For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਨੇ ਛੇ ਸੂਬਿਆਂ ਦੇ ਗ੍ਰਹਿ ਸਕੱਤਰ ਹਟਾਏ

06:43 AM Mar 19, 2024 IST
ਚੋਣ ਕਮਿਸ਼ਨ ਨੇ ਛੇ ਸੂਬਿਆਂ ਦੇ ਗ੍ਰਹਿ ਸਕੱਤਰ ਹਟਾਏ
Advertisement

* ਮਿਜ਼ੋਰਮ ਤੇ ਹਿਮਾਚਲ ਪ੍ਰਦੇਸ਼ ਦੇ ਆਮ ਪ੍ਰਸ਼ਾਸਨ ਵਿਭਾਗ ਦੇ ਸਕੱਤਰਾਂ ਦਾ ਵੀ ਤਬਾਦਲਾ
* ਲੋਕ ਸਭਾ ਚੋਣਾਂ ’ਚ ਪਾਰਦਰਸ਼ਤਾ ਤੇ ਿਨਰਪੱਖਤਾ ਯਕੀਨੀ ਬਣਾਉਣ ਲਈ ਚੁੱਕਿਆ ਕਦਮ

Advertisement

ਨਵੀਂ ਦਿੱਲੀ, 18 ਮਾਰਚ
ਲੋਕ ਸਭਾ ਚੋਣਾਂ ਦੌਰਾਨ ਪਾਰਦਰਸ਼ਤਾ ਤੇ ਨਿਰਪੱਖਤਾ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਅੱਜ ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਗ੍ਰਹਿ ਸਕੱਤਰਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਪੱਛਮੀ ਬੰਗਾਲ ਦੇ ਡੀਜੀਪੀ ਰਾਜੀਵ ਕੁਮਾਰ ਨੂੰ ਹਟਾਉਣ ਦਾ ਵੀ ਹੁਕਮ ਦਿੱਤਾ ਹੈ ਅਤੇ ਨਾਲ ਹੀ ਮਿਜ਼ੋਰਮ ਤੇ ਹਿਮਾਚਲ ਪ੍ਰਦੇਸ਼ ਦੇ ਆਮ ਪ੍ਰਸ਼ਾਸਨ ਵਿਭਾਗ ਦੇ ਸਕੱਤਰਾਂ ਨੂੰ ਹਟਾ ਦਿੱਤਾ ਗਿਆ ਹੈ। ਕਮਿਸ਼ਨ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਹਦਾਇਤ ਕੀਤੀ ਹੈ ਕਿ ਚੋਣਾਂ ਨਾਲ ਸਬੰਧਤ ਕੰਮਾਂ ਨਾਲ ਜੁੜੇ ਸਾਰੇ ਅਧਿਕਾਰੀਆਂ, ਜਿਨ੍ਹਾਂ ਨੇ ਆਪਣੇ ਗ੍ਰਹਿ ਜ਼ਿਲਿ੍ਹਆਂ ’ਚ ਤਿੰਨ ਸਾਲ ਮੁਕੰਮਲ ਕਰ ਲਏ ਹਨ, ਦੇ ਤਬਾਦਲੇ ਕੀਤੇ ਜਾਣ।
ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਹਟਾਉਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਅਧਿਕਾਰੀ ਨੂੰ ਪਹਿਲਾਂ ਵੀ ਰਾਜ ’ਚ 2016 ਦੀਆਂ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਬੰਧਨ ਸਬੰਧੀ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ। ਕਮਿਸ਼ਨ ਨੇ ਬੰਗਾਲ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਰਾਜੀਵ ਕੁਮਾਰ ਨੂੰ ਚੋਣਾਂ ਤੋਂ ਬਾਹਰ ਕਿਸੇ ਹੋਰ ਕੰਮ ਲਈ ਤਾਇਨਾਤ ਕੀਤਾ ਜਾਵੇ। ਕਮਿਸ਼ਨ ਨੇ ਨਾਲ ਹੀ ਅੰਤਰਿਮ ਪ੍ਰਬੰਧ ਵਜੋਂ ਰਾਜੀਵ ਕੁਮਾਰ ਨਾਲੋਂ ਸੀਨੀਅਰਤਾ ਦੇ ਮਾਮਲੇ ’ਚ ਇੱਕ ਸਥਾਨ ਹੇਠਾਂ ਵਾਲੇ ਅਧਿਕਾਰੀ ਨੂੰ ਡੀਜੀਪੀ ਵਜੋਂ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਗ੍ਰਹਿ ਸਕੱਤਰਾਂ ਨੂੰ ਹਟਾ ਦਿੱਤਾ ਕਿਉਂਕਿ ਉਨ੍ਹਾਂ ਕੋਲ ਸਬੰਧਤ ਰਾਜਾਂ ਦੇ ਮੁੱਖ ਮੰਤਰੀ ਦਫ਼ਤਰਾਂ ਦਾ ਦੋਹਰਾ ਚਾਰਜ ਸੀ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਲੰਘੇ ਸ਼ਨਿਚਰਵਾਰ ਨੂੰ ਲੋਕ ਸਭਾ ਚੋਣਾਂ-2024 ਲਈ ਤਰੀਕਾਂ ਦਾ ਐਲਾਨ ਕੀਤਾ ਸੀ। ਇਸ ਵਾਰ ਚੋਣਾਂ 19 ਅਪਰੈਲ ਤੋਂ 1 ਜੂਨ ਤੱਕ ਸੱਤ ਗੇੜਾਂ ’ਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। -ਪੀਟੀਆਈ

ਵਿਵੇਕ ਸਹਾਏ ਪੱਛਮੀ ਬੰਗਾਲ ਦੇ ਨਵੇਂ ਡੀਜੀਪੀ ਨਿਯੁਕਤ

ਕੋਲਕਾਤਾ: ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਨੇ ਅੱਜ ਵਿਵੇਕ ਸਹਾਏ ਨੂੰ ਸੂਬੇ ਦਾ ਨਵਾਂ ਡੀਜੀਪੀ ਨਿਯੁਕਤ ਕਰ ਦਿੱਤਾ ਹੈ। ਸਾਲ 1988 ਬੈਚ ਦੇ ਆਈਪੀਐੱਸ ਅਫਸਰ ਵਿਵੇਕ ਸਹਾਏ ਡਾਇਰੈਕਟਰ ਜਨਰਲ ਤੇ ਕਮਾਂਡੈਂਟ ਜਨਰਲ (ਹੋਮਗਾਰਡ) ਦੇ ਅਹੁਦੇ ’ਤੇ ਤਾਇਨਾਤ ਸਨ। ਰਾਜੀਵ ਕੁਮਾਰ ਨੂੰ ਅੰਤਰਿਮ ਪ੍ਰਬੰਧ ਵਜੋਂ ਸੂਚਨਾ ਤੇ ਤਕਨੀਕ ਵਿਭਾਗ ’ਚ ਤਬਦੀਲ ਕਰ ਦਿੱਤਾ ਗਿਆ ਹੈ। -ਪੀਟੀਆਈ

ਸਿਆਸੀ ਹਿੱਤਾਂ ਲਈ ਚੋਣ ਕਮਿਸ਼ਨ ’ਤੇ ਕਬਜ਼ਾ ਕਰ ਰਹੀ ਹੈ ਭਾਜਪਾ: ਟੀਐੱਮਸੀ

ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਆਗੂ ਕੁਨਾਲ ਘੋਸ਼ ਨੇ ਅੱਜ ਪੱਛਮੀ ਬੰਗਾਲ ਦੇ ਡੀਜੀਪੀ ਰਾਜੀਵ ਕੁਮਾਰ ਨੂੰ ਹਟਾਉਣ ਦੇ ਮੁੱਦੇ ’ਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਭਾਜਪਾ ਆਪਣੇ ਸਿਆਸੀ ਹਿੱਤ ਪੂਰੇ ਕਰਨ ਲਈ ਚੋਣ ਕਮਿਸ਼ਨ ਅਤੇ ਹੋਰ ਅਜਿਹੀਆਂ ਸੰਸਥਾਵਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਘੋਸ਼ ਨੇ ਕਿਹਾ, ‘ਭਾਜਪਾ ਸਿਰਫ਼ ਆਪਣੇ ਸਿਆਸੀ ਮਕਸਦ ਪੂਰੇ ਕਰਨ ਲਈ ਚੋਣ ਕਮਿਸ਼ਨ ਤੇ ਹੋਰ ਸੰਸਥਾਵਾਂ ਨੂੰ ਹਥਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਉਹ ਪੱਛਮੀ ਬੰਗਾਲ ਦੀਆਂ ਜ਼ਿਆਦਾ ਸੀਟਾਂ ਤੋਂ ਹਾਰ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਕੁਝ ਅਫਸਰਾਂ ਦੇ ਤਬਾਦਲੇ ਤਾਂ ਕਰ ਸਕਦੀ ਹੈ ਪਰ ਜਨਤਾ ਟੀਐੱਮਸੀ ਤੇ ਮਮਤਾ ਨਾਲ ਹੈ ਤੇ ਟੀਐੱਮਸੀ ਚੋਣਾਂ ਵਿੱਚ ਭਾਜਪਾ ਨੂੰ ਹਰਾਏਗੀ। -ਏਐੱਨਆਈ

Advertisement
Author Image

joginder kumar

View all posts

Advertisement
Advertisement
×