ਪਟਿਆਲਾ ਜ਼ਿਲ੍ਹੇ ਦੀਆਂ ਰੱਦ ਹੋਈਆਂ ਤਿੰਨ ਪੰਚਾਇਤਾਂ ਦੀ ਚੋਣ ਮੁਕੰਮਲ
ਖੇਤਰੀ ਪ੍ਰਤੀਨਿਧ
ਪਟਿਆਲਾ,16 ਅਕਤੂਬਰ
ਲੜਾਈ ਝਗੜਿਆਂ ਤੇ ਹੋਰ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮੁਕੰਮਲ ਕਰ ਲਈ ਗਈ ਹੈ। ਕੱਲ੍ਹ ਦੇ ਤਣਾਅ ਭਰੇ ਹਾਲਾਤ ਕਰਕੇ ਅੱਜ ਵੋਟਾਂ ਮੌਕੇ ਤਿੰਨੇ ਥਾਵਾਂ ’ਤੇ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਜਦਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਨਿਗਰਾਨੀ ਹੇਠ ਤਿੰਨੇ ਐੱਸਡੀਐੱਮ ਤੇ ਹੋਰ ਅਧਿਕਾਰੀਆਂ ਨੇ ਵੀ ਫੇਰੀਆਂ ਪਾਈਆਂ। ਏਡੀਸੀ ਅਨੁਪ੍ਰਿਯਤਾ ਜੌਹਲ ਦੇ ਦਫ਼ਤਰ ਤੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਸਨੌਰ ਨੇੜਲੇ ਪਿੰਡ ਖੁੱਡਾ ਵਿੱਚ ਜੋਗਿੰਦਰ ਸਿੰਘ ਸਰਪੰਚ ਚੁਣੇ ਗਏ ਹਨ। ਕੱਲ੍ਹ ਇਥੇ ਕੁਝ ਵਿਅਕਤੀਆਂ ਵੱਲੋਂ ਬੂਥ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੌਰਾਨ ਜੋਗਿੰਦਰ ਸਿੰਘ ਦੇ ਸਮਰਥਕ ਸਰਬਜੀਤ ਸੋਨੀ ਦੇ ਪੇਟ ’ਚ ਗੋਲੀ ਵੀ ਲੱਗੀ ਸੀ। ਇਸ ਦੌਰਾਨ ਕੋਈ ਬੈਲਟ ਬਾਕਸ ਵੀ ਚੁੱਕ ਕੇ ਲੈ ਗਿਆ ਸੀ, ਜੋ ਬਾਅਦ ’ਚ ਖੇਤਾਂ ਵਿੱਚੋਂ ਮਿਲਿਆ ਤੇ ਇਸ ਵਿਚ ਤੇਜਾਬ ਪਾ ਕੇ ਵੋਟਾਂ ਵੀ ਸਾੜੀਆਂ ਗਈਆਂ ਸਨ। ਉੱਧਰ ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਹੀ ਪੈਂਦੇ ਭੁਨਰਹੇੜੀ ਬਲਾਕ ਦੇ ਪਿੰਡ ਖੇੜੀ ਰਾਜੂ ਸਿੰਘ ਵਿੱਚ ਵੀ ਅੱਜ ਮੁੜ ਵੋਟਾਂ ਪਈਆਂ। ਜਿਸ ਦੌਰਾਨ ਪਰਮਜੀਤ ਕੌਰ ਨੇ ਸਰਪੰਚ ਦੀ ਚੋਣ ਜਿੱਤੀ। ਦੂਜੇ ਬੰਨੇ ਸ਼ਤਰਾਣਾ ਹਲਕੇ ਵਿੱਚ ਪੈਂਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪਿੰਡ ਕਰੀਮਪੁਰ ਚਿੱਚੜਵਾਲ ਵਿੱਚ ਮੁਕੰਮਲ ਹੋਈ ਅੱਜ ਦੀ ਚੋਣ ਦੌਰਾਨ ਕੁਲਵੰਤ ਰਾਮ ਸਰਪੰਚ ਬਣੇ ਹਨ। ਸਰਕਾਰੀ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਲਵੰਤ ਰਾਮ 103 ਵੋਟਾਂ ਦੇ ਫਰਕ ਨਾਲ ਜਿੱਤੇ ਹਨ।
ਪਿੰਡ ਖੇੜੀ ਰਾਜੂ ਵਿੱਚ ਰੱਦ ਹੋਈ ਚੋਣ ਅੱਜ ਨੇਪਰੇ ਚੜ੍ਹੀ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਬਲਾਕ ਭੁਨਰਹੇੜੀ ਦੇ ਪਿੰਡ ਰਾਜੂ ਖੇੜੀ ਜਿਥੇ ਬੀਤੇ ਕੱਲ੍ਹ ਵੋਟਾਂ ਪੈਣ ਸਮੇਂ ਗੜਬੜੀ ਹੋ ਗਈ ਸੀ ਤੇ ਚੋਣ ਅਧਿਕਾਰੀਆਂ ਨੇ ਇਥੇ ਚੋਣ ਰੱਦ ਕਰ ਦਿੱਤੀ ਸੀ। ਇਸ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਦਿੱਤੇ ਗਏ ਸਨ, ਜਿਸ ਮਗਰੋਂ ਅੱਜ ਮੁੜ ਸਰਕਾਰੀ ਸਕੂਲ ਰਾਜੂ ਖੇੜੀ ਵਿੱਚ ਵੋਟਾਂ ਪਾਉਣ ਦਾ ਅਮਲ ਸ਼ੁਰੂ ਹੋਇਆ, ਪਰ ਇੱਕ ਧਿਰ ਜਿਸ ਨੇ ਕੱਲ੍ਹ ਚੋਣਾਂ ਦੌਰਾਨ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਵੱਲੋਂ ਅੱਜ ਵੋਟਾਂ ਪਾਉਣ ਸਮੇਂ ਨਾ ਕੋਈ ਪੋਲਿੰਗ ਏਜੰਟ ਬਠਾਇਆ ਗਿਆ ਅਤੇ ਨਾ ਹੀ ਬੂਥ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਕੋਈ ਵੀ ਵੋਟਰ ਵੋਟ ਪਾਉਣ ਨਹੀਂ ਆਇਆ। ਸਿਰਫ ਇਕ ਧਿਰ ਜਿਨ੍ਹਾਂ ਦਾ ਸਰਪੰਚ ਉਮੀਦਵਾਰ ਪ੍ਰਮਜੀਤ ਕੌਰ ਸੀ, ਉਸ ਧਿਰ ਨੇ ਹੀ ਵੋਟਾਂ ਪਾਈਆਂ। ਚੋਣ ਅਧਿਕਾਰੀਆਂ ਵੱਲੋਂ ਸ਼ਾਮ ਚਾਰ ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਗਈ। ਗਿਣਤੀ ਦੌਰਾਨ ਚੋਣ ਅਧਿਕਾਰੀਆਂ ਨੇ ਪਰਮਜੀਤ ਕੌਰ ਪਤਨੀ ਪ੍ਰਵੀਨ ਕੁਮਾਰ ਨੂੰ 194 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ। ਇਸ ਦੌਰਾਨ ਇਕ ਪੰਚ ਦੀ ਚੋਣ ਵੀ ਹੋਈ ਜਿਸ ਵਿਚ ਚਰਨਜੀਤ ਕੌਰ ਪਤਨੀ ਲਛਮਣ ਸਿੰਘ ਨੂੰ 5 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ।