ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਦੇ ‘ਲਾਰਿਆਂ ਦੀ ਪੰਡ’ ਫੂਕੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਗਸਤ
ਦਿ ਕਲਾਸ ਫੋਰ ਗੌਰਮਿੰਟ ਐਂਪਲਾਇਜ਼ ਯੂਨੀਅਨ ਪੰਜਾਬ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਅਤੇ ਜੰਗਲਾਤ ਵਿਭਾਗ ਦੇ ਡੇਲੀਵੇਜ਼ ਕਾਮਿਆਂ ਦੀਆਂ ਮੰਗਾਂ ਸਬੰਧੀ ਮੁਲਾਜ਼ਮਾਂ ਵਲੋਂ ਜੰਗਲਾਤ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਮੇਲਾ ਸਿੰਘ ਪੁੰਨਾਂਵਾਲ, ਸੀਤਾ ਰਾਮ ਸ਼ਰਮਾ, ਇੰਦਰ ਸਿੰਘ ਧੂਰੀ , ਹੰਸ ਰਾਜ ਦੀਦਾਰਗੜ੍ਹ, ਨਾਜਰ ਸਿੰਘ ਈਸੜਾ, ਗੁਰਮੀਤ ਸਿੰਘ ਮਿੱਡਾ, ਕਸ਼ਮੀਰ ਸਿੰਘ, ਗਮਦੂਰ ਸਿੰਘ, ਕੇਵਲ ਸਿੰਘ ਗੁੱਜਰਾਂ ਅਤੇ ਜਸਵੀਰ ਸਿੰਘ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਡੇਲੀਵੇਜ ਕਾਮਿਆਂ ਦੀਆਂ ਮੰਗਾਂ ਨੂੰ ਵੀ ਅਧਿਕਾਰੀਆਂ ਵਲੋਂ ਨਜ਼ਰਅੰਦਾਜ ਕਰ ਰਿਹਾ ਹੈ। ਕਾਮਿਆਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬਾ ਪੱਧਰ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅੱਜ ਛੁੱਟੀ ਦੇ ਬਾਵਜੂਦ ਡੀਸੀ ਦਫ਼ਤਰ ਅੱਗੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ। ਰੈਲੀ ਨੂੰ ਸੰਬੋਧਨ ਕਰਦਿਆਂ ਫ਼ਰੰਟ ਦੇ ਸੂਬਾਈ ਕਨਵੀਨਰ ਰਣਜੀਤ ਸਿੰਘ ਰਾਣਵਾਂ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਬਨਭੌਰੀ, ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਨਾਹਰ ਸਿੰਘ ਮੁਬਾਰਕਪੁਰੀ, ਪ੍ਰਿੰਸੀਪਲ ਜੱਗਾ ਸਿੰਘ ਮੰਡਿਆਲ ਅਤੇ ਵਿੱਤ ਸਕੱਤਰ ਨਿਰਮਲ ਸਿੰਘ ਫਲੌਂਡ ਨੇ ਕਿਹਾ ਕਿ ਸੱਤ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਭਗਵੰਤ ਮਾਨ ਸਰਕਾਰ ਦੇ ਏਜੰਡੇ ’ਤੇ ਨਹੀਂ ਹਨ। ਢਾਈ ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਮੰਗਾਂ ਦੇ ਨਿਬੇੜੇ ਲਈ ਨਹੀਂ ਕੀਤੀ, ਜਿਸ ਕਾਰਨ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਫਰੰਟ ਵੱਲੋਂ ਸੰਘਰਸ਼ ਦੀ ਅਗਲੀ ਕੜੀ ਵਜੋਂ ਤਿੰਨ ਸਤੰਬਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਚੰਡੀਗੜ੍ਹ ਰਾਜ ਪੱਧਰੀ ਰੈਲੀ ਕਰਕੇ ਵਿਧਾਨ ਸਭਾ ਵੱਲ ਕੂਚ ਕੀਤਾ ਜਾਵੇਗਾ।
ਸੁਨਾਮ ਊਧਮ ਸਿੰਘ ਵਾਲਾ (ਬੀਰਇੰਦਰ ਸਿੰਘ ਬਨਭੌਰੀ): ਮੁਲਾਜ਼ਮ ਅਤੇ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਦੇ ਸੱਦੇ ’ਤੇ ਤਹਿਸੀਲ ਸੁਨਾਮ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰਾਮ ਸਰੂਪ ਢੈਪਈ, ਸੁਰਿੰਦਰ ਸਿੰਘ, ਸੋਮ ਸਿੰਘ, ਗੁਰਬਖਸ਼ ਸਿੰਘ ਦੀ ਸਾਂਝੀ ਅਗਵਾਈ ਹੇਠ ਇਥੋਂ ਦੇ ਮਾਤਾ ਮੋਦੀ ਪਾਰਕ ਵਿੱਚ ਇਕੱਠੇ ਹੋ ਕੇ ਅਮਨ ਅਰੋੜਾ ਕੈਬਨਿਟ ਮੰਤਰੀ ਦੀ ਰਿਹਾਇਸ਼ ਤੱਕ ਮੁੱਖ ਮੰਤਰੀ ਦੇ ਝੂਠੇ ਵਾਅਦਿਆਂ ਦੀ ਪੰਡ ਚੁੱਕ ਕੇ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ ਕਰਦਿਆਂ ਰੋਸ ਧਰਨਾ ਵੀ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਰੈਲੀ ਨੂੰ ਜੀਤ ਸਿੰਘ ਬੰਗਾ ਜਗਦੇਵ ਸਿੰਘ ਬਾਹੀਆ, ਦਰਸ਼ਨ ਸਿੰਘ ਮੱਟੂ, ਪਵਨ ਕੁਮਾਰ ਸਰਮਾਂ, ਹਰਮੇਲ ਸਿੰਘ ਮਹਿਰੋਕ, ਮੋਹਣ ਲਾਲ, ਭੁਪਿੰਦਰ ਸਿੰਘ ਛਾਜਲੀ, ਰਾਮ ਸਰੂਪ ਢੈਪਈ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਅਗਰ ਮੁਲਾਜ਼ਮਾਂ ਪੈਨਸਨਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਤਾਂ ਭਵਿੱਖ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਕੀਤੀ ਵਾਅਦਾਖਿਲਾਫੀ ਦੇ ਨਤੀਜੇ ਭੁਗਤਣੇ ਪੈਣਗੇ। ਰੈਲੀ ਦੇ ਅਖੀਰ ਵਿੱਚ ਮੁੱਖ ਮੰਤਰੀ ਦੇ ਝੂਠੇ ਵਾਅਦਿਆਂ ਦੀ ਪੰਡ ਫੂਕੀ ਗਈ ਤੇ 3 ਸਤੰਬਰ ਦੇ ਵਿਧਾਨ ਸਭਾ ਵੱਲ ਮਾਰਚ ਦੀਆਂ ਤਿਆਰੀਆਂ ਅਤੇ ਸੰਘਰਸ਼ ਦਾ ਐਲਾਨ ਕੀਤਾ।
ਪਾਵਰਕੌਮ ਦਫ਼ਤਰ ਅੱਗੇ ਰੋਸ ਰੈਲੀ ਕੀਤੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਅੱਜ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਫ਼ੈਸਲੇ ਅਨੁਸਾਰ ਪਾਵਰਕੌਮ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਖ਼ਿਲਾਫ਼ ਪਾਵਰਕੌਮ ਦੇ ਡਿਵੀਜ਼ਨ ਦਫ਼ਤਰ ਲਹਿਰਾਗਾਗਾ ਵਿੱਚ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਰੈਲੀ ਨੂੰ ਸੂਬਾ ਆਗੂ ਜੰਗੀਰ ਸਿੰਘ ਕਟਾਰੀਆ, ਦਵਿੰਦਰ ਸਿੰਘ ਪਿਸ਼ੌਰ ਪੂਰਨ ਸਿੰਘ ਖਾਈ, ਸੀਤਾ ਰਾਮ ਸ਼ਰਮਾ ਜਗਦੇਵ ਸਿੰਘ ਸੰਗਤਵਾਲਾ, ਜਗਮੋਹਣ ਕੁਮਾਰ, ਜਸਬੀਰ ਸਿੰਘ, ਜਸਵਿੰਦਰ ਸਿੰਘ ਅਤੇ ਜਰਨੈਲ ਸਿੰਘ ਨੇ ਸੰਬੋਧਨ ਕੀਤਾ।
ਪੈਨਸ਼ਨਰਾਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਧੂਰੀ (ਪਵਨ ਕੁਮਾਰ ਵਰਮਾ): ਪੈਨਸ਼ਨਰ ਐਸੋਸੀਏਸ਼ਨ ਦੀ ਅਗਵਾਈ ਹੇਠ ਪਾਵਰਕੌਮ ਮੰਡਲ ਧੂਰੀ ਦੇ ਗੇਟ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਸਾੜ ਕੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਖੁਰਮੀ, ਸਕੱਤਰ ਅਮਰਜੀਤ ਸਿੰਘ ਅਮਨ, ਹਰਦੇਵ ਸਿੰਘ, ਬਲਵਿੰਦਰ ਸਿੰਘ ਚਾਂਗਲੀ, ਜੋਗਿੰਦਰ ਸਿੰਘ ਹਰਚੰਦਪੁਰੀ, ਛੱਜੂ ਰਾਮ ਅਤੇ ਬਲਦੇਵ ਸਿੰਘ ਮੀਮਸਾ ਨੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਪੈਨਸ਼ਨਰ ਤੇ ਮੁਲਾਜ਼ਮ ਸਾਂਝਾ ਫਰੰਟ ਪੰਜਾਬ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਪੰਜਾਬ ਸਕਰਾਰ ਵੱਲੋਂ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਰੱਦ ਕਰਨ ਦੀ ਨਿਖੇਧੀ ਕਰਦਿਆਂ ਮੈਡੀਕਲ ਕੈਸ਼ਲੈਸ ਸਕੀਮ ਪੈਨਸ਼ਨਰਾਂ ’ਤੇ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਹੱਲ ਕੀਤੀਆਂ ਜਾਣ। ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਝਾਂ ਫਰੰਟ ਦੇ ਸੂਬਾਈ ਸੱਦੇ ’ਤੇ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਬਿਜਲੀ ਬੋਰਡ ਪੈਨਸ਼ਨਰਜ਼ ਦੇ ਸਾਂਝੇ ਤੌਰ ’ਤੇ ਅੱਜ ਅਨਾਜ ਮੰਡੀ ਦਿੜ੍ਹਬਾ ਵਿੱਚ ਰੈਲੀ ਅਤੇ ਰੋਸ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਕੁਮਾਰ ਦਿੜ੍ਹਬਾ, ਚੰਦ ਸਿੰਘ ਰੋਗਲਾ, ਦਰਸ਼ਨ ਸਿੰਘ ਰੋਗਲਾ, ਬਲਜੀਤ ਸਿੰਘ ਦਿਆਲਗੜ ਅਤੇ ਅਜੀਤ ਸਿੰਘ ਕੌਹਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਾਰ-ਵਾਰ ਸਮਾਂ ਦੇ ਕੇ ਮੀਟਿੰਗਾਂ ਰੱਦ ਕੀਤੀਆਂ ਜਾ ਰਹੀਆਂ ਹਨ, ਜਿਸ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਵਿਆਪਕ ਰੋਸ ਹੈ। ਬੰਤਾ ਸਿੰਘ ਕੈਂਪਰ, ਭਿੰਦਰ ਸਿੰਘ, ਭਰਪੂਰ ਸਿੰਘ, ਕਸਮੀਰ ਸਿੰਘ ਰੋੜੇਵਾਲਾ, ਜਤਿੰਦਰ ਭਾਰਦਵਾਜ, ਚਰੰਜੀ ਲਾਲ ਖਨਾਲ, ਦੁਰਗਾ ਦਾਸ ਪਾਤੜਾਂ, ਜਗਵੰਤ ਸਿੰਘ ਬੁਰੜ, ਰਾਜ ਕੁਮਾਰ ਪਾਤੜਾਂ, ਹਰਕੇਸ਼ ਸਿੰਘ ਦਿੜ੍ਹਬਾ ਅਤੇ ਬਲਵਿੰਦਰ ਸਿੰਘ ਕੈਂਪਰ ਨੇ ਕਿਹਾ ਕਿ ਜੇਕਰ ਸਰਕਾਰ ਇਸੇ ਤਰਾਂ ਮੰਗਾਂ ਪ੍ਰਤੀ ਟਾਲ-ਮਟੋਲ ਕਰਦੀ ਰਹੀ ਤਾਂ ਸੂਬਾ ਪੱਧਰ ਦੇ ਦਿੱਤੇ ਸੱਦੇ ਅਨੁਸਾਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।