ਮਾਲੇਰਕੋਟਲਾ ’ਚ ਤੇਜ਼ੀ ਨਾਲ ਬਦਲ ਰਹੇ ਨੇ ਚੋਣ ਸਮੀਕਰਨ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਮਈ
ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿੱਚ ਅਜੇ ਤੱਕ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦੇ ਹੱਕ ਕੋਈ ਹਵਾ ਨਹੀਂ, ਉਮੀਦਵਾਰ ਜ਼ੁਬਾਨੀ ਜਮ੍ਹਾਂ ਖ਼ਰਚ ਕਰ ਰਹੇ ਹਨ। ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਭਾਸ਼ਣਾਂ ਵਿੱਚ ਮੁੱਦੇ ਗ਼ਾਇਬ ਹਨ, ਜਦਕਿ ਦੋਸ਼ਾਂ ਅਤੇ ਜੁਆਬੀ ਦੋਸ਼ਾਂ ਨੂੰ ਲੈ ਕੇ ਸ਼ਬਦੀ ਜੰਗ ਜਾਰੀ ਹੈ। ਸ਼ਹਿਰ ਅੰਦਰ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਕਰੀਬ 74 ਹਜ਼ਾਰ ਮੁਸਲਿਮ ਵੋਟ ਕਿਸੇ ਉਮੀਦਵਾਰ ਦੀ ਜਿੱਤ-ਹਾਰ ਲਈ ਫ਼ੈਸਲਾਕੁਨ ਹੋਣ ਕਾਰਨ ਮੁਸਲਿਮ ਵੋਟ ਨੂੰ ਪਤਿਆਉਣ ਲਈ ਉਮੀਦਵਾਰ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੁਸਲਿਮ ਵੋਟ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਮੰਨ ਰਹੇ ਹਨ। ਭਾਜਪਾ ਉਮੀਦਵਾਰ ਅਰਵਿੰਦ ਖੰਨਾ ਹਿੰਦੂ ਵੋਟ ’ਤੇ ਟੇਕ ਰੱਖਣ ਦੇ ਨਾਲ-ਨਾਲ ਹੋਰਨਾਂ ਤਬਕਿਆਂ ਦੇ ਵੋਟ ਬੈਂਕ ’ਚ ਪਾੜ ਲਾਉਣ ਲਈ ਯਤਨਸ਼ੀਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਆਪਣੀ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਵਾਲੀ ਸ਼ੈਲੀ ਕਾਰਨ ਮੁਸਲਿਮ ਤਬਕੇ ’ਚ ਵੀ ਆਪਣਾ ਆਧਾਰ ਮੰਨ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਧਾਰਾ 370 ਤੋੜਨ, ਬਾਬਰੀ ਮਸਜਿਦ ਸ਼ਹੀਦ ਕਰਨ ਅਤੇ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰਿਆਂ ਖ਼ਿਲਾਫ਼ ਆਪਣੀ ਬਿਆਨਬਾਜ਼ੀ ਦੇ ਜ਼ੋਰ ’ਤੇ ਮੁਸਲਿਮ ਵੋਟ ਉੱਤੇ ਆਪਣਾ ਵੱਧ ਹੱਕ ਸਮਝ ਕੇ ਚੱਲ ਰਹੇ ਹਨ। ਉਨ੍ਹਾਂ ਦੀ ਇਹ ਧਾਰਨਾ ਐਤਕੀਂ ਦੇਸ਼ ਵਿੱਚ ਬਣੇ ਧਰੁਵੀਕਰਨ ਮਾਹੌਲ ਦੇ ਮੱਦੇਨਜ਼ਰ ਮਾਲੇਰਕੋਟਲਾ ’ਚ ਬਣੀ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾ ਰਹੀ। ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ, ਮੁਫ਼ਤ ਬਿਜਲੀ, ਹਲਕੇ ਤੋਂ ਪਾਰਟੀ ਵਿਧਾਇਕ ਅਤੇ ਵਾਅਦਿਆਂ ਦੇ ਜ਼ੋਰ ’ਤੇ ਮੁਸਲਿਮ ਵੋਟ ਮੰਗ ਰਹੇ ਹਨ। ਡਾ. ਮੱਖਣ ਸਿੰਘ ਵੀ ਦਲਿਤ ਮੁਲਾਜ਼ਮਾਂ ਅਤੇ ਪਾਰਟੀ ਕਾਰਕੁਨਾਂ ਦੇ ਜ਼ਰੀਏ ਮੁਸਲਿਮ ਵੋਟ ਨੂੰ ਪ੍ਰਭਾਵਿਤ ਕਰਨ ਦੇ ਆਹਰੇ ਲੱਗੇ ਹੋਏ ਹਨ।
ਮੁਹੰਮਦ ਸ਼ਬੀਰ ਅਬਦਾਲੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਅੰਦਰਖਾਤੇ ਵਿਚਾਰ-ਵਟਾਂਦਰਾ ਕਰਕੇ ਉਮੀਦਵਾਰਾਂ ਦੀ ਜਿੱਤ-ਹਾਰ ਦੀ ਪਟਕਥਾ ਲਿਖੀ ਜਾ ਰਹੀ ਹੈ। ਅਬਦੁਲ ਸਤਾਰ ਮੁਸਾਫ਼ਰ ਨੇ ਕਿਹਾ ਕਿ ਲੋਕ ਸਭ ਜਾਣਦੇ ਹਨ, ਐਤਕੀਂ ਥੁੱਕ ਨਾਲ ਵੜੇ ਨਹੀਂ ਪੱਕਣੇ। ਸ਼ਹਿਰ ਦੀ ਸਿਆਸੀ ਨਬਜ਼ ਜਾਣਨ ਲਈ ਕਮਲ ਸਿਨੇਮਾ ਰੋਡ, 786, ਕਿਲ੍ਹਾ ਰਹਿਮਤਗੜ੍ਹ ਅਤੇ ਜਮਾਲਪੁਰਾ ਵਿੱਚ ਚਾਹ ਅਤੇ ਜੂਸ ਦੀਆਂ ਦੁਕਾਨਾਂ ’ਤੇ ਦੇਰ ਰਾਤ ਤੱਕ ਚੋਣ ਚਰਚਾ ਸੁਣੀ ਜਾ ਸਕਦੀ ਹੈ। ਆੜ੍ਹਤੀਆ ਮੁਹੰਮਦ ਯਾਮੀਨ ਨੇ ਕਿਹਾ ਕਿ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਝੂਠੇ ਵਾਅਦਿਆਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਭਾਈਚਾਰੇ ਦਾ ਪੜ੍ਹਿਆ-ਲਿਖਿਆ ਵਰਗ ਵੋਟਾਂ ਤੋਂ ਦੋ ਦਿਨ ਪਹਿਲਾਂ ਤੈਅ ਕਰੇਗਾ ਕਿ ਇਸ ਵਾਰ ਕਿਸ ਦਾ ਸਾਥ ਦੇਣਾ ਹੈ।