ਚੋਣ ਕਮਿਸ਼ਨ ਨੇ ਕ੍ਰਿਕਟ ਮੈਚ ਕਰਵਾਇਆ
ਨਵੀਂ ਦਿੱਲੀ: ਵੋਟਰ ਸਿੱਖਿਆ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਥੇ ਇੰਡੀਅਨ ਡੈੱਫ ਕ੍ਰਿਕਟ ਐਸੋਸੀਏਸ਼ਨ (ਆਈਡੀਸੀਏ) ਅਤੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੀਆਂ ਟੀਮਾਂ ਦਰਮਿਆਨ ਇੱਕ ਪ੍ਰਦਰਸ਼ਨੀ ਕ੍ਰਿਕਟ ਮੈਚ ਕਰਵਾਇਆ। ਇੱਕ ਸਰਕਾਰੀ ਬਿਆਨ ਅਨੁਸਾਰ ਕਰਨੈਲ ਸਿੰਘ ਸਟੇਡੀਅਮ ਵਿੱਚ ਹੋਏ ਮੈਚ ਨੇ ਚੋਣ ਪ੍ਰਕਿਰਿਆ ਵਿੱਚ ਪਹੁੰਚ ਅਤੇ ਭਾਗੀਦਾਰੀ ਦੇ ਮਹੱਤਵ ਵੱਲ ਧਿਆਨ ਖਿੱਚਿਆ। ਇਸ ਦੌਰਾਨ ਪੈਰਾ-ਤੀਰਅੰਦਾਜ਼ ਅਤੇ ਅਰਜੁਨ ਐਵਾਰਡੀ ਸ਼ੀਤਲ ਦੇਵੀ ਨੂੰ ਚੋਣ ਕਮਿਸ਼ਨ ਤਰਫ਼ੋਂ ਅਪਾਹਜ ਵਿਅਕਤੀਆਂ (ਪੀਡਬਲਿਊਡੀ) ਦੀ ਸ਼੍ਰੇਣੀ ਵਿੱਚ ‘ਰਾਸ਼ਟਰੀ ਆਈਕਨ’ ਐਲਾਨਿਆ ਗਿਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਹੋਏ ਮੈਚ ਦੌਰਾਨ ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਪਾਹਜ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ ਗਿਆ। ਸਮਾਗਮ ਦੀ ਸਮਾਪਤੀ ਇੰਡੀਅਨ ਸਾਈਨ ਲੈਂਗੂਏਜ਼ ਰਿਸਰਚ ਐਂਡ ਟਰੇਨਿੰਗ ਸੈਂਟਰ ਦੇ ਵਿਦਿਆਰਥੀਆਂ ਵੱਲੋਂ ਸੰਕੇਤਕ ਭਾਸ਼ਾ ਵਿੱਚ ਗਾਏ ਰਾਸ਼ਟਰੀ ਗੀਤ ਨਾਲ ਹੋਈ। -ਪੀਟੀਆਈ