ਰੌਲੇ-ਰੱਪੇ ਕਾਰਨ ਬੂਥ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਮੁਲਤਵੀ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 9 ਜੂਨ
ਮਿਨੀ ਸਕੱਤਰੇਤ ਰਾਜਪੁਰਾ ਵਿੱਚ ਅੱਜ ਬੂਥ ਹੋਲਡਰਾਂ/ਲਾਇਸੈਂਸ ਹੋਲਡਰਾਂ ਦਾ ਪ੍ਰਧਾਨ ਚੁਣਨ ਲਈ ਰੱਖੀ ਮੀਟਿੰਗ ਭਾਰੀ ਹੰਗਾਮੇ ਮਗਰੋਂ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਈ। ਮੀਟਿੰਗ ਤੈਅ ਕੀਤੇ ਸਮੇਂ ਤੋਂ ਕੁੱਝ ਸਮਾਂ ਪਛੜ ਕੇ ਸ਼ੁਰੂ ਹੋਈ, ਜਿਸ ਦੀ ਸ਼ੁਰੂਆਤ ਬੂਥ ਨੰਬਰ 81 ਮਾਸਟਰ ਸੁਰਿੰਦਰ ਕੁਮਾਰ ਦੇ ਸੰਬੋਧਨ ਨਾਲ ਹੋਈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੂਥ ਹੋਲਡਰਾਂ ਦੀ ਕੋਈ ਮੀਟਿੰਗ ਨਹੀਂ ਹੋਈ ਅਤੇ ਨਾ ਹੀ ਪ੍ਰਧਾਨਗੀ ਦੀ ਚੋਣ ਹੋਈ ਹੈ। ਇਸ ਲਈ ਜੋ ਕੋਈ ਵੀ ਪ੍ਰਧਾਨ ਬਣਨਾ ਚਾਹੁੰਦਾ ਹੈ, ਉਹ ਆਪਣਾ ਨਾਮ ਪੇਸ਼ ਕਰ ਸਕਦਾ ਹੈ। ਜੇਕਰ ਕਿਸੇ ਨੇ ਵੀ ਆਪਣਾ ਨਾਮ ਪੇਸ਼ ਨਾ ਕੀਤਾ ਤਾਂ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਜਾਵੇਗਾ। ਜੇਕਰ ਦੋ ਵਿਅਕਤੀ ਖੜੇ ਹੋਏ ਤਾਂ ਗੁਪਤ ਵੋਟਿੰਗ ਕੀਤੀ ਜਾਵੇਗੀ। ਬੂਥ ਨੰਬਰ 65 ਭੁਪਿੰਦਰ ਸਿੰਘ ਨੇ ਨਵਿੰਦਰ ਸਿੰਘ ਰਿੰਕੂ ਦਾ ਨਾਮ ਪੇਸ਼ ਕੀਤਾ, ਜਦੋਂ ਕਿ ਬੂਥ ਨੰਬਰ 108 ਦੇ ਦਰਸ਼ਨ ਸਿੰਘ ਨੇ ਪ੍ਰੀਤਮ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਤਾਂ ਇਕ ਗਰੁੱਪ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦਾ ਪ੍ਰਧਾਨ ਨਗਿੰਦਰ ਸਿੰਘ ਹੋਵੇਗਾ, ਜਿਸ ਦਾ ਉੱਥੇ ਹਾਜ਼ਰ 80 ਫ਼ੀਸਦੀ ਬੂਥ ਹੋਲਡਰਾਂ ਨੇ ਵਿਰੋਧ ਕੀਤਾ। ਦੋਵੇਂ ਗਰੁੱਪਾਂ ਵਿਚ ਤਲਖ਼ੀ ਵਧ ਗਈ ਅਤੇ ਗੱਲ ਹੱਥੋਪਾਈ ਤੱਕ ਅੱਪੜ ਗਈ। ਬਾਅਦ ਵਿਚ ਸੀਨੀਅਰ ਅਤੇ ਬਜ਼ੁਰਗ ਬੂਥ ਹੋਲਡਰਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਤਰ੍ਹਾਂ ਰੌਲੇ-ਰੱਪੇ ਕਾਰਨ ਇਹ ਮੀਟਿੰਗ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਈ। ਕੁਝ ਬੂਥ ਹੋਲਡਰਾਂ ਨੇ ਮੰਗ ਕੀਤੀ ਕਿ ਪ੍ਰਧਾਨਗੀ ਦੀ ਚੋਣ ਸੰਵਿਧਾਨਕ ਤੌਰ ‘ਤੇ ਗੁਪਤ ਮਤਦਾਨ ਨਾਲ ਕਰਵਾਈ ਜਾਵੇ।