ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚ ’ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ
ਪੱਤਰ ਪ੍ਰੇਰਕ
ਫਰੀਦਾਬਾਦ, 2 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਫਰੀਦਾਬਾਦ ਜ਼ਿਲ੍ਹੇ ਵਿੱਚ ਨਿਯੁਕਤ ਕੀਤੇ ਖਰਚਾ ਨਿਗਰਾਨ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ’ਤੇ ਨਜ਼ਰ ਰੱਖ ਰਹੇ ਹਨ। ਉਮੀਦਵਾਰਾਂ ਵੱਲੋਂ ਹਰ ਪੱਧਰ ’ਤੇ ਕੀਤੇ ਜਾਣ ਵਾਲੇ ਖਰਚੇ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਰਿਕਾਰਡ ਜਾਂਚਣ ਦੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਨਾ ਹੋਵੇ। ਫਰੀਦਾਬਾਦ ਜ਼ਿਲ੍ਹਾ ਸਕੱਤਰੇਤ ਵਿੱਚ ਸਥਿਤ ਆਡੀਟੋਰੀਅਮ ਵਿੱਚ ਚੋਣ ਪ੍ਰਕਿਰਿਆ ਦੌਰਾਨ 85-ਪ੍ਰਿਥਲਾ, 86 ਐੱਨਆਈਟੀ ਅਤੇ 87-ਬੜਖਲ ਵਿਧਾਨ ਸਭਾ ਹਲਕਿਆਂ ਅਤੇ 88-ਬੱਲਭਗੜ੍ਹ, 89-ਫਰੀਦਾਬਾਦ, 90 ਤਿਗਾਂਵ ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਖਰਚਾ ਨਿਗਰਾਨ ਆਈਆਰਐਸ ਵਿਵੇਕ ਕੁਮਾਰ ਉਪਾਧਿਆਏ ਅਤੇ ਉਨ੍ਹਾਂ ਦੀ ਟੀਮ ਨੇ ਚੋਣ ਖੇਤਰ ਦੇ ਖਰਚਾ ਨਿਗਰਾਨ ਆਈਆਰਐੱਸ ਸਮਥਾ ਮੁਲਾਮੁਦੀ ਅਤੇ ਉਨ੍ਹਾਂ ਦੀ ਟੀਮ ਨੇ ਆਡੀਟੋਰੀਅਮ ਰੂਮ ਵਿੱਚ ਸਬੰਧਤ ਵਿਧਾਨ ਸਭਾ ਹਲਕੇ ਦੇ ਉਮੀਦਵਾਰਾਂ ਜਾਂ ਚੋਣ ਏਜੰਟਾਂ ਦੇ ਚੋਣ ਖਰਚੇ ਨਾਲ ਸਬੰਧਤ ਖਰਚੇ ਰਜਿਸਟਰਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਚੋਣ ਖਰਚਾ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ 40 ਲੱਖ ਰੁਪਏ ਦੀ ਸੀਮਾ ਤੋਂ ਵੱਧ ਨਹੀਂ ਹੋਣਾ ਚਾਹੀਦਾ। ਹਰ ਵਿਧਾਨ ਸਭਾ ਹਲਕੇ ਵਿੱਚ ਵੀਡੀਓ ਸਰਵੇਲੈਂਸ ਟੀਮਾਂ ਉਮੀਦਵਾਰਾਂ ਦੀ ਚੋਣ ਮੁਹਿੰਮ ਅਤੇ ਖਰਚੇ ਦੀ ਰਿਕਾਰਡਿੰਗ ਕਰ ਰਹੀਆਂ ਹਨ।