ਬਿਜਲੀ ਕਾਮਿਆਂ ਨੇ ਸੂਬਾ ਸਰਕਾਰ ਦੀ ਅਰਥੀ ਫੂਕੀ
ਸ਼ਸ਼ੀ ਪਾਲ ਜੈਨ
ਖਰੜ, 6 ਅਗਸਤ
ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ’ਤੇ ਖਰੜ ਡਿਵੀਜ਼ਨ ਦੇ ਬਿਜਲੀ ਕਾਮਿਆਂ ਵੱਲੋਂ ਵਿਭਾਗ ਦੇ ਸਥਾਨਕ ਦਫ਼ਤਰ ਵਿੱਚ ਭੁਪਿੰਦਰ ਸਿੰਘ ਮਦਨਹੇੜੀ ਅਤੇ ਬਰਿੰਦਰ ਸਿੰਘ ਦੀ ਅਗਵਾਈ ਹੇਠ ਅਰਥੀ ਫੂਕ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਜਥੇਬੰਦੀ ਨਾਲ 5 ਜੁਲਾਈ ਦੀ ਮੀਟਿੰਗ ਵਿੱਚ ਹੋਈ ਗੱਲਬਾਤ ਅਨੁਸਾਰ ਕੋਈ ਫ਼ੈਸਲਾ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਬਿਜਲੀ ਮੰਤਰੀ ਅਤੇ ਪੰਜਾਬ ਸਰਕਾਰ ਨਾਲ ਤਹਿ ਹੋਈ ਮੀਟਿੰਗ ਦੀ ਤਾਰੀਕ ਵੀ ਵਾਰ-ਵਾਰ ਬਦਲੀ ਜਾ ਰਹੀ ਹੈ। ਠੇਕੇਦਾਰੀ ਸਿਸਟਮ ਕਰ ਕੇ ਲਗਾਤਾਰ ਹਾਦਸੇ ਵਧ ਰਹੇ ਹਨ ਅਤੇ ਬਿਜਲੀ ਕਾਮਿਆਂ ਦੀ ਜਾਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜ ਜੁਲਾਈ ਦੀ ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਅਨੁਸਾਰ ਗਰਿੱਡ ਸਬ-ਸਟੇਸ਼ਨ ਉੱਪਰ ਕੰਮ ਕਰ ਰਹੇ ਬਿਜਲੀ ਕਾਮਿਆਂ (ਆਰਟੀਐੱਮ, ਓਸੀ, ਐੱਸਐੱਸਏ) ਦੀਆਂ ਤਰੱਕੀਆਂ/ਓਸੀ ਵਰਗ ਨੂੰ ਪੇਅ ਬੈਂਡ ਲਾਗੂ ਕਰਨ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਯੋਗ ਨੌਕਰੀ ਦੇਣ ਆਦਿ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਰੈਲੀ ਨੂੰ ਬਲਜਿੰਦਰ ਸਿੰਘ, ਪਰਮਜੀਤ ਸਿੰਘ, ਸੋਹਣ ਸਿੰਘ, ਸੁਖਜਿੰਦਰ ਸਿੰਘ, ਬਲਵਿੰਦਰ ਹੈਪੀ, ਸੇਰ ਸਿੰਘ, ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਦੱਸਿਆ ਗਿਆ ਕਿ ਪਾਵਰਕੌਮ ਮਹੱਤਵਪੂਰਨ ਅਦਾਰਾ ਹੈ, ਪਰ ਸਰਕਾਰ ਵੱਲੋਂ ਅਦਾਰੇ ਵਿੱਚ ਕੰਮ ਕਰਦੇ ਕਾਮਿਆਂ ਦੀ ਸਾਰ ਨਹੀਂ ਲਈ ਜਾ ਰਹੀ। ਆਗੂਆਂ ਨੇ ਮੈਨੇਜਮੈਂਟ ਅਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਲਾਗੂ ਕਰ ਕੇ ਸਰਕੂਲਰ ਨਾ ਜਾਰੀ ਕੀਤੇ ਗਏ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।