ਕਵਿਤਾ ਦਾ ਕਲ-ਕਲ ਵਗਦਾ ਦਰਿਆ ਸੀ ਕਾਲੇਪਾਣੀ
ਜਗਜੀਤ ਸਿੰਘ ਗਣੇਸ਼ਪੁਰ
ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਜੇਕਰ ਕਵਿਤਾ ਦਾ ਕਲ-ਕਲ ਵਗਦਾ ਦਰਿਆ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਵਗਦੇ ਪਾਣੀ’ ,‘ਅੰਤਿਮ ਲਹਿਰਾਂ’ ਅਤੇ ‘ਮਲ੍ਹਿਆਂ ਦੇ ਬੇਰ’ ਬੜੇ ਪ੍ਰਸਿੱਧ ਹੋਏ। ਉਨ੍ਹਾਂ ਦੀ ਲਫ਼ਜ਼ ਚੋਣ ਕਮਾਲ ਦੀ ਹੈ। ਕਵਿਤਾ ਵਿੱਚ ਰਵਾਨੀ ਦਾ ਹੜ੍ਹ ਵਗਦਾ ਨਜ਼ਰ ਆਉਂਦਾ ਹੈ। ‘ਵਗਦੇ ਪਾਣੀ’ ਉਨ੍ਹਾਂ ਦੀ ਇੱਕ ਅਜਿਹੀ ਸ਼ਾਹਕਾਰ ਰਚਨਾ ਹੈ ਜਿਸ ਦਾ ਪੰਜਾਬੀ ਸਾਹਿਤ ’ਚ ਆਪਣਾ ਨਿਵੇਕਲਾ ਸਥਾਨ ਹੈ:
ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁੱਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ।
ਜਿੰਦਾਂ ਮਿਲੀਆਂ ਹੀ ਰਹਿਣ, ਕਿ ਮਿਲੀਆਂ ਜੀਂਦੀਆਂ ਨੇ,
ਵਿਛੜਿਆਂ ਮਰਦੀਆਂ ਨੇ, ਕਿ ਜਿੰਦਾਂ ਮਿਲੀਆਂ ਹੀ ਰਹਿਣ।
ਇਸ ਅਲਬੇਲੇ ਅਤੇ ਕ੍ਰਾਂਤੀਕਾਰੀ ਕਵੀ ਦਾ ਜਨਮ 22 ਮਈ 1897 ਨੂੰ ਪਿੰਡ ਗਲ੍ਹੋਟੀਆ ਖ਼ੁਰਦ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਪਿਤਾ ਸੁੰਦਰ ਸਿੰਘ ਅਤੇ ਮਾਤਾ ਇੰਦਰ ਕੌਰ ਦੇ ਘਰ ਹੋਇਆ। ਬਚਪਨ ਵਿੱਚ ਹੀ ਮਾਤਾ-ਪਿਤਾ ਇਸ ਦੁਨੀ ਸੁਹਾਵੇ ਬਾਗ਼ ਤੋਂ ਰੁਖ਼ਸਤ ਹੋ ਗਏ। ਸੋ, ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਚਾਚਾ ਸੋਹਣ ਸਿੰਘ ਅਤੇ ਉਨ੍ਹਾਂ ਦੀ ਦਾਦੀ ਨੇ ਕੀਤਾ। ਦੀਵਾਨ ਸਿੰਘ ਨੇ ਮਿਡਲ ਦੀ ਪੜ੍ਹਾਈ ਸਕਾਚ ਮਿਸ਼ਨ ਸਕੂਲ, ਡਸਕਾ, ਜ਼ਿਲ੍ਹਾ ਸਿਆਲਕੋਟ ਤੋਂ ਕੀਤੀ ਅਤੇ ਮੈਟ੍ਰਿਕ 1915 ’ਚ ਖ਼ਾਲਸਾ ਹਾਈ ਸਕੂਲ, ਸਿਆਲਕੋਟ ਤੋਂ ਪਾਸ ਕਰਨ ਉਪਰੰਤ ਡਾਕਟਰੀ ਦੀ ਪੜ੍ਹਾਈ ਲਈ ਮੈਡੀਕਲ ਕਾਲਜ, ਆਗਰਾ ਵਿੱਚ ਦਾਖ਼ਲਾ ਲੈ ਲਿਆ। 1919 ’ਚ ਉਹ ਰਾਵਲਪਿੰਡੀ ਵਿਖੇ ਸਰਕਾਰੀ ਨੌਕਰੀ ਕਰਨ ਲੱਗੇ। ਇਸ ਸਮੇਂ ਤੱਕ ਉਨ੍ਹਾਂ ਦਾ ਵਿਆਹ ਇੰਦਰ ਕੌਰ ਨਾਲ ਹੋ ਚੁੱਕਿਆ ਸੀ। ਡਾਕਟਰੀ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਅੰਦਰ ਸਾਹਿਤ ਰਚਨਾ ਦੀਆਂ ਕਰੂੰਬਲਾਂ ਵੀ ਫੁੱਟ ਰਹੀਆਂ ਸਨ। ਸੰਨ 1922 ’ਚ ਉਨ੍ਹਾਂ ਦੀ ਬਦਲੀ ਲਾਹੌਰ ਤੋਂ ਪਹਾੜੀ ਰਮਣੀਕ ਸਥਾਨ ਡਗਸ਼ਈ ਹੋ ਗਈ ਜਿੱਥੋਂ ਦੇ ਕੁਦਰਤੀ ਵਾਤਾਵਰਨ ਨੇ ਕਵੀ ਮਨ ’ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਅੰਗਰੇਜ਼ ਸਰਕਾਰ ਵਿਰੁੱਧ ਬੋਲਣ ਕਾਰਨ ਉਨ੍ਹਾਂ ਦਾ ਤਬਾਦਲਾ ਅੰਡੇਮਾਨ ਦੀਪ ਸਮੂਹ ’ਤੇ ਕਰ ਦਿੱਤਾ ਗਿਆ। 1925 ਵਿੱਚ ਡਾ. ਦੀਵਾਨ ਸਿੰਘ ਨੂੰ ਅੰਡੇਮਾਨ ਟਾਪੂ ਦੇ ‘ਡੰਡਸ ਪੁਆਇੰਟ’ ਵਿਖੇ ਡਾਕਟਰ ਵਜੋਂ ਸੇਵਾਵਾਂ ਨਿਭਾਉਣ ਲਈ ਤਾਇਨਾਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 20 ਅਕਤੂਬਰ 1927 ਨੂੰ ਸੈਲਿਊਲਰ ਜੇਲ੍ਹ ਦੇ ਹਸਪਤਾਲ ਦਾ ਚਾਰਜ ਦਿੱਤਾ ਗਿਆ। ਇੱਥੇ ਵੀ ਉਹ ਲੋਕ ਸੇਵਾ ਵਿੱਚ ਜੁਟੇ ਰਹੇ।
ਉਨ੍ਹਾਂ ਦੀਆਂ ਰਚਨਾਵਾਂ ਆਲੋਚਨਾਤਮਕ ਯਥਾਰਥਵਾਦੀ ਸਾਹਿਤ-ਦ੍ਰਿਸ਼ਟੀ ਨਾਲ ਭਰਪੂਰ ਹਨ। ‘ਹਨੇਰੀ’ ਕਵਿਤਾ ਵਿੱਚ ਉਨ੍ਹਾਂ ਨੇ ਆਉਣ ਵਾਲੀਆਂ ਭਵਿੱਖੀ ਚੁਣੌਤੀਆਂ ਅਤੇ ਸਮੱਸਿਆ ਨੂੰ ਕਲਮਬੰਦ ਕੀਤਾ ਸੀ। ਇਸ ਕਵਿਤਾ ਵਿੱਚ ਕੀਤੀ ਭਵਿੱਖਬਾਣੀ ਦੂਜੀ ਆਲਮੀ ਜੰਗ ਸਮੇਂ ਸੱਚ ਸਾਬਿਤ ਹੋਈ। ਇਹ ਮੰਨਣਾ ਪਵੇਗਾ ਕਿ ਉਨ੍ਹਾਂ ਦੇ ਇਹ ਬੋਲ ਵਰਤਮਾਨ ਸਮੇਂ ਵੀ ਪ੍ਰਸੰਗਿਕ ਹਨ। ਉਹ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਨੇੜੇ ਤੋਂ ਮਹਿਸੂਸ ਕਰ ਰਹੇ ਸਨ:
ਹਨੇਰੀ ਆ ਰਹੀ ਹੈ, ਹਨੇਰੀ!
ਅੱਜ, ਭਲਕੇ, ਪਰਸੋਂ,
ਕੋਈ ਨਾ ਅੜੇਗਾ ਇਸ ਦੇ ਸਾਹਵੇਂ,
ਜੋ ਅੜੇਗਾ, ਸੋ ਝੜੇਗਾ,
ਜੋ ਅਟਕੇਗਾ, ਸੋ ਭੱਜੇਗਾ,
ਜੋ ਉੱਠੇਗਾ, ਸੋ ਡਿੱਗੇਗਾ।
ਮਿਹਨਤਾਂ ਨਾਲ ਬਣਾਈ ਸਾਡੀ ਇਹ ਦੁਨੀਆ,
ਤਬਾਹ ਹੋ ਜਾਏਗੀ,
ਮੁਸ਼ਕਲਾਂ ਨਾਲ ਉਸਾਰੀ ਸਾਡੀ ਇਸ ਸਭਯਤਾ ਦਾ ਇਹ ਢਾਂਚਾ
ਚਕਨਾ-ਚੂਰ ਹੋ ਵਹਿਸੀ;
ਮਾਰਾਂ ਮਾਰ ਕੱਠੀ ਕੀਤੀ ਸਾਡੀ ਇਹ ਰਾਸ ਪੂੰਜੀ,
ਧੂੰ-ਬੱਦਲ ਵਾਂਗ ਉਡੰਤ ਹੋ ਜਾਏਗੀ... !
ਦੀਵਾਨ ਸਿੰਘ ਕਾਲੇਪਾਣੀ ਆਪਣੀ ਕਵਿਤਾ ਵਿੱਚ ਇਸਤਰੀ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਵੰਗਾਰਦੇ ਹੋਏ ਇੰਝ ਲਿਖਦੇ ਹਨ:
ਉਠ ਜੀਵਨ-ਰਾਗਨੀ ਛੇੜ,
ਕਿ ਮੁਰਦਾ ਮਰਦ ਸੰਸਾਰ ਤੇਰੇ ਆਸਰੇ ਜੀਵੇ
ਖੇੜਾ, ਖੁਸ਼ਬੂ ਖਿਲਾਰ,
ਕਿ ਸੁੱਕਾ ਮੁਰਝਾਇਆ ਸੰਸਾਰ ਤੇਰੇ ਸਦਕਾ ਟਹਿਕੇ,
ਟੁੱਕਰ ਦੀ ਬੁਰਕੀ ਲਈ ਮਰਦ ਦੀ ਮੁਥਾਜੀ ਛੱਡ,
ਕਿ ਮਰਦ ਤੀਵੀਂ ਦੋਵੇਂ ਜੀਵਣ।
ਸੰਸਾਰ ਦਾ ਜੀਵਨ ਤੇਰੇ ਅੰਦਰ ਹੈ,
ਕਾਇਨਾਤ ਤੇਰੇ ਸੀਨੇ।
ਗੁਰਾਂ ਦਿੱਤਾ ਖੰਨਾ ਡਾ. ਦੀਵਾਨ ਸਿੰਘ ਦੀ ਸਿਫ਼ਤ ਵਿੱਚ ਇੰਝ ਲਿਖਦੇ ਹਨ: ‘‘ਡਾ. ਦੀਵਾਨ ਸਿੰਘ ਜੀ ਕਾਲੇਪਾਣੀਆ ਵਾਲੇ, ਚਿੱਤ੍ਰਕਾਰ ਕੋਮਲ ਭਾਵਾਂ ਦੇ, ਹੋ ਗਏ ਕਵੀ ਨਿਰਾਲੇ।’’ ਪਿਆਰ ਅਤੇ ਸਾਂਝੀਵਾਲਤਾ ਦੇ ਮੁੱਦਈ ਡਾ. ਦੀਵਾਨ ਸਿੰਘ ਦੀ ਕਵਿਤਾ ‘ਮੰਦਰ ਪ੍ਰੀਤਾਂ ਦਾ’ ਇਸ ਪੱਖ ਦਾ ਪ੍ਰਤੱਖ ਪ੍ਰਮਾਣ ਹੈ:
ਪਿਆਰਾਂ ਵਾਲਿਓ!
ਆਓ, ਆਓ,
ਕਾਹਲੀ ਕਾਹਲੀ, ਛੇਤੀ ਛੇਤੀ,
ਚਿਰ ਨਾ ਲਾਓ,
ਭੱਜੇ ਆਓ,
ਪ੍ਰੀਤਾਂ ਪਾਓ,
ਪਿਆਰ ਵਧਾਓ...
ਮੈਂ ਹਾਂ ਸੋਮਾਂ ਪ੍ਰੀਤਾਂ ਦਾ,
ਮੈਂ ਹਾਂ ਮੰਦਰ ਪਿਆਰਾਂ ਦਾ!
ਪੰਜ-ਆਬਾਂ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਕਾਲੇਪਾਣੀਆਂ ਦੀ ਧਰਤੀ ’ਤੇ ਬੈਠੇ ਵੀ ਉਹ ਆਪਣੀਆਂ ਰਚਨਾਵਾਂ ਪੰਜਾਬ ਵਿੱਚ ਪ੍ਰਕਾਸ਼ਿਤ ਹੁੰਦੇ ਵੱਖ-ਵੱਖ ਪੰਜਾਬੀ ਪੱਤਰਾਂ ਵਿੱਚ ਭੇਜਦੇ ਰਹਿੰਦੇ। ਪ੍ਰੀਤਮ, ਅੰਮ੍ਰਿਤ, ਕਵੀ, ਫੁਲਵਾੜੀ, ਲਿਖਾਰੀ, ਕੋਮਲ ਸੰਸਾਰ, ਦੇਸ਼ ਦਰਪਣ, ਰਣਜੀਤ ਨਗਾਰਾ, ਪ੍ਰੀਤਲੜੀ ਅਤੇ ਪੰਜ ਦਰਿਆ ਵਿੱਚ ਡਾਕਟਰ ਦੀਵਾਨ ਸਿੰਘ ਦੀਆਂ ਰਚਨਾਵਾਂ ਪਾਠਕਾਂ ਨੂੰ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਸਨ। ਡਾ. ਕਾਲੇਪਾਣੀ ਦੇ ਯਤਨਾਂ ਸਦਕਾ ਹੀ ਪੋਰਟ ਬਲੇਅਰ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਭਾਸ਼ਾ ਲਾਗੂ ਹੋ ਸਕੀ। ਉਹ ਕਿਹਾ ਕਰਦੇ ਸਨ ਕਿ ਪੰਜਾਬੀ ’ਚ ਵੱਧ ਤੋਂ ਵੱਧ ਅਖ਼ਬਾਰ ਅਤੇ ਰੇਡੀਓ ਸਟੇਸ਼ਨ ਹੋਣੇ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਨੂੰ ਪੜ੍ਹ-ਸੁਣ ਕੇ ਦੁਨੀਆ ਵਿੱਚ ਕੀ-ਕੀ ਘਟਨਾਕ੍ਰਮ ਵਾਪਰ ਰਿਹਾ ਹੈ, ਉਸ ਬਾਰੇ ਗਿਆਨ ਪ੍ਰਾਪਤ ਕਰ ਸਕਣ। ਉਹ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਕਾਰਜ ਕਰਦੇ ਰਹੇ। ਪੋਰਟ ਬਲੇਅਰ ਵਿੱਚ ਪੰਜਾਬੀ ਲਿਟਰੇਰੀ ਸੁਸਾਇਟੀ ਵੀ ਬਣਾਈ ਕਿਉਂਕਿ ਸਾਹਿਤ ਡਾ. ਦੀਵਾਨ ਸਿੰਘ ਦੀਆਂ ਰਗਾਂ ਵਿੱਚ ਸੀ। ਸੂਬਾ ਸਿੰਘ ਲਿਖਦਾ ਹੈ ਕਿ ਸਭ ਤੋਂ ਪਿਆਰੀ ਚੀਜ਼ ਡਾਕਟਰ ਸਾਹਿਬ ਨੂੰ ਤਾਮਿਲ, ਹਿੰਦੀ, ਉਰਦੂ, ਪੰਜਾਬੀ ਅਤੇ ਤੇਲਗੂ ਦੇ ਸਕੂਲ ਸਨ। ਉਨ੍ਹਾਂ ਦੀ ਰੀਝ ਸੀ ਕਿ ਅੰਡੇਮਾਨ ਟਾਪੂਆਂ ਵਿੱਚ ਕੋਈ ਅਨਪੜ੍ਹ ਨਾ ਰਹਿ ਜਾਏ। ਉਨ੍ਹਾਂ ਨੇ ਉੱਥੇ ਪੰਜਾਬੀ ਸਟੱਡੀ ਸਰਕਲ ਦੀ ਸਥਾਪਨਾ ਕਰਕੇ ਸਾਹਿਤਕਾਰਾਂ ਨੂੰ ਮੰਚ ਪ੍ਰਦਾਨ ਕੀਤਾ।
ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜੀਵਨ ਕਾਲ ਵੇਖਿਆ ਜਾਵੇ ਤਾਂ ਇਹ ਮਹਿਜ਼ 1897-1944 ਤੱਕ ਤਕਰੀਬਨ 47 ਕੁ ਵਰ੍ਹਿਆਂ ਦਾ ਬਣਦਾ ਹੈ, ਪਰ ਉਨ੍ਹਾਂ ਨੇ ਐਨੇ ਘੱਟ ਸਮੇਂ ਵਿੱਚ ਕਲਮ ਤੋਂ ਸਲੀਬ ਤੱਕ ਦਾ ਸਫ਼ਰ ਤੈਅ ਕਰਦੇ ਦੀਨ-ਦੁਖੀਆਂ ਦੀ ਸੇਵਾ ਕਰਦਿਆਂ ਮਾਨਵਤਾ ਦੇ ਉੱਚੇ-ਸੁੱੱਚੇ ਆਦਰਸ਼ ਕਮਾ ਕੇ ਵਿਖਾਏ। ਉਨ੍ਹਾਂ ਜੋ ਕਲਮ ਨਾਲ ਲਿਖਿਆ ਉਹ ਕਮਾਇਆ ਵੀ। ਉਨ੍ਹਾਂ ਦੀ ਕਥਨੀ ਅਤੇ ਕਰਨੀ ਇੱਕ ਸੀ। ਉਹ ਦੁਖੀਆਂ ਦੇ ਦਰਦ ਵੰਡਾਉਂਦੇ। ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਕੇ ਆਨੰਦ ਆਉਂਦਾ। ‘ਮੇਰਾ ਦਰਦੀ ਦਿਲ’ ਵਿੱਚ ਆਪਣੇ ਦਿਲ ਦੇ ਵਲਵਲੇ ਸ਼ਬਦਾਂ ਰਾਹੀਂ ਇੰਝ ਪ੍ਰਗਟ ਕਰਦੇ ਹਨ:
‘‘ਭੁੱਖਾਂ ਜਦ ਕੋਈ ਰੋਂਦਾ ਹੈ,
ਰੁਗ ਮਿਰੇ ਕਾਲਜੇ ਭਰਦਾ ਏ,
ਕਿਰਤੀ ਜਦ ਧੁੱਪੇ ਸੜਦਾ ਏ,
ਮੁੜਕਾ ਤਦ ਮੇਰਾ ਚੋਂਦਾ ਹੈ।’’
ਅਗਾਂਹਵਧੂ ਸੋਚ, ਲੋਕ ਸੇਵਾ ਦੀ ਤਾਂਘ, ਦੇਸ਼ ਭਗਤੀ ਦੀ ਭਾਵਨਾ ਤੇ ਆਜ਼ਾਦੀ ਲਈ ਤੜਫ਼ ਉਨ੍ਹਾਂ ਦੀ ਕਵਿਤਾ ਨੂੰ ਹੋਰ ਵੀ ਕੀਮਤੀ ਬਣਾਉਂਦੇ ਹਨ। ‘ਓ ਭਾਰਤਾ’ ਵਿੱਚ ਉਨ੍ਹਾਂ ਦੇ ਅਜਿਹੇ ਹੀ ਅਹਿਸਾਸ ਸਾਡੇ ਦ੍ਰਿਸ਼ਟੀਗੋਚਰ ਹੁੰਦੇ ਹਨ:
ਓ ਭਾਰਤਾ,
ਉਮਰ ਤੋਂ ਬੁੱਢਿਆ,
ਅਕਲ ਤੋਂ ਵੱਡਿਆ,
ਸ਼ਕਲ ਤੋਂ ਸੁਹਣਿਆਂ,
ਉੱਚਿਆ, ਸੁੱਚਿਆ,
ਜੋਸ਼ ਜਵਾਨੀ ਦੇ ਨਾਲ ਓ ਗੁੱਤਿਆ।
ਉੱਠ ਓ ਸ਼ੇਰਨਾਂ,
ਆਲਸ ਤਿਆਗ ਦੇ,
ਵਹਿਮਾਂ ਨੂੰ ਛੋੜ ਦੇ,
ਕੈਦਾਂ ਤੇ ਪਿੰਜਰੇ,
ਤੋੜ ਦੇ, ਫੋੜ ਦੇ,
ਜੋਸ਼ ਜਗਾ ਦੇ,
ਅੱਗ ਭੜਕਾ ਦੇ,
ਸੱਚ ਇਨਸਾਫ਼ ਦਾ ਨਾਅਰਾ ਲਗਾ ਦੇ।
ਸੰਨ 1942 ’ਚ ਉਹ ਕਾਲੇਪਾਣੀ ਵਿਖੇ ਹੋਂਦ ’ਚ ਆਈ ਭਾਰਤੀ ਸੁਤੰਤਰਤਾ ਲੀਗ ਦੇ ਪ੍ਰਧਾਨ ਚੁਣੇ ਗਏ। ਦੂਜੀ ਆਲਮੀ ਜੰਗ ਦੌਰਾਨ ਜਾਪਾਨੀਆਂ ਦਾ ਅੰਡੇਮਾਨ-ਨਿਕੋਬਾਰ ਟਾਪੂ ’ਤੇ ਕਬਜ਼ਾ ਹੋ ਗਿਆ। ਡਾ. ਦੀਵਾਨ ਸਿੰਘ ‘ਕਾਲੇਪਾਣੀ’ ਨੇ ਜਾਪਾਨੀ ਫ਼ੌਜਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ 23 ਅਕਤੂਬਰ 1943 ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋ ਗਏ। ਉਨ੍ਹਾਂ ਨੂੰ ਜਾਪਾਨੀਆਂ ਦੀ ਜਾਸੂਸੀ ਕਰਨ ਦੇ ਝੂਠੇ ਕੇਸ ’ਚ ਫਸਾ ਕੇ ਕੈਦ ਕਰ ਲਿਆ ਗਿਆ। ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਸੈਲਿਊਲਰ ਜੇਲ੍ਹ ਦੇ ਵਿੰਗ ਨੰਬਰ 2 ਦੀ ਕੋਠੜੀ ਨੰਬਰ 6 ਵਿੱਚ ਕੈਦ ਕੀਤਾ ਹੋਇਆ ਸੀ। ਉਹ ਆਪਣੀ ਕਵਿਤਾ ‘ਗਰੀਬੀ ਦਾਵ੍ਹਾ’ ਵਿਚਲੇ ਨਾਇਕ ਵਾਂਗ ਆਪਣੇ ਫਰਜ਼ ’ਤੇ ਡਟੇ ਰਹੇ:
ਤੈਨੂੰ ਨਾਜ਼ ਹੈ ਆਪਣੀ ਜਫ਼ਾ ਉੱਤੇ,
ਸਾਨੂੰ ਮਾਣ ਹੈ ਆਪਣੀ ਵਫ਼ਾ ਉੱਤੇ।
ਤੈਨੂੰ ਫ਼ਖ਼ਰ ਹੈ ਆਪਣੇ ਜ਼ੁਲਮ ਉੱਤੇ,
ਸਾਨੂੰ ਫ਼ਖ਼ਰ ਹੈ ਸੇਵਾ ਦੇ ਚਾਅ ਉੱਤੇ।
ਤੈਨੂੰ ਮਾਣ ਹੈ ਜਬਰ ਤੇ ਜ਼ੋਰ ਉੱਤੇ,
ਸਾਨੂੰ ਤਕਵਾ ਹੈ ਆਪਣੀ ਆਹ ਉੱਤੇ।
ਤੈਨੂੰ ਸ਼ੌਕ ਹੈ ਸਿਤਮ ਅਜ਼ਮਾਵਣੇ ਦਾ
ਅਸੀਂ ਮਸਤ ਹਾਂ ਤੇਰੀ ਅਦਾ ਉੱਤੇ।
ਜਾਪਾਨੀਆਂ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਉਪਰ ਅਸਹਿ ਅਤੇ ਅਕਹਿ ਜ਼ੁਲਮ ਕੀਤੇ, ਪਰ ਉਨ੍ਹਾਂ ਨੇ ਈਨ ਨਾ ਮੰਨੀ ਤੇ ਅੰਤ 14 ਜਨਵਰੀ 1944 ਨੂੰ ਸੇਵਾ, ਸਿਦਕ ਤੇ ਸਾਹਿਤ ਦਾ ਵਗਦਾ ਦਰਿਆ ਕਾਲੇਪਾਣੀਆਂ ਦੀ ਧਰਤੀ ’ਤੇ ਸ਼ਹਾਦਤ ਪਾ ਕੇ ਉਸ ਪਰਮ ਪਿਤਾ ਪਰਮਾਤਮਾ ਰੂਪੀ ਸਮੁੰਦਰ ਵਿੱਚ ਸਦਾ ਲਈ ਅਭੇਦ ਹੋ ਗਿਆ, ਪਰ ਉਹ ਆਪਣੀਆਂ ਲਿਖਤਾਂ ਰਾਹੀਂ ਅੱਜ ਵੀ ਸਾਡੇ ਮਨਾਂ ਅੰਦਰ ਸਦਾ ਲਈ ਵੱਸਦੇ ਹਨ। ਦੀਵਾਨ ਸਿੰਘ ਕਾਲੇਪਾਣੀ ਦੀ ਅਦੁੱਤੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦੀਵੀਂ ਪ੍ਰੇਰਨਾ ਦਿੰਦੀ ਰਹੇਗੀ।
ਸੰਪਰਕ: 94655-76022