ਚੌਲਾਂ ਦੀ ਵੰਡ ਵਿੱਚ ਹੋਏ 1.55 ਕਰੋੜ ਰੁਪਏ ਦੇ ਗ਼ਬਨ ਦਾ ਪਰਦਾਫਾਸ਼
ਸ਼ਗਨ ਕਟਾਰੀਆ
ਬਠਿੰਡਾ, 21 ਜੂਨ
ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਗੁਦਾਮ ’ਤੇ ਛਾਪਾ ਮਾਰ ਕੇ 1.55 ਕਰੋੜ ਰੁਪਏ ਦੇ ਕਥਿਤ ਵੱਡੇ ਗ਼ਬਨ ਦਾ ਪਰਦਾਫਾਸ਼ ਕਰਦਿਆਂ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕੀਤੇ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਮਾਲਕ ਗੋਪਾਲ ਗੋਇਲ ਸਣੇ ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ‘ਜੈ ਜੈਨੇਂਦਰ’ ਫ਼ਰਮ ਦੇ ਠੇਕੇਦਾਰ ਹਰੀਸ਼ ਦਲਾਲ, ‘ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ’ ਦੇ ਮਾਲਕ ਗੋਪਾਲ ਗੋਇਲ, ‘ਅੰਜਨੀ ਰਾਈਸ ਮਿੱਲ ਕੁੱਤੀਵਾਲ ਕਲਾਂ ਮੌੜ ਮੰਡੀ’ (ਬਠਿੰਡਾ) ਦੇ ਮਾਲਕ, ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ‘ਭਾਰਤ ਬ੍ਰਾਂਡ’ ਸਕੀਮ ਤਹਿਤ ਰਾਸ਼ਟਰੀ ਸਹਿਕਾਰੀ ਖ਼ਪਤਕਾਰ ਫ਼ੈਡਰੇਸ਼ਨ ਆਫ਼ ਇੰਡੀਆ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੇ ਗਰੀਬ ਪਰਿਵਾਰਾਂ ਨੂੰ ਲਗਪਗ 70 ਹਜ਼ਾਰ ਮੀਟ੍ਰਿਕ ਟਨ ਚੌਲ ਵੰਡੇ ਜਾ ਰਹੇ ਸਨ, ਜਿਨ੍ਹਾਂ ਦੀ ਕੀਮਤ ਲਗਪਗ 130 ਕਰੋੜ ਰੁਪਏ ਬਣਦੀ ਹੈ। ਬਠਿੰਡਾ ਜ਼ਿਲ੍ਹੇ ਵਿੱਚ 29 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਹ ਚੌਲ ਲਾਭਪਾਤਰੀਆਂ ਨੂੰ ਸਪਲਾਈ ਕਰਨ ਦਾ ਟੈਂਡਰ ਜੈ ਜੈਨੇਂਦਰ ਫ਼ਰਮ ਨੂੰ ਦਿੱਤਾ ਗਿਆ ਸੀ। ਸੂਚਨਾ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕਰ ਲਏ ਹਨ, ਜੋ ਫ਼ਤਿਆਬਾਦ ਦੇ ਕਸਬਾ ਹਮਜਾਪੁਰ ਭੇਜੇ ਜਾਣੇ ਸਨ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ‘ਜੈ ਜੈਨੇਂਦਰ’ ਫ਼ਰਮ ਦੇ ਠੇਕੇਦਾਰ ਹਰੀਸ਼ ਦਲਾਲ, ‘ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ’ ਦੇ ਮਾਲਕ ਗੋਪਾਲ ਗੋਇਲ, ‘ਅੰਜਨੀ ਰਾਈਸ ਮਿੱਲ ਕੁੱਤੀਵਾਲ ਕਲਾਂ ਮੌੜ ਮੰਡੀ’ (ਬਠਿੰਡਾ) ਦੇ ਮਾਲਕ ਅਤੇ ਦੋ ਟਰੱਕ ਡਰਾਈਵਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।