ਕਿਸਾਨ ਜਥੇਬੰਦੀ ਧਨੇਰ ਧੜੇ ਦਾ ਚੋਣ ਇਜਲਾਸ ਹੋਇਆ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਜੂਨ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ ਧੜੇ) ਵੱਲੋਂ ਇਥੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿੱਚ ਇਜਲਾਸ ਕੀਤਾ ਗਿਆ। ਇਜਲਾਸ ਦਾ ਮਕਸਦ ਜ਼ਿਲ੍ਹਾ ਕਮੇਟੀ ਦੀ ਚੋਣ ਕਰਨਾ ਸੀ ਅਤੇ ਇਸ ਮੌਕੇ ਜ਼ਿਲ੍ਹੇ ਦੇ ਸਮੁੱਚੇ ਬਲਾਕਾਂ ’ਚੋਂ ਜਥੇਬੰਦ ਕਿਸਾਨਾਂ ਨੂੰ ਸ਼ਮੂਲੀਅਤ ਕੀਤੀ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਦੀ ਨਿਗਰਾਨੀ ’ਚ ਹੋਏ ਇਸ ਇਜਲਾਸ ’ਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਜਲਾਸ ਨੇ ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕਰਕੇ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਹਰਵਿੰਦਰ ਸਿੰਘ ਕੋਟਲੀ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਗੁਰਨਾਮ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਤਰਸੇਮ ਚੰਦ ਨੂੰ ਖਜ਼ਾਨਚੀ, ਅਮਰਜੀਤ ਹਨੀ ਨੂੰ ਮੀਤ ਪ੍ਰਧਾਨ, ਨਾਹਰ ਸਿੰਘ ਭਾਈ ਰੂਪਾ ਨੂੰ ਮੀਤ ਪ੍ਰਧਾਨ, ਸੁਰਜੀਤ ਸਿੰਘ ਰੋਮਾਣਾ ਨੂੰ ਜੁਆਇੰਟ ਸਕੱਤਰ ਅਤੇ ਗੁਰਦੀਪ ਸਿੰਘ ਨਾਥਪੁਰਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਹਰਵਿੰਦਰ ਕੋਟਲੀ ਨੇ ਅਤੀਤ ਦੀਆਂ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ, ਜਿਸ ’ਤੇ ਡੈਲੀਗੇਟਾਂ ਨੇ ਬਹਿਸ ਕੀਤੀ। ਵਿੱਤੀ ਹਿਸਾਬ ਦੀ ਰਿਪੋਰਟ ਤਰਸੇਮ ਚੰਦ ਨੇ ਪੇਸ਼ ਕੀਤੀ। ਇਸ ਮੌਕੇ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਕਿਸਾਨਾਂ ਦੇ ਘਰੀਂ ਛਾਪੇਮਾਰੀ ਬੰਦ ਹੋਵੇ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ, ਭੂੰਦੜੀ ਅਤੇ ਭੰਗਾਲੀ ਰਾਜਪੂਤਾਂ ਵਿੱਚ ਲੱਗ ਰਹੀਆਂ ਫੈਕਟਰੀਆਂ ਬੰਦ ਕੀਤੀਆਂ ਜਾਣ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਹਿਰੀ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ।