ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਕਾਲੀ ਦੀਵਾਲੀ ਮਨਾਉਣ ਦਾ ਐਲਾਨ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 24 ਅਕਤੂਬਰ
ਪਾਵਰਕੌਮ ਅਤੇ ਟਰਾਂਸਕੋ ਪੈਂਨਸ਼ਨਰ ਯੂਨੀਅਨ (ਪੰਜਾਬ) ਦੀ ਮੀਟਿੰਗ ਹਰਦਿਆਲ ਸਿੰਘ ਘੁਮਾਣ ਦੀ ਅਗਵਾਈ ਹੇਠ ਹੋਈ। ਮੀਟਿੰਗ ਬਾਰੇ ਦੱਸਦਿਆਂ ਸੁਬਾਈ ਆਗੂ ਸੁਰਿੰਦਰਪਾਲ ਸਿੰਘ ਅਤੇ ਬਲਬੀਰ ਮਾਨ ਨੇ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਮੁਲਾਜ਼ਮਾਂ-ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦੀ ਅਣਦੇਖੀ ਕਰਦੀ ਆ ਰਹੀ ਹੈ, ਸਰਕਾਰੀ ਨੁੰਮਾਇੰਦਿਆਂ ਨਾਲ ਅਣ-ਗਿਣਤ ਵਾਰ ਮੀਟਿੰਗਾਂ ਵੀ ਹੋਈਆਂ, ਪਰ ਸਰਕਾਰ ਨੇ ਵਾਰ-ਵਾਰ ਵਾਅਦਾਖ਼ਿਲਾਫ਼ੀ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਦਾ ਅਸਲ ਚਿਹਰਾ ਦਿਖਾਉਣ ਲਈ ਜ਼ਿਮਨੀ ਚੋਣਾਂ ’ਚ ਸਰਕਾਰ ਨਾਲ ਸਬੰਧਤ ਉਮੀਦਵਾਰਾਂ ਨੂੰ ਘੇਰਿਆ ਜਾਵੇਗਾ। ਉਲੀਕੇ ਪ੍ਰੋਗਰਾਮ ਤਹਿਤ 3 ਨਵੰਬਰ ਨੂੰ ਚੱਬੇਵਾਲ, 7 ਨਵੰਬਰ ਗਿੱਦੜਵਾਹਾ, 9 ਨਵੰਬਰ ਨੂੰ ਡੇਰਾ ਬਾਬਾ ਨਾਨਕ, 10 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕਿਆਂ ’ਚ ਝੰਡਾ ਮਾਰਚ ਕੀਤਾ ਜਾਵੇਗਾ। ਰੋਸ ਮੁਜ਼ਾਹਰੇ ਕਰਕੇ ‘ਆਪ’ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਜਾਵੇਗੀ। ਆਗੂਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੈਨਸ਼ਨ ਵਿਰੋਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਗਈ ਅਤੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਦਿੱਤੇ ਬਿਆਨ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਆਖਿਆ। ਉਨ੍ਹਾਂ ਆਖਿਆ ਕਿ ਹੁੱਣ ਤੱਕ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਸਰਕਾਰ ਤਿਉਹਾਰਾਂ ਸਮੇਂ ਕੋਈ ਬਕਾਇਆ, ਮਹਿੰਗਾਈ ਭੱਤਾ ਜਾਂ ਕੋਈ ਹੋਰ ਰਾਹਤ ਆਪਣੇ ਮੁਲਾਜ਼ਮਾਂ ਨੂੰ ਨਹੀਂ ਦੇ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਹੀਦਾਂ ਦਾ ਨਾਮ ਵਰਤ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਖਜ਼ਾਨੇ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਮੀਟਿੰਗ ’ਚ ਹਾਜ਼ਰ ਜਸਮੇਲ ਮੋਹੀ, ਭਰਪੂਰ ਸਿੱਧਵਾਂ ਖੁਰਦ, ਸੁਕਦੇਵ ਅੱਬੂਵਾਲ, ਸਤਪਾਲ ਭਨੋਹੜ, ਭਜਨ ਖੰਡੂਰ, ਚਰਨਜੀਤ ਘਮਨੇਵਾਲ, ਗੁਰਦੇਵ ਪੁੜੈਣ, ਗੁਰਮੇਲ ਕੈਲਪੁਰ ਤੇ ਹੋਰ ਆਗੂਆਂ ਨੇ ਸਾਂਝੇ ਤੌਰ ’ਤੇ ਆਖਿਆ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ 28-29 ਅਕਤੂਬਰ ਨੂੰ ਪੰਜਾਬ ਭਰ ’ਚ ਮੰਡਲ ਪੱਧਰ ਤੇ ਭਗਵੰਤ ਮਾਨ ਦੇ ਪੁਤਲੇ ਫੂੱਕ ਕੇ ਪਿੱਟ-ਸਿਆਪਾ ਕਰਾਂਗੇ ਅਤੇ ਲੋਕਾਂ ਦੀ ਕਚਾਹਿਰੀ ’ਚ ਸਰਕਾਰ ਦਾ ਅਸਲ ਸੱਚ ਲੈ ਕੇ ਜਾਵਾਂਗੇ।