ਮੁਲਾਜ਼ਮਾਂ ਨੇ ਪੱਕਾ ਮੋਰਚਾ ਲਾਇਆ
ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਗਸਤ
ਸਰੋਤ ਵਿਭਾਗ ਦਾ ਪੁਨਰਗਠਨ ਕਰਨ ਦੇ ਨਾਮ ਹੇਠਾਂ ਸਰਕਾਰ ਵੱਲੋਂ ਚੌਥਾ ਅਤੇ ਤੀਜਾ ਦਰਜਾ ਮੁਲਾਜ਼ਮਾਂ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਦੇ ਫ਼ੈਸਲੇ ਖ਼ਿਲਾਫ਼ ਚੌਥਾ ਦਰਜਾ ਐਂਪਲਾਈਜ਼ ਯੂਨੀਅਨ ਵੱਲੋਂ 20 ਅਗਸਤ ਨੂੰ ਸਿੰਜਾਈ ਮੰਤਰੀ ਸੁੱਖ ਸਰਕਾਰੀਆ ਖ਼ਿਲਾਫ਼ ਜਲ ਸਰੋਤ ਵਿਭਾਗ ਦੇ ਪੰਜਾਬ ਵਿਚਲੇ ਸਾਰੇ ਸਰਕਲ ਅਤੇ ਮੰਡਲ ਦਫ਼ਤਰਾਂ ਅੱਗੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਹ ਐਲਾਨ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤਾ। ਉਹ ਅੱਜ ਇਥੇ ਅਸਾਮੀਆਂ ਖਤਮ ਕਰਨ ਦੇ ਖ਼ਿਲਾਫ਼ ਵਿੱਢੇ ਜਲ ਸਰੋਤ ਵਿਭਾਗ ਦੇ ਦਫ਼ਤਰ ਸਾਹਮਣੇ ਯੂਨੀਅਨ ਵੱਲੋਂ ਲਾਏ ਗਏ ਪੱਕੇ ਮੋਰਚੇ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੂਜੇ ਦਿਨ ਇਥੇ ਬਲਬੀਰ ਸਿੰਘ ਅਤੇ ਕਮਲੇਸ਼ ਕੁਮਾਰ ਭੁੱੱਖ ਹੜਤਾਲ਼ ’ਤੇ ਬੈਠੇ।
ਚੌਥਾ ਦਰਜਾ ਕਰਮਚਾਰੀਆਂ, ਟੈਕਨੀਕਲ, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਈਮ ਕਰਮਚਾਰੀਆਂ ਨੇ ਹਾਜ਼ਰੀਆਂ ਪਾਉਣ ਮਗਰੋਂ ਦਫ਼ਤਰਾਂ ਵਿਚੋਂ ਵਾਕਆਊਟ ਕਰਕੇ ਇਸ ਰੋਸ ਰੈਲੀ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮੁਲਾਜ਼ਮ ਤੇ ਪੈਨਸ਼ਨਰ ਦੀਆਂ ਮੰਗਾਂ ਸਬੰਧੀ ਅਣਦੇਖੀ ਕਰਨ ’ਤੇ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ। ਇਸ ਦੌਰਾਨ ਸੂਰਜਪਾਲ ਯਾਦਵ, ਬੂਟਾ ਸਿੰਘ ਰੰਧਾਵਾ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਦੀਪ ਚੰਦ ਹੰਸ, ਕੁਲਦੀਪ ਰਾਈਏਵਾਲ, ਕੁਲਦੀਪ ਸਿੰਘ ਸਕਰਾਲੀ, ਰਤਨ ਸਿੰਘ, ਪ੍ਰੀਤਮ ਚੰਦ, ਕਾਕਾ ਸਿੰਘ, ਰਾਮ ਪ੍ਰਸਾਦ ਸਹੋਤਾ, ਕੇਸਰ ਸਿੰਘ ਸੈਣੀ, ਓਂਕਾਰ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਮ ਯੋਧਾ, ਚੰਦਰ ਸਿੰਘ ਤੇ ਕਾਕਾ ਰਾਮ ਆਦਿ ਵੀ ਹਾਜ਼ਰ ਸਨ।
ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਹੋਰਾਂ ਨੇ ਰੈਗੂਲਾਈਜੇਸ਼ਨ ਐਕਟ 2016 ਨੂੰ ਲਾਗੂ ਕਰਨ, ਠੇਕੇਦਾਰੀ ਪ੍ਰਥਾ ਖਤਮ ਕਰਨ, ਘੱਟੋ ਘੱਟ ਉਜ਼ਰਤਾਂ ਵਿੱਚ ਵਾਧਾ ਕਰਨ, ਪੈਨਸ਼ਨ ਸਕੀਮ ਦੀ ਬਹਾਲੀ, ਵੇਤਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਡੀਏ ਦੀਆਂ ਕਿਸ਼ਤਾਂ ਅਤੇ ਬਕਾਏ ਦੇਣ, ਚੌਥਾ ਦਰਜਾ ਮੁਲਾਜ਼ਮਾਂ ਨੂੰ ਵਰਦੀਆਂ ਦੇਣ, ਤਰੱਕੀ ਲਈ ਟਾਈਪ ਟੈਸਟ ਖਤਮ ਕਰਨਾ, ਮੋਬਾਈਲ ਭੱਤਾ ਵਾਪਸ ਕਰਨ, 200 ਰੁਪਏ ਟੈਕਸ ਖਤਮ ਕਰਨ, ਕਰੋਨਾ ਦੌਰਾਨ ਡਿਊਟੀਆਂ ਨਿਭਾਅ ਰਹੇ ਚੌਥਾ ਦਰਜਾ ਮੁਲਾਜ਼ਮਾਂ, ਸਫ਼ਾਈ ਸੇਵਕਾਂ ਨੂੰ ਦੋ ਵਾਧੂ ਇਨਕਰੀਮੈਂਟ ਦੇਣ ਦੀ ਮੰਗ ਵੀ ਕੀਤੀ ਗਈ।