ਭੱਠਲ ਕਾਲਜ ਦੇ ਮੁਲਾਜ਼ਮਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਦੀਵਾਲੀ ਮਨਾਈ
ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਨਵੰਬਰ
ਇੱਥੇ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਦੇ ਮੁਲਾਜ਼ਮਾਂ ਨੇ ਕਾਲਜ ਨੂੰ ਬੰਦ ਕਰਨ ਅਤੇ ਇੱਕ ਸੌ ਮੁਲਾਜ਼ਮਾਂ ਨੂੰ ਨੌਕਰੀਉਂ ਕੱਢਣ ਖ਼ਿਲਾਫ਼ ਸਰਕਾਰ ਦੀ ਅਰਥੀ ਫੂਕ ਕੇ ਕਾਲੀ ਦੀਵਾਲੀ ਮਨਾਈ। ਮੁਲਾਜ਼ਮ ਆਗੂਆਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਤਨਖਾਹ ਨਾ ਮਿਲਣ ਕਰਕੇ ਮੁਲਾਜ਼ਮ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਹਨ। ਕਾਲਜ ਮੁਲਾਜ਼ਮਾਂ, ਪੰਜਾਬ ਸੁਬਾਰਡੀਨੇਟ ਸਰਵਿਸਜਿ਼ ਫੈਡਰੇਸ਼ਨ ਅਤੇ ਪੀ. ਡਬਲਿਊ. ਡੀ. ਫੀਲਡ ਵਰਕਰ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਦੀ ਅਰਥੀ ਫੂਕਣ ਉਪਰੰਤ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਕਾਲਜ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਗਲਤ ਫ਼ੈਸਲੇ ਕਾਰਨ ਅੱਜ ਦੀਵਾਲੀ ਵਰਗੇ ਵੱਡੇ ਤਿਉਹਾਰ ਦਰੀਆਂ ’ਤੇ ਬੈਠ ਕੇ ਮਨਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰਾਂ ਅੰਦਰ ਉਦਾਸੀ ਦਾ ਆਲਮ ਹੈ ਅਤੇ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਾਹਮਣੇ ਹੀਣ ਭਾਵਨਾ ਅਤੇ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ। ਮੁਜ਼ਾਹਰੇ ਦੌਰਾਨ ਕਾਲਜ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਸੁਬਾਰਡੀਨੇਟ ਸਰਵਿਸਜਿ਼ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਜਨਰਲ ਸਕੱਤਰ ਮੇਜਰ ਸਿੰਘ , ਪੀ. ਡਬਲਿਊ. ਡੀ. ਫੀਲਡ ਵਰਕਰਜ਼ ਯੂਨੀਅਨ ਦੇ ਬਾਵਾ ਸਿੰਘ ਗਾਗਾ, ਜੰਗਲਾਤ ਵਿਭਾਗ ਯੂਨੀਅਨ ਦੇ ਸਤਿਗੁਰ ਸਿੰਘ ਕੋਟੜਾ, ਮਜ਼ਦੂਰ ਮੁਕਤੀ ਮੋਰਚਾ ਦੇ ਬਲਾਕ ਪ੍ਰਧਾਨ ਬਿੱਟੂ ਖੋਖਰ, ਭਾਰਤ ਦੀ ਕ੍ਰਾਂਤੀਕਾਰੀ ਵਿਕਾਸ ਪਾਰਟੀ ਦੇ ਬੱਬੀ ਲਹਿਰਾ, ਸੰਦੀਪ ਖੰਡੇਬਾਦ, ਸੇਬੀ ਸਿੰਘ ਖੰਡੇਬਾਦ ਸਫਾਈ ਸੇਵਕ ਯੂਨੀਅਨ ਦੇ ਸੁਖਵਿੰਦਰ ਸਿੰਘ ਹਾਜ਼ਰ ਸਨ।