ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਲਾਰਿਆਂ ਦੀ ਪੰਡ ਫੂਕੀ
ਖੇਤਰੀ ਪ੍ਰਤੀਨਿਧ
ਬਰਨਾਲਾ, 5 ਅਗਸਤ
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਅਤੇ ਟਰਾਂਸਕੋ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਸਥਾਨਕ ਧਨੌਲਾ ਰੋਡ ਸਥਿਤ ਦਫ਼ਤਰ ਵਿੱਚ ਮੇਲਾ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਰੈਲੀ ਕਰਨ ਉਪਰੰਤ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਪੰਜਾਬ ਦੇ ਲਾਰਿਆਂ ਦੀ ਪੰਡ ਫੂਕੀ ਗਈ। ਬੁਲਾਰਿਆਂ ‘ਚ ਸ਼ਾਮਲ ਹਰਨੇਕ ਸਿੰਘ ਸੰਘੇੜਾ, ਗੌਰੀ ਸ਼ੰਕਰ, ਜੋਗਿੰਦਰ ਪਾਲ ਤੇ ਜਗਦੀਸ਼ ਸਿੰਘ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਧਾਰੀ ਚੁੱਪ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੂਬਾ ਆਗੂ ਸਿੰਦਰ ਧੌਲਾ, ਜੱਗਾ ਸਿੰਘ ਧਨੌਲਾ, ਰੂਪ ਚੰਦ ਤਪਾ, ਸਿਕੰਦਰ ਸਿੰਘ ਤਪਾ, ਮੋਹਣ ਸਿੰਘ ਛੰਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਨਾਲ ਵਾਰ-ਵਾਰ ਵਾਅਦਾ ਖਿਲਾਫੀ ਕਰਕੇ ਭਰੋਸਾ ਤੋੜਿਆ। ਇਸ ਦੇ ਰੋਸ ਵਜੋਂ ਅੱਜ ‘ਲਾਰਿਆਂ ਦੀ ਪੰਡ’ ਸਾੜ ਕੇ ਵਿਰੋਧ ਪ੍ਰਗਟ ਕੀਤਾ ਗਿਆ ਹੈ। ਇਸ ਮੌਕੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋ ਰਹੇ ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਬਾਰੇ ਜਾਣਕਾਰੀ ਦਿੱਤੀ ਗਈ।
ਭੁੱਚੋ ਮੰਡੀ ( ਪੱਤਰ ਪ੍ਰੇਰਕ): ਮੁਲਾਜ਼ਮ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਾਂਝੇ ਫਰੰਟ ਦੇ ਸੱਦੇ ’ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਿਵੀਜ਼ਨ ਭੁੱਚੋ ਕਲਾਂ ਵੱਲੋਂ 66 ਕੇਵੀ ਗਰਿੱਡ ਦੇੇ ਗੇਟ ’ਤੇ ਪਿੱਟ ਸਿਆਪਾ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸਰਕਲ ਮੀਤ ਪ੍ਰਧਾਨ ਗੁਰਮੀਤ ਸਿੰਘ, ਅੰਗਰੇਜ਼ ਸਿੰਘ, ਰਾਜਮਹੇਸ਼ ਸਿੰਘ, ਰਵਿੰਦਰ ਕੁਮਾਰ, ਸੁਖਪਾਲ ਸਿੰਘ,ਕੁਲਵਿੰਦਰ ਸਿੰਘ ਅਤੇ ਦੀਪ ਚੰਦ ਨੇ ਕਿਹਾ ਕਿ ਮੁੱਖ ਮੰਤਰੀ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਵਾਰ ਵਾਰ ਮੁੱਕਰ ਰਹੇ ਹਨ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਟਾਲ ਮਟੋਲ ਕਰ ਰਹੇ ਹਨ। ਇਸੇ ਦੌਰਾਨ ਐਂਪਲਾਈਜ਼ ਫੈਡਰੇਸ਼ਨ (ਚਾਹਲ) ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ ਥਰਮਲ ਪਲਾਂਟ ਦੇ ਮੁੱਖ ਗੇਟ ਅੱਗੇ ਰੈਲੀ ਕਰਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਮੌਕੇ ਬਲਜੀਤ ਸਿੰਘ ਬਰਾੜ, ਲਖਵੰਤ ਸਿੰਘ ਬਾਂਡੀ, ਰਘਬੀਰ ਸਿੰਘ ਸੈਣੀ, ਰਜਿੰਦਰ ਸਿੰਘ ਨਿੰਮਾ ਹਾਜ਼ਰ ਸਨ। ਜੈਤੋ (ਪੱਤਰ ਪ੍ਰੇਰਕ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੱਜ ਇੱਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਮੁੱਖ ਮੰਤਰੀ ’ਤੇ ਫਰੰਟ ਦੇ ਆਗੂਆਂ ਨਾਲ ਵਾਰ-ਵਾਰ ਵਾਅਦਾ ਕਰ ਕੇ ਮੀਟਿੰਗ ਨਾ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਪ੍ਰੇਮ ਚਾਵਲਾ, ਜਗਦੀਸ਼ ਰਾਏ ਅਰੋੜਾ, ਕੁਲਵੰਤ ਸਿੰਘ ਚਾਨੀ, ਗੁਰਮੀਤ ਸਿੰਘ ਜੈਤੋ, ਪ੍ਰਕਾਸ਼ ਸਿੰਘ ਜੈਤੋ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਦੀ ਮਾਨਸਾ ਰਿਟਾਇਰਡ ਐਂਪਲਾਈਜ਼ ਵੈਲਫੇਅਰ ਵੱਲੋਂ ਜ਼ਿਲ੍ਹਾ ਕਚਹਿਰੀਆਂ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਸੇਵਾਮੁਕਤ ਮੁਲਾਜ਼ਮਾਂ ਨੇ ਇਹ ਅਰਥੀ ਹਕੂਮਤ ਵੱਲੋਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ’ਚ ਸਾੜੀ ਗਈ।
ਇਸ ਮੌਕੇ ਸੱਤਪਾਲ ਭੈਣੀ, ਰਾਜ ਕੁਮਾਰ ਰੰਗਾ, ਜੱਗਾ ਸਿੰਘ ਅਲੀਸ਼ੇਰ, ਬਿੱਕਰ ਸਿੰਘ ਮਾਖਾ, ਜਗਦੇਵ ਸਿੰਘ ਘੁਰਕਣੀ ਮਨਿੰਦਰ ਸਿੰਘ ਜਵਾਹਰਕੇ ਅਤੇ ਗੁਰਚਰਨ ਸਿੰਘ ਮੰਦਰਾਂ,ਲੱਖਾ ਸਿੰਘ ਸਹਾਰਨਾ ਨੇ ਸੰਬੋਧਨ ਕੀਤਾ।
ਅੰਦੋਲਨ ਕਰ ਰਹੇ ਬਿਜਲੀ ਮੁਲਾਜ਼ਮਾਂ ਨੂੰ ਡਿਪਲੋਮਾ ਇੰਜਨੀਅਰਾਂ ਨੇ ਦਿੱਤਾ ਸਮਰਥਨ
ਸਿਰਸਾ(ਨਿੱਜੀ ਪੱਤਰ ਪ੍ਰੇਰਕ): ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਦੇ ਆਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਮੰਗਾਂ ਨੂੰ ਲੈ ਕੇ ਬਿਜਲੀ ਕਾਮਿਆਂ ਦਾ ਅੰਦੋਲਨ 7ਵੇਂ ਦਿਨ ਵੀ ਪੂਰੇ ਜ਼ੋਰ ਨਾਲ ਜਾਰੀ ਰਿਹਾ। ਅੰਦੋਲਨ ਦੇ 7ਵੇਂ ਦਿਨ ਡਿਪਲੋਮਾ ਇੰਜਨੀਅਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਮੁਲਾਜ਼ਮਾਂ ਦੇ ਹਿੱਤਾਂ ਲਈ ਇਕੱਠੇ ਹੋ ਕੇ ਸੰਘਰਸ਼ ਕਰਨਗੇ। ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੇ ਅੰਦੋਲਨ ਨੂੰ ਇੱਕ ਹਫ਼ਤਾ ਬੀਤ ਚੁੱਕਾ ਹੈ ਪਰ ਅੱਜ ਤੱਕ ਨਾ ਤਾਂ ਅਧਿਕਾਰੀਆਂ ਨੇ ਨਾ ਹੀ ਨਿਗਮ ਵੱਲੋਂ ਵਾਹਨਾਂ ਦਾ ਪ੍ਰਬੰਧ ਕੀਤਾ ਹੈ ਅਤੇ ਨਾ ਹੀ ਮੁਲਾਜ਼ਮਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੀ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੁਲਾਜ਼ਮ ਵੱਡਾ ਅੰਦੋਲਨ ਵਿੱਢਣ ਲਈ ਮਜਬੂਰ ਹੋਣਗੇ।