ਬਿਨਾਂ ਤਿਆਰੀ ਖੋਲ੍ਹਿਆ ਐਲੀਵੇਟਡ ਪੁਲ ਜਾਮ ਮਗਰੋਂ ਕਰਨਾ ਪਿਆ ਬੰਦ
ਗਗਨਦੀਪ ਅਰੋੜਾ
ਲੁਧਿਆਣਾ, 17 ਨਵੰਬਰ
ਫਿਰੋਜ਼ਪੁਰ ਰੋਡ ’ਤੇ ਬਣੇ ਐਲੀਵੇਟਡ ਪੁਲ ਦੇ ਭਾਈ ਬਾਲਾ ਚੌਕ ਤੋਂ ਲੈ ਕੇ ਜਗਰਾਉਂ ਪੁੱਲ ਤੱਕ ਦੇ ਰਸਤੇ ਨੂੰ ਬਿਨਾਂ ਤਿਆਰੀ ਦੇ ਹੀ ਪ੍ਰਸ਼ਾਸਨ ਨੇ ਖੋਲ੍ਹ ਦਿੱਤਾ। ਇਸ ਕਾਰਨ ਸਾਰਾ ਟ੍ਰੈਫਿਕ ਦਾ ਲੋਡ ਨਵੇਂ ਪੁਲ ਦੇ ਇੱਕ ਹਿੱਸੇ ’ਤੇ ਪੈ ਗਿਆ। ਲੋਕਾਂ ਦੀ ਪ੍ਰੇਸ਼ਾਨੀ ਘੱਟ ਹੋਣ ਦੀ ਥਾਂ ਵੱਧ ਗਈ। ਇਸ ਕਾਰਨ ਪ੍ਰਸ਼ਾਸਨ ਨੇ ਫਿਰ ਜਲਦੀ ’ਚ ਰਸਤਾ ਤਿੰਨ ਦਿਨ ਲਈ ਬੰਦ ਕਰ ਦਿੱਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਿਰਫ਼ ਟਰਾਇਲ ਲਈ ਕੀਤਾ ਗਿਆ ਸੀ। ਹੁਣ ਤਿੰਨ ਦਿਨ ’ਚ ਬਾਕੀ ਰਹਿੰਦੀ ਤਿਆਰੀ ਕਰ ਲਈ ਜਾਵੇਗੀ ਤੇ ਫਿਰ ਤੋਂ ਟਰੈਫਿਕ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਭਾਈ ਬਾਲਾ ਚੌਕ ਦੇ ਕੋਲ ਬਣਿਆ ਡਾਊਨ ਰੈਂਪ ਉਵੇਂ ਚਲਾਉਣ ਦੇ ਹੁਕਮ ਹਨ, ਪਰ ਹੁਣ ਟ੍ਰੈਫਿਕ ਜਗਰਾਉਂ ਪੁਲ ਤੱਕ ਪੁੱਲ ਦੀ ਥਾਂ ਥੱਲਿਓ ਹੀ ਲੰਘਣਾ ਪਵੇਗਾ। ਹੁਣ ਲੁਧਿਆਣਾ ਵਾਸੀਆਂ ਨੂੰ ਕੁਝ ਦਿਨ ਹੋਰ ਉਡੀਕ ਕਰਨੀ ਪੈ ਸਕਦੀ ਹੈ। ਫਿਰੋਜ਼ਪੁਰ ਰੋਡ ’ਤੇ ਬਣਾਏ ਗਏ ਐਲੀਵੇਟਡ ਰੋਡ ਦੇ ਦੋਵੇਂ ਪਾਸਿਓਂ ਰਸਤਾ ਚੁੰਗੀ ਤੋਂ ਲੈ ਕੇ ਭਾਈ ਬਾਲਾ ਚੌਕ ਤੱਕ ਖੋਲ੍ਹ ਦਿੱਤਾ ਗਿਆ ਹੈ। ਜਿਸ ਕਾਰਨ ਟ੍ਰੈਫਿਕ ਜਾਮ ਤੋਂ ਕਾਫ਼ੀ ਰਾਹਤ ਮਿਲੀ ਹੈ। ਭਾਰਤ ਨਗਰ ਚੌਕ ’ਤੇ ਪਿੱਲਰ ਰੱਖਣ ਦਾ ਕੰਮ ਹੋਣਾ ਸੀ ਤਾਂ ਇੱਕ ਹਫ਼ਤੇ ਤੋਂ 10 ਦਿਨ ਲਈ ਭਾਰਤ ਨਗਰ ਚੌਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇੱਕ ਪਾਸੇ ਦਾ ਕੰਮ ਪੂਰਾ ਹੋ ਗਿਆ। ਇਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਨਾਲ-ਨਾਲ ਨੈਸ਼ਨਲ ਅਥਾਰਟੀ ਆਫ਼ ਇੰਡੀਆ ਦੇ ਪ੍ਰਾਜੈਕਟ ਹੈੱਡ ਅਸ਼ੋਕ ਕੁਮਾਰ ਨੇ ਟੀਮ ਨਾਲ ਪੁਲ ਦੇ ਉਪਰ ਤੋਂ ਗੱਡੀਆਂ ਕੱਢੀਆਂ ਤੇ ਲੋਕਾਂ ਲਈ ਪੁਲ ਖੋਲ੍ਹ ਦਿੱਤਾ ਗਿਆ। ਇਸ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਸਾਰਾ ਪੁੱਲ ਖੁੱਲ੍ਹ ਗਿਆ ਹੈ ਤੇ ਬੱਸ ਅੱਡੇ ਵੱਲ ਜਾਣ ਵਾਲਾ ਸਾਰਾ ਟ੍ਰੈਫਿਕ ਤੇ ਮਾਲ ਰੋਡ ਵੱਲ ਜਾਣ ਵਾਲਾ ਸਾਰਾ ਟ੍ਰੈਫਿਕ ਨਵੇਂ ਬਣੇ ਪੁੱਲ ਤੋਂ ਹੋ ਕੇ ਜਾਣ ਲੱਗਿਆ। ਇਸ ਕਾਰਨ ਦੁਰਗਾ ਮਾਤਾ ਮੰਦਰ ਕੋਲ ਪੁੱਜੇ ਅਤੇ ਬੱਸ ਅੱਡੇ ਵੱਲ ਜਾਣ ਵਾਲੇ ਲੋਕ ਯੂ-ਟਰਨ ਲੈ ਕੇ ਘੁੰਮਣ ਲੱਗੇ। ਇਸ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ। ਸ੍ਰੀ ਦੁਰਗਾ ਮਾਤਾ ਮੰਦਰ ਤੋਂ ਲੈ ਕੇ ਨਵੇਂ ਪੁੱਲ ’ਤੇ ਟਰੈਫਿਕ ਜਾਮ ਲੱਗ ਗਿਆ ਤੇ ਲੋਕਾਂ ਦੀ ਪ੍ਰੇਸ਼ਾਨੀ ਘੱਟ ਹੋਣ ਦੀ ਥਾਂ ਵਧਣ ਲੱਗੀ। ਸੂਤਰ ਦੱਸਦੇ ਹਨ ਜਦੋਂ ਜਾਮ ਕੰਟਰੋਲ ਤੋਂ ਬਾਹਰ ਹੋ ਗਿਆ ਤਾਂ ਪੁਲੀਸ ਨੇ ਤੁਰੰਤ ਆਵਾਜਾਈ ਬੰਦ ਕਰਵਾ ਦਿੱਤੀ ਅਤੇ ਪ੍ਰਸ਼ਾਸਨ ਨੇ ਤਰਕ ਦਿੱਤਾ ਕਿ ਇਹ ਇੱਕ ਟਰਾਇਲ ਸੀ ਤੇ ਹੁਣ ਪੂਰੀ ਤਿਆਰੀ ਦੇ ਨਾਲ ਹੀ ਪੁਲ ਨੂੰ ਜਲਦੀ ਖੋਲ੍ਹਿਆ ਜਾਵੇਗਾ ਤਾਂ ਕਿ ਜਾਮ ਦੀ ਸਥਿਤੀ ਨਾ ਬਣੇ।