ਅਸਟੇਟ ਦਫ਼ਤਰ ਦੀ ਟੀਮ ਨੇ ਸ਼ਾਸਤਰੀ ਨਗਰ ਵਿੱਚੋਂ ਕਬਜ਼ੇ ਹਟਾਏ
ਮੁਕੇਸ਼ ਕੁਮਾਰ
ਚੰਡੀਗੜ੍ਹ, 14 ਨਵੰਬਰ
ਚੰਡੀਗੜ੍ਹ ਅਸਟੇਟ ਦਫ਼ਤਰ ਦੀ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਸ਼ਹਿਰ ਵਿੱਚ ਨਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਸ਼ਾਸਤਰੀ ਨਗਰ, ਮਨੀਮਾਜਰਾ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ। ਇਸ ਦੌਰਾਨ ਅਸਟੇਟ ਦਫ਼ਤਰ ਦੀ ਟੀਮ ਨੇ ਸ਼ਾਸਤਰੀ ਨਗਰ ਵਿੱਚ ਨਜਾਇਜ ਤੌਰ ਤੇ ਬਣਾਈ ਗਈ ਮੱਛੀ ਮਾਰਕੀਟ ਦੀਆਂ ਦੁਕਾਨਾਂ ਸਮੇਤ ਹੋਰਨਾ ਵਪਾਰਕ ਸ਼ੈੱਡਾਂ ਨੂੰ ਤੋੜ ਦਿੱਤਾ। ਇਹ ਕਾਰਵਾਈ ਅਸਟੇਟ ਦਫ਼ਤਰ ਦੇ ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਹੇਠ ਅਨਿਲ ਨਾਰਦ ਸਾਹਿਤ ਹੋਰ ਟੀਮ ਮੈਂਬਰਾਂ ਵੱਲੋਂ ਕੀਤੀ ਗਈ ਹੈ। ਜੋ ਕਿ ਅੱਜ ਸਵੇਰ ਸਮੇਂ ਜੇਸੀਬੀ ਲੈ ਕੇ ਮੱਛੀ ਮਾਰਕੀਟ ਕੋਲ ਪਹੁੰਚ ਗਏ, ਜਿਨ੍ਹਾਂ ਨੇ ਨਾਜਾਇਜ਼ ਉਸਾਰੀਆਂ ਨੂੰ ਢਹਿ ਢੇਰੀ ਕਰ ਦਿੱਤਾ। ਅਸਟੇਟ ਦਫ਼ਤਰ ਦੀ ਕਾਰਵਾਈ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਨੇ ਟੀਮ ਦਾ ਵਿਰੋਧ ਕੀਤਾ। ਇਸ ਦੇ ਬਾਵਜੂਦ ਅਸਟੇਟ ਦਫ਼ਤਰ ਦੀ ਟੀਮ ਨੇ ਪੁਲੀਸ ਸੁਰੱਖਿਆ ਹੇਠ ਆਪਣੀ ਕਾਰਵਾਈ ਜਾਰੀ ਰੱਖੀ। ਅਸਟੇਟ ਦਫ਼ਤਰ ਦੇ ਅਧਿਕਾਰੀਆਂ ਅਨੁਸਾਰ ਸ਼ਾਸਤਰੀ ਨਗਰ ਦੇ ਲੋਕਾਂ ਨੂੰ ਪਹਿਲਾਂ ਹੀ ਨਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਚੇਤਾਵਨੀ ਦਿੱਤੀ ਗਈ ਸੀ, ਪਰ ਚੇਤਾਵਨੀ ਦੇਣ ਤੋਂ ਬਾਅਦ ਵੀ ਇਨ੍ਹਾਂ ਨੇ ਇਹ ਕਬਜ਼ੇ ਨਹੀਂ ਹਟਾਏ ਸਨ। ਅੱਜ ਅਸਟੇਟ ਦਫ਼ਤਰ ਦੀ ਟੀਮ ਨੇ ਇੱਥੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ।