ਸੇਵਾਵਾਂ ਦੀ ਬਹਾਲੀ ਲਈ ਟੈਂਕੀ ’ਤੇ ਚੜ੍ਹਿਆ ਮੁਲਾਜ਼ਮ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 27 ਜੁਲਾਈ
ਨਗਰ ਪੰਚਾਇਤ ਭਗਤਾ ਭਾਈ ਦੇ ਨੌਕਰੀ ਤੋਂ ਫ਼ਾਰਗ ਕੀਤੇ 5 ਕੱਚੇ ਦਫ਼ਤਰੀ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਭਗਤਾ ਭਾਈ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੇ ਅੱਜ ਸਵੇਰੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਨੌਕਰੀ ਤੋਂ ਫਾਰਗ ਕੀਤੇ ਮੁਲਾਜ਼ਮਾਂ ਵਿਚੋਂ ਸੁੰਦਰ ਲਾਲ ਵਾਸੀ ਕਾਂਗੜ ਆਪਣੇ ਪਿੰਡ ਕਾਂਗੜ ਦੇ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਿਆ ਜਿਸ ਮਗਰੋਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸੇ ਦੌਰਾਨ ਹੜਤਾਲੀ ਸਫ਼ਾਈ ਸੇਵਕਾਂ ਨੇ ਵੀ ਜਲ ਘਰ ਕਾਂਗੜ ਦੀ ਟੈਂਕੀ ਕੋਲ ਪਹੁੰਚ ਕੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਉਕਤ ਮੰਗਾਂ ਨੂੰ ਲੈ ਕੇ ਪਿਛਲੇ ਪੰਦਰਾਂ ਦਿਨਾਂ ਤੋਂ ਸਫਾਈ ਸੇਵਕਾਂ ਵੱਲੋਂ ਨਗਰ ਪੰਚਾਇਤ ਭਗਤਾ ਭਾਈ ਦੇ ਦਫ਼ਤਰ ਅੱਗੇ ਲਗਾਤਾਰ ਧਰਨਾ ਲਾਇਆ ਹੋਇਆ ਹੈ। ਜਲ ਘਰ ਦੀ ਟੈਂਕੀ ’ਤੇ ਚੜ੍ਹੇ ਮੁਲਾਜ਼ਮ ਸੁੰਦਰ ਲਾਲ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੱਤਾਧਾਰੀ ਧਿਰ ਦੇ ਕੁਝ ਸਥਾਨਕ ਆਗੂਆਂ ਦੇ ਕਹਿਣ ’ਤੇ ਨਗਰ ਪੰਚਾਇਤ ਦੇ ਇਕ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਉਹ ਬੇਰੁਜ਼ਗਾਰ ਹੋ ਗਏ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਲਈ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਬੜਾ ਔਖ਼ਾ ਹੋ ਗਿਆ ਹੈ, ਜਿਸ ਕਾਰਨ ਮਜ਼ਬੂਰੀ ਵੱਸ ਉਸ ਨੂੰ ਟੈਂਕੀ ’ਤੇ ਚੜ੍ਹਨਾ ਪਿਆ ਹੈ। ਇਸ ਸਮੇਂ ਕੁਝ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਧਰਨਾਕਾਰੀਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਸਫ਼ਾਈ ਸੇਵਕ ਯੂਨੀਅਨ ਭਗਤਾ ਦੇ ਪ੍ਰਧਾਨ ਸੁਖਦੀਪ ਕੁਮਾਰ, ਚੇਅਰਮੈਨ ਸ਼ਨੀ, ਮੀਤ ਪ੍ਰਧਾਨ ਰਜੇਸ਼ ਭਾਲ ਤੇ ਸੈਕਟਰੀ ਕ੍ਰਿਸ਼ਨ ਕੁਮਾਰ ਗੋਰੀ ਨੇ ਕਿਹਾ ਕਿ ਹੜਤਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਸੱਤਾਧਾਰੀ ਧਿਰ ਦਾ ਆਗੂ ਉਨ੍ਹਾਂ ਦੀ ਦੁੱਖ ਤਕਲੀਫ਼ ਸੁਣਨ ਨਹੀਂ ਪਹੁੰਚਿਆ, ਜਿਸ ਕਾਰਨ ਮੁਲਾਜ਼ਮਾਂ ਤੇ ਸਫ਼ਾਈ ਸੇਵਕਾਂ ‘ਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਇਸੇ ਦੌਰਾਨ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਵਿਚਕਾਰ ਅੱਜ ਉਕਤ ਮਸਲੇ ਨੂੰ ਲੈ ਕੇ ਕਈ ਵਾਰ ਗੱਲਬਾਤ ਹੋਈ। ਯੂਨੀਅਨ ਦੇ ਪ੍ਰਧਾਨ ਸੁਖਦੀਪ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਸਬੰਧੀ ਲਿਖ਼ਤੀ ਭਰੋਸਾ ਦੇਣ ਤੋਂ ਬਾਅਦ ਸ਼ਾਮ ਨੂੰ ਸੁੰਦਰ ਲਾਲ ਕਾਂਗੜ ਨੂੰ ਜਲ ਘਰ ਦੀ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ।
ਪਿੰਡ ਰਾਏਸਰ ਵਿੱਚ ਕਿਸਾਨ ਮੋਬਾਈਲ ਟਾਵਰ ’ਤੇ ਚੜ੍ਹਿਆ
ਮਹਿਲ ਕਲਾਂ (ਨਵਕਿਰਨ ਸਿੰਘ): ਪੁਲੀਸ ਕੇਸ ਰੱਦ ਕਰਵਾਉਣ ਦੀ ਮੰਗ ਲਈ ਪਿੰਡ ਰਾਏਸਰ ਵਿਖੇ ਇੱਕ ਕਿਸਾਨ ਅੰਗਰੇਜ਼ ਸਿੰਘ 300 ਫੁੱਟ ਉੱਚੇ ਮੋਬਾਈਲ ਟਾਵਰ ’ਤੇ ਚੜ੍ਹ ਗਿਆ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਕਿਸਾਨ ਯੂਨੀਅਨ ਦਾ ਪਿੰਡ ਪੱਧਰ ਦਾ ਆਗੂ ਹੈ ਅਤੇ ਉਸ ਖ਼ਿਲਾਫ਼ ਰਿਸ਼ਤੇਦਾਰੀ ਦੇ ਇਕ ਮਾਮਲੇ ਵਿੱਚ ਥਾਣਾ ਟੱਲੇਵਾਲ ਵਿਚ ਉਸ ਖ਼ਿਲਾਫ਼ ਕੇਸ ਦਰਜ ਹੈ। ਉਸ ਕੇਸ ਨੂੰ ਰੱਦ ਕਰਨ ਦੀ ਮੰਗ ਲਈ ਅੰਗਰੇਜ਼ ਸਿੰਘ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਵੱਲੋਂ ਮੌਕੇ ’ਤੇ ਪੁੱਜ ਕੇ ਉਸ ਕਿਸਾਨ ਨੂੰ ਹੇਠਾਂ ਉਤਾਰਿਆ ਗਿਆ। ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਵਾਸੀ ਰਾਏਸਰ ਜੋ ਥਾਣਾ ਟੱਲੇਵਾਲ ਵਿਖੇ ਪਰਚਾ ਦਰਜ ਹੋਣ ਤੋਂ ਬਾਅਦ ਰੋਸ ਵਜੋਂ ਆਪਣੇ ਪਿੰਡ ਇੱਕ ਟਾਵਰ ਤੇ ਚੜ੍ਹ ਗਿਆ ਸੀ ਉਸ ਨੂੰ ਪਿੰਡ ਵਾਸੀਆਂ ਦੀ ਹਾਜ਼ਰੀ ਹੇਠਾਂ ਉਤਾਰ ਲਿਆ ਗਿਆ ਹੈ।