For the best experience, open
https://m.punjabitribuneonline.com
on your mobile browser.
Advertisement

ਖੁਸਰੇ

06:14 AM May 24, 2024 IST
ਖੁਸਰੇ
Advertisement

ਕਮਲਜੀਤ ਸਿੰਘ ਬਨਵੈਤ

Advertisement

ਇੱਕ ਵੱਡੀ ਅਖਬਾਰ ਵਿਚ ਸੇਵਾ ਨਿਭਾਉਣ ਤੋਂ ਬਾਅਦ ਮੈਨੂੰ ਇੱਕ ਹੋਰ ਅਖਬਾਰ ਵਿਚ ਨੌਕਰੀ ਤਾਂ ਮਿਲ ਗਈ ਸੀ ਪਰ ਉੱਥੇ ਮੇਰਾ ਦਿਲ ਨਾ ਲੱਗਿਆ। ਫਿਰ ਵੀ ਔਖੇ ਸੌਖੇ ਡੇਢ ਦੋ ਸਾਲ ਲੰਘਾ ਲਏ। ਸਾਰਾ ਸਮਾਂ ਦਿਲ ਟੀਵੀ ਲਈ ਕੰਮ ਕਰਨ ਨੂੰ ਤਾਂਘਦਾ ਰਿਹਾ। ਆਖਿ਼ਰਕਾਰ ਇੱਛਾ ਨੂੰ ਬੂਰ ਪਿਆ ਅਤੇ ਇੱਕ ਚੈਨਲ ਵਿਚ ਸਿਆਸੀ ਸੰਪਾਦਕ ਵਜੋਂ ਨਿਯੁਕਤੀ ਹੋ ਗਈ। ਮੈਨੂੰ ਰੋਜ਼ਾਨਾ ਸਿਆਸੀ ਸ਼ੋਅ ਸ਼ੁਰੂ ਕਰਨ ਦੀ ਜਿ਼ੰਮੇਵਾਰੀ ਮਿਲੀ। ਨੌਕਰੀ ਸ਼ੁਰੂ ਕਰਨ ਦੇ ਪਹਿਲੇ ਹਫਤੇ ਹੀ ਮੈਨੂੰ ਪਰੋਮੋ ਬਣਾਉਣ ਦਾ ਕੰਮ ਦੇ ਦਿੱਤਾ ਗਿਆ। ਦੋ ਕੈਮਰੇ ਅੱਗੇ ਪਿੱਛੇ ਰਹੇ। ਮੈਂ ਪੂਰੇ ਵਿਸ਼ਵਾਸ ਨਾਲ ਨਿਭਿਆ, ਜਿਵੇਂ ਕਿਤੇ ਪਹਿਲਾਂ ਤੋਂ ਹੀ ਬਿਜਲਈ ਮੀਡੀਆ ਨਾਲ ਜੁੜਿਆ ਰਿਹਾ ਹੋਵਾਂ। ਅਸਲ ਵਿਚ ਮੇਰੀ ਸਟੇਜ ’ਤੇ ਬੋਲਣ ਦੀ ਝਿਜਕ ਕਾਲਜ ਵੇਲੇ ਤੋਂ ਹੀ ਖ਼ਤਮ ਹੋ ਚੁੱਕੀ ਸੀ।
ਸੋ, ਸਿਆਸੀ ਖਬਰਾਂ ਦੀ ਚੀਰ-ਫਾੜ ਕਰਨ ਵਾਲਾ ਸ਼ੋਅ ਸ਼ੁਰੂ ਕਰ ਲਿਆ। ਸ਼ੋਅ ਨੂੰ ਚੰਗਾ ਹੁੰਗਾਰਾ ਮਿਲਿਆ। ਕੁਝ ਸਮੇਂ ਬਾਅਦ ਬੌਸ ਦੀ ਸਲਾਹ ਨਾਲ ਇਸ ਵਿਚ ਕੋਈ ਨਵਾਂ ਰੰਗ ਭਰਨ ਦਾ ਫੈਸਲਾ ਕੀਤਾ। ਲਓ ਜੀ, ਹਫਤੇ ਵਿਚ ਦੋ ਦਿਨ ਵੱਖ-ਵੱਖ ਖੇਤਰ ਦੇ ਮਾਹਿਰਾਂ ਨਾਲ ਮੁਲਾਕਾਤ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਮੈਨੂੰ ਛੋਟੇ ਹੁੰਦਿਆਂ ਪੁਲੀਸ ਵਾਲਿਆਂ ਤੋਂ ਡਰ ਲੱਗਦਾ ਹੁੰਦਾ ਸੀ ਤੇ ਖੁਸਰਿਆਂ ਅਤੇ ਰਾਸਧਾਰੀਆਂ ਵੱਲ ਵਿਸ਼ੇਸ਼ ਖਿੱਚ ਰਹੀ। ਛੋਟੇ ਹੁੰਦਿਆਂ ਕਦੇ ਰਾਹ-ਵਾਟੇ ਸਾਈਕਲ ਉੱਤੇ ਪੁਲੀਸ ਵਾਲਾ ਜਾਂਦਾ ਦੇਖ ਲੈਣਾ ਤਾਂ ਰਸਤਾ ਬਦਲ ਕੇ ਲੁਕ ਜਾਣਾ। ਜੇ ਕਦੇ ਖੁਸਰਿਆਂ ਦੀ ਢੋਲਕੀ ਦੀ ਥਾਪ ਕੰਨੀ ਪੈ ਜਾਣੀ ਤਾਂ ਭਾਈਆ ਜੀ ਦੀ ਕੁੱਟ ਭੁੱਲ ਕੇ ਵੀ ਉੱਥੇ ਖੜ੍ਹਾ ਰਹਿੰਦਾ। ਖੁਸਰਿਆਂ ਨਾਲ ਗੱਲਾਂ ਕਰਨ ਨੂੰ ਬੜਾ ਜੀ ਕਰਦਾ ਪਰ ਕਦੇ ਹੌਸਲਾ ਨਹੀਂ ਪਿਆ। ਉਮਰ ਵੀ ਤਾਂ ਨਿਆਣੀ ਸੀ!
ਹੁਣ ਮੌਕਾ ਵੀ ਸੀ ਤੇ ਮੇਲ ਵੀ। ਇਕ ਵਾਰ ਆਪਣੇ ਸ਼ੋਅ ਵਿਚ ਖੁਸਰੇ ਨੂੰ ਮੁਲਾਕਾਤ ਲਈ ਸੱਦ ਲਿਆ। ਉਹਦਾ ਟੌਹਰ ਟੱਪਾ ਦੇਖ ਕੇ ਕਿਸੇ ਆਮ ਚੰਗੀ ਭਲੀ ਕੁੜੀ ਹੋਣ ਦਾ ਭੁਲੇਖਾ ਪੈਂਦਾ ਸੀ। ਮੈਂ ਕਿਸੇ ਵੀ ਤਰ੍ਹਾਂ ਦੇ ਉਲਾਂਭੇ ਤੋਂ ਬਚਣ ਲਈ ਪਹਿਲੇ ਸਵਾਲ ਵਿਚ ਹੀ ਪੁੱਛ ਲਿਆ ਕਿ ਕਿਸ ਨਾਂ ਨਾਲ ਸੰਬੋਧਨ ਕਰਾਂ? ਉਸ ਦਾ ਜਵਾਬ ਤਿੱਖਾ ਸੀ, “ਬਸ ਛੱਕਾ ਨਾ ਕਹਿਣਾ। ਖੁਸਰਾ, ਹਿਜੜਾ, ਕਿੰਨਰ, ਖੁੰਨਸ, ਨਰ ਨਾ ਨਾਰੀ ਜਾਂ ਟਰਾਂਸਜੈਂਡਰ, ਜੋ ਮਰਜ਼ੀ ਕਹਿ ਲਵੋ।” ਛੱਕੇ ਦਾ ਮਤਲਬ ਦੱਸਣ ਤੋਂ ਉਸ ਨੇ ਸਿੱਧੀ ਨਾਂਹ ਕਰ ਦਿੱਤੀ ਸੀ।
ਖ਼ੈਰ! ਉਸ ਦੇ ਭਾਈਚਾਰੇ ਨਾਲ ਜੁੜੇ ਕਈ ਸਵਾਲ ਪੁੱਛੇ ਤਾਂ ਇੰਝ ਲੱਗਿਆ ਜਿਵੇਂ ਮੇਰਾ ਮਕਸਦ ਪੂਰਾ ਹੋ ਗਿਆ ਹੋਵੇ। ਛੋਟੇ ਹੁੰਦਿਆਂ ਦੀ ਰੀਝ ਵੀ ਪੂਰੀ ਹੋ ਗਈ ਅਤੇ ਟੀਵੀ ਲਈ ਦਿਲਚਸਪ ਸ਼ੋਅ ਵੀ ਬਣ ਗਿਆ। ਉਸ ਤੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਉਸ ਨੇ ਜਿ਼ਆਦਾ ਤੋੜਾ ਆਪਣੇ ਮਾਪਿਆਂ ਉੱਤੇ ਝਾੜਿਆ। ਸਮਾਜ ਨੂੰ ਵੀ ਕੋਸਿਆ ਪਰ ਥੋੜ੍ਹਾ। ਉਸ ਦੇ ਦਿਲ ਦਾ ਦਰਦ ਦੱਸ ਰਿਹਾ ਸੀ ਕਿ ਸਮਾਜ ਦੇ ਡਰੋਂ ‘ਨਰ ਨਾ ਨਾਰੀ’ ਜੰਮੇ ਬੱਚੇ ਨੂੰ ਮਾਪੇ ਘਰੋਂ ਕੱਢ ਦਿੰਦੇ ਹਨ। ਫਿਰ ਬਾਅਦ ਵਿਚ ਖ਼ਬਰਸਾਰ ਵੀ ਨਹੀਂ ਲੈਂਦੇ। ਬਹੁਤਿਆਂ ਨੂੰ ਸਾਰੀ ਉਮਰ ਡੇਰੇ ਦੇ ਮਹੰਤ ਦੇ ਇਸ਼ਾਰੇ ’ਤੇ ਨੱਚਣਾ ਪੈਂਦਾ ਹੈ। ਕਈ ਮਾਪੇ ਤਾਂ ਆਪਣੇ ਬੱਚਿਆਂ ਨੂੰ ਮਹੰਤਾਂ ਦੇ ਡੇਰੇ ਵਿਚ ਛੱਡ ਆਉਂਦੇ ਹਨ।
ਅਗਲਾ ਸਵਾਲ ਕਰਨ ਤੋਂ ਪਹਿਲਾਂ ਹੀ ਉਹ ਬੋਲ ਪਈ, “ਮੈਂ ਕਿੰਝ ਸਮਝਾਵਾਂ ਸਮਾਜ ਨੂੰ, ਵਿਸ਼ੇਸ਼ ਕਰ ਆਪਣੇ ਮਾਪਿਆਂ ਨੂੰ ਕਿ ਸਾਡਾ ਵੀ ਦਿਲ ਕਰਦਾ ਸਾਡਾ ਆਪਣਾ ਘਰ ਹੋਵੇ, ਪਤੀ ਦਾ ਸਾਥ ਹੋਵੇ, ਪਤੀ ਨੂੰ ਚਾਵਾਂ ਨਾਲ ਤਿਆਰ ਕਰ ਕੇ ਕੰਮ ਲਈ ਤੋਰਾਂ। ਛੁੱਟੀ ਦੇ ਵਕਤ ਘਰ ਦੇ ਬੂਹੇ ਦੀ ਭਿੱਤ ਨਾਲ ਖੜ੍ਹ ਕੇ ਉਡੀਕ ਕਰਾਂ। ਉਹਦੇ ਨਾਲ ਸਜ ਧਜ ਕੇ ਬਾਜ਼ਾਰ ਨਿੱਕਲਾਂ। ਜੇ ਕਿਤੇ ਬੱਚਾ ਗੋਦੀ ਲੈਣ ਲਈ ਕੋਈ ਪਾਰਟਨਰ ਸਹਿਮਤੀ ਦੇ ਦੇਵੇ ਤਾਂ ਸਮਝੋ ਸੋਨੇ ’ਤੇ ਸੁਹਾਗਾ। ਸਾਡੀ ਮਾੜੀ ਕਿਸਮਤ ਕਿ ਕੋਈ ਅੱਧੀ ਅਧੂਰੀ ਤੀਵੀਂ ਦਾ ਹੱਥ ਫੜਨ ਨੂੰ ਤਿਆਰ ਨਹੀਂ। ਠਰਕ ਪੂਰਨ ਵਾਲੇ ਤਾਂ ਥਾਂ-ਥਾਂ ਟੱਕਰ ਜਾਂਦੇ।”
ਮੇਰੇ ਵੱਲੋਂ ਵਧਾਈ ਦੇਣ ਵੇਲੇ ਲੋਕਾਂ ਤੋਂ ਧੱਕੇ ਨਾਲ ਜੇਬਾਂ ਖਾਲੀ ਕਰਵਾਉਣ ਵਾਲੇ ਸਵਾਲ ਤੋਂ ਉਹ ਪਹਿਲਾਂ ਹੀ ਜਿਵੇਂ ਚਿੜ ਗਈ ਸੀ, ਫਿਰ ਉਹ ਸਿੱਧੀ ਹੋ ਪਈ, “ਸਾਨੂੰ ਰੱਬ ਨੇ ਖੁਸਰੇ ਦੇ ਰੂਪ ਵਿਚ ਪੈਦਾ ਕੀਤਾ ਪਰ ਪਤਾ ਨਹੀਂ ਕਿੰਨੇ ਲੋਕ ਆਪੂ ਖੁਸਰੇ ਬਣੇ ਹੋਏ ਨੇ। ਤੁਹਾਨੂੰ ਸਾਡੇ ਵੱਲੋਂ ਮਨ ਦੀ ਵਧਾਈ ਚੁਭਦੀ ਹੈ ਪਰ ਕਦੇ ਦਫਤਰਾਂ ਵਿਚ ਬੈਠੇ ਮੁਲਾਜ਼ਮਾਂ ਅਤੇ ਅਫਸਰਾਂ ਦੀ ਲੁੱਟ ਵਿਰੁੱਧ ਤੁਸੀਂ ਮੂੰਹ ਨਹੀਂ ਖੋਲ੍ਹਿਆ ਕਦੀ। ਨਾ ਹੀ ਕਦੇ ਕਿਸੇ ਨੂੰ ਸਾਡੇ ਹੰਝੂ ਨਜ਼ਰੀਂ ਪਏ ਹਨ ਜਿਨ੍ਹਾਂ ਨੂੰ ਅਸੀਂ ਤੁਹਾਡੇ ਵਿਹੜੇ ਵਿਚ ਗੇੜੀ ਦਿੰਦਿਆਂ ਪਰੇ ਨੂੰ ਮੂੰਹ ਕਰ ਕੇ ਚੁੰਨੀ ਦੇ ਲੜ ਨਾਲ ਪੂੰਝ ਲੈਂਦੇ ਹਾਂ।”
ਹੁਣ ਮੈਂ ਨਿਰ-ਉੱਤਰ ਸਾਂ। ਮੇਰੇ ਅੰਦਰ ਅਗਲਾ ਸਵਾਲ ਕਰਨ ਦੀ ਹਿੰਮਤ ਨਾ ਰਹੀ ਅਤੇ ਮੈਂ ਘੜੀ ਦੀਆਂ ਸੂਈਆਂ ਵੱਲੋਂ ਰੁਕਣ ਦੇ ਇਸ਼ਾਰੇ ਨਾਲ ਬਰੇਕ ਲੈ ਲਈ।
ਸੰਪਰਕ: 98147-34035

Advertisement
Author Image

joginder kumar

View all posts

Advertisement
Advertisement
×