ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਨੇ ਲੋਕਾਂ ਦਾ ਸਾਹ ਘੁੱਟਿਆ
ਹਤਿੰਦਰ ਮਹਿਤਾ
ਜਲੰਧਰ, 17 ਨਵੰਬਰ
ਪਰਾਲੀ ਦੀ ਅੱਗ ਰੁਕਣ ਤੋਂ ਬਾਅਦ ਇੰਡਸਟਰੀ ਦੀਆਂ ਚਿਮਨੀਆਂ ਤੇ ਵਾਹਨਾਂ ਤੋਂ ਨਿਕਲਦੇ ਧੂੰਏਂ ਤੇ ਬੀਤੀ ਦੇਰ ਰਾਤ ਤੱਕ ਚਲੇ ਪਟਾਕਿਆਂ ਕਾਰਨ ਪ੍ਰਦੂਸ਼ਿਤ ਵਾਤਾਵਰਨ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤਾਂ ਆਉਣ ਦਾ ਸਿਲਸਿਲਾ ਜਾਰੀ ਹੈ। ਦੇਰ ਰਾਤ 12 ਵਜੇ ਏਕਿਊਆਈ 339 ਤੱਕ ਪਹੁੰਚ ਗਿਆ ਤੇ ਸਵੇਰੇ ਤਿੰਨ ਵਜੇ ਤੱਕ 350 ਹੋ ਗਿਆ। ਸਵੇਰੇ ਤਰੇਲ ਪੈਣ ਕਾਰਨ ਏਕਿਊਆਈ ’ਚ ਗਿਰਾਵਟ ਦਰਜ ਕੀਤੀ ਗਈ ਤੇ ਧੁੰਦ ਪੈਣ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ। ਇਸ ਦੌਰਾਨ ਲੋਕਾਂ ਨੂੰ ਧੁੰਦ ਕਾਰਨ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਸਵੇਰੇ ਹੀ ਧੁੰਦ ਕਾਰਨ ਦਿਖਾਈ ਦੇਣ ਦੀ ਸਮਰੱਥਾ 50 ਮੀਟਰ ਦੇ ਕਰੀਬ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਵਾਹਨਾਂ ਦੀ ਰਫਤਾਰ ਵੀ ਹੌਲੀ ਰਹੀ। ਲੋਕਾਂ ਨੂੰ ਸਵੇਰੇ ਹੀ ਲਾਈਟਾਂ ਚਲਾ ਕੇ ਵਾਹਨ ਚਲਾਉਣੇ ਪਏ। ਸਵੇਰੇ 10 ਵਜੇ ਤੋਂ ਬਾਅਦ ਲੋਕਾਂ ਨੇ ਥੋੜੀ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ 22 ਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਆਉਣ ਵਾਲੇ ਇਕ ਹਫਤੇ ’ਚ ਵੱਧ ਤੋਂ ਵੱਧ ਤਾਪਮਾਨ 20 ਤੇ ਘੱਟ ਤੋਂ ਘੱਟ 12 ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ ਅਗਲੇ ਚਾਰ ਦਿਨ ਤੱਕ ਲੋਕਾਂ ਨੂੰ ਸਵੇਰੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਲੋਕਾਂ ਨੂੰ ਫਿਲਹਾਲ ਗਲਾ ਖਰਾਬ, ਖੰਘ, ਜ਼ੁਕਾਮ, ਅੱਖਾਂ ’ਚ ਜਲਨ ਤੋਂ ਰਾਹਤ ਮਿਲਣ ਦੀ ਆਸ ਨਹੀਂ ਹੈ। ਮਾਹਰਾਂ ਮੁਤਾਬਕ ਬਾਰਿਸ਼ ਹੋਣ ਤੋਂ ਬਾਅਦ ਧੁਆਂਖੀ ਧੁੰਦ ਤੇ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਮਹਿਰਾ ਦਾ ਕਹਿਣਾ ਹੈ ਕਿ ਪਹਾੜਾਂ ’ਚ ਬਰਫਬਾਰੀ ਸ਼ੁਰੂ ਹੋਣ ਕਾਰਨ ਮੈਦਾਨੀ ਇਲਾਕਿਆਂ ’ਚ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ’ਚ ਪਾਰਾ ਡਿੱਗੇਗਾ। ਅਗਲੇ ਕੁੱਝ ਦਿਨਾਂ ’ਚ ਧੁੰਦ ਸੰਘਣੀ ਹੋਵੇਗੀ ਤੇ ਅਗਲੇ ਹਫਤੇ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਫੌਗ ਤੇ ਸਮੌਗ ਮਿਕਸ ਹੋ ਗਈ ਹੈ। ਸਵੇਰੇ ਤਰੇਲ ਪੈਣ ਕਾਰਨ ਹਵਾ ’ਚ ਫਸੇ ਪ੍ਰਦੂਸ਼ਿਤ ਕਣ ਸਾਫ ਹੋਣ ਨਾਲ ਏਕਿਊਆਈ ’ਚ ਸੁਧਾਰ ਦਰਜ ਕੀਤਾ ਗਿਆ ਹੈ।
ਬੇਘਰੇ ਲੋਕਾਂ ਲਈ ਰੈਣ ਬਸੇਰਿਆਂ ’ਚ ਜ਼ਰੂੂਰੀ ਪ੍ਰਬੰਧ ਕੀਤੇ ਜਾਣ: ਡੀਸੀ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਸਰਦੀ ਦੀ ਆਮਦ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਬੇਘਰੇ ਲੋਕਾਂ ਅਤੇ ਭਿਖਾਰੀਆਂ ਨੂੰ ਛੱਤ ਦੀ ਸਹੂਲਤ ਦੇਣ ਲਈ ਰੈਣ ਬਸੇਰਿਆਂ ਵਿੱਚ ਜ਼ਰੂਰੀ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ। ਉਨ੍ਹਾਂ ਨਗਰ ਨਿਗਮ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਗੋਲ ਬਾਗ ਵਿਖੇ ਯਾਤਰੀ ਨਿਵਾਸ ਵਿੱਚ 25 ਬੈੱਡ ਅਤੇ ਗੋਲਬਾਗ ਸਥਿਤ ਰੈਣ ਬਸੇਰੇ ਵਿੱਚ 100 ਬੈੱਡ ਦੀ ਸਹੂਲਤ ਲੋੜਵੰਦ ਲੋਕਾਂ ਨੂੰ ਦੇਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ। ਡੀਸੀ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਰਮਦਾਸ, ਅਜਨਾਲਾ, ਮਜੀਠਾ, ਰਾਜਾਸਾਂਸੀ, ਜੰਡਿਆਲਾ ਗੁਰੂ, ਰਈਆ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਇੱਕ-ਇੱੱਕ ਰੈਣ ਬਸੇਰਾ ਜ਼ਰੂਰ ਕਾਇਮ ਕੀਤਾ ਜਾਵੇ। ਇਨ੍ਹਾਂ ਨਗਰ ਕੌਂਸਲਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਰੈਣ ਬਸੇਰਿਆਂ ਦਾ ਪ੍ਰਬੰਧ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੇਖਣਗੇ, ਜਦ ਕਿ ਅੰਮ੍ਰਿਤਸਰ ਵਿਖੇ ਰੈਣ ਬਸੇਰੇ ਦਾ ਪ੍ਰਬੰਧ ਨਗਰ ਕੌਂਸਲ ਅੰਮ੍ਰਿਤਸਰ ਦੇਖੇਗੀ। ਉਨ੍ਹਾਂ ਹਦਾਇਤ ਕੀਤੀ ਕਿ ਇਨ੍ਹਾਂ ਰੈਣ ਬਸੇਰਿਆਂ ਵਿੱਚ ਛੱਤ ਤੋਂ ਇਲਾਵਾ ਲੋੜਵੰਦ ਵਿਅਕਤੀ ਲਈ ਬੈੱਡ, ਗਰਮ ਕੰਬਲ, ਬਾਥਰੂਮ ਆਦਿ ਦਾ ਪ੍ਰਬੰਧ ਵੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਨੂੰ ਸੜਕਾਂ ਦੇ ਉੱਤੇ ਸੁੱਤੇ ਹੋਏ ਭਿਖਾਰੀ ਮਿਲਣ ਤਾਂ ਉਨ੍ਹਾਂ ਨੂੰ ਇਨ੍ਹਾਂ ਰੈਣ ਬਸੇਰਿਆਂ ਵਿੱਚ ਪੁੱਜਦਾ ਕੀਤਾ ਜਾਵੇ।