ਘੁਲਾਲ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਟੌਲ ਤੋਂ ਵਾਹਨ ਮੁਫ਼ਤ ਲੰਘਾਏ
ਡੀ.ਪੀ.ਐੱਸ ਬੱਤਰਾ
ਸਮਰਾਲਾ, 10 ਨਵੰਬਰ
ਇੱਥੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਪੈਂਦੇ ਘੁਲਾਲ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਅੱਜ ਸਮੇਂ ਸਿਰ ਤਨਖ਼ਾਹ ਨਾ ਮਿਲਣ ਕਾਰਨ ਰੋਸ ਵਜੋਂ ਕੰਮਕਾਜ ਬੰਦ ਕਰਕੇ ਪੰਜ ਘੰਟੇ ਲਈ ਟੌਲ ਪਲਾਜ਼ਾ ਲੋਕਾਂ ਲਈ ਪਰਚੀ ਮੁਕਤ ਕਰ ਦਿੱਤਾ। ਇਸ ਦੌਰਾਨ ਟੌਲ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਤਨਖਾਹਾਂ ਮਿਲਣ ’ਤੇ ਹੀ ਉਹ ਮੁੜ ਡਿਊਟੀ ’ਤੇ ਪਰਤਣਗੇ ਤੇ ਉਦੋਂ ਤੱਕ ਇਹ ਟੌਲ ਪਰਚੀ ਮੁਕਤ ਰੱਖਿਆ ਜਾਵੇਗਾ।
ਮੁਲਾਜ਼ਮਾਂ ਨੇ ਦੱਸਿਆ ਕਿ ਉਹ ਨਵੀਂ ਕੰਪਨੀ ਵੱਲੋਂ ਉਨ੍ਹਾਂ ਦੀ ਤਨਖਾਹ ਰੋਕਣ ਅਤੇ ਹੋਰ ਸਹੂਲਤਾਂ ਘਟਾਉਣ ਦੇ ਵਿਰੋਧ ਵਿੱਚ ਟੌਲ ਮੁਫ਼ਤ ਕਰਨ ਲਈ ਮਜਬੂਰ ਹੋਏ ਹਨ। ਟੌਲ ਪਲਾਜ਼ਾ ਦੇ ਕਰਮਚਾਰੀ ਕੁਲਵੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਵਾਲੀ ਕੰਪਨੀ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਜਾਰੀ ਕਰਦੀ ਸੀ ਪਰ ਨਵੀਂ ਕੰਪਨੀ ਦੇ ਮੈਨੇਜਰ ਨੇ ਤਨਖਾਹ ਹਰ ਮਹੀਨੇ ਦੀ 7 ਤਰੀਕ ਨੂੰ ਦੇਣ ਦੇ ਬਜਾਏ 22 ਤਰੀਕ ਨੂੰ ਦੇਣ ਬਾਰੇ ਕਿਹਾ ਅਤੇ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਵੀ ਘਟਾ ਦਿੱਤੀਆਂ ਹਨ। ਦੂਜੇ ਪਾਸੇ ਟੌਲ ਮੁਲਾਜ਼ਮਾਂ ਦੀ ਹਮਾਇਤ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਮੌਕੇ ’ਤੇ ਪੁੱਜੇ ਅਤੇ ਵਰਕਰਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੇ ਨਾਲ ਧਰਨੇ ’ਤੇ ਬੈਠ ਗਏ। ਗਿਆਸਪੁਰਾ ਨੇ ਕਿਹਾ ਕਿ ਉਹ ਟੌਲ ਵਰਕਰਾਂ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਇਸ ਸਬੰਧ ’ਚ ਟੌਲ ਪਲਾਜ਼ਾ ਕੰਪਨੀ ਦੇ ਮੈਨੇਜਰ ਰਮਨਦੀਪ ਨੇ ਕਿਹਾ ਕਿ ਉਨ੍ਹਾਂ ਨੇ ਡਿਊਟੀ ਅੱਜ ਹੀ ਜੁਆਇਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਹੋਣ ਤੋਂ ਪੰਜ ਘੰਟੇ ਬਾਅਦ ਇਨ੍ਹਾਂ ਦਾ ਸਮਝੌਤਾ ਹੋ ਗਿਆ ਹੈ ਅਤੇ ਸਟਾਫ ਹੜਤਾਲ ਖਤਮ ਕਰਕੇ ਕੰਮ ’ਤੇ ਪਰਤ ਆਇਆ ਹੈ।
ਮੁਲਾਜ਼ਮਾਂ ਨੇ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਟੌਲ ਕੰਪਨੀ ਦੇ ਅਧਿਕਾਰੀ ਧਰਨੇ ’ਤੇ ਬੈਠੇ ਮੁਲਾਜ਼ਮਾਂ ਨੂੰ ਧਰਨਾ ਖਤਮ ਕਰਕੇ ਮੁੜ ਡਿਊਟੀ ’ਤੇ ਆਉਣ ਲਈ ਰੰਜਾਮੰਦ ਕਰਦੇ ਰਹੇ। ਮੁਲਾਜ਼ਮਾਂ ਦੇ ਧਰਨੇ ਦੌਰਾਨ ਟੋਲ ਪਲਾਜ਼ਾ ਫਰੀ ਹੋਣ ਕਰਕੇ ਗੱਡੀਆਂ ਬਿਨਾਂ ਟੌਲ ਦਿੱਤੇ ਲੰਘਦੀਆਂ ਰਹੀਆਂ।