫੁੱਟ ਪੈਦਾ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਨੇ ਜੁਲਾਈ 2024 ਵਿੱਚ ਪੇਅ-ਕਮਿਸ਼ਨ ਵਿੱਚ ਜੇਸੀਓਜ਼ ਦੀ ਪੈਨਸ਼ਨ ਵਧਾਈ ਹੈ ਜਦਕਿ ਓਆਰਓਪੀ ਨੂੰ ਅਣਦੇਖਿਆ ਕੀਤਾ ਗਿਆ ਹੈ। ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਕਿ ਸਾਬਕਾ ਸੈਨਿਕ ਪਿਛਲੇ ਲੰਬੇ ਸਮੇਂ ਤੋਂ ‘ਇਕ ਰੈਂਕ ਇਕ ਪੈਨਸ਼ਨ’ ਲਈ ਦਿੱਲੀ ਜੰਤਰ ਮੰਤਰ ’ਤੇ ਧਰਨਾ ਦੇ ਰਹੇ ਹਨ ਪਰ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਉਨ੍ਹਾਂ ਕਿਹਾ ਕਿ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ-ਰਾਤ ਬਾਰਡਰਾਂ ਦੀ ਰਾਖੀ ਕਰਨ ਵਾਲੇ ਸਾਬਕਾ ਸੈਨਿਕਾਂ ਨੂੰ ਅੱਗ ਆਪਣੀਆਂ ਹੱਕੀਂ ਮੰਗਾਂ ਲਈ ਸੜਕਾਂ ’ਤੇ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਮੁਕੰਦ ਸਿੰਘ, ਕਰਨੈਲ ਸਿੰਘ, ਮੇਵਾ ਸਿੰਘ, ਸਤਿੰਦਰਪਾਲ ਸਿੰਘ ਤੇ ਗੁਰਮੇਲ ਸਿੰਘ ਹਾਜ਼ਰ ਸਨ।