For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਵੱਲੋਂ ਸਿੰਬਲ ਲੋਡਿੰਗ ਯੂਨਿਟਾਂ ਦੇ ਰੱਖ-ਰਖਾਅ ਤੇ ਸਟੋਰੇਜ ਲਈ ਨਵੇਂ ਨੇਮ ਜਾਰੀ

07:57 AM May 02, 2024 IST
ਚੋਣ ਕਮਿਸ਼ਨ ਵੱਲੋਂ ਸਿੰਬਲ ਲੋਡਿੰਗ ਯੂਨਿਟਾਂ ਦੇ ਰੱਖ ਰਖਾਅ ਤੇ ਸਟੋਰੇਜ ਲਈ ਨਵੇਂ ਨੇਮ ਜਾਰੀ
Advertisement

ਨਵੀਂ ਦਿੱਲੀ, 1 ਮਈ
ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮਗਰੋਂ ਸਿੰਬਲ (ਚੋਣ ਨਿਸ਼ਾਨ) ਲੋਡਿੰਗ ਯੂਨਿਟਾਂ ਦੇ ਰੱਖ-ਰਖਾਓ ਤੇ ਸਟੋਰੇਜ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਈਵੀਐੱਮਜ਼ ਵਿਚਲੀਆਂ ਵੋਟਾਂ ਦੀ ਵੀਵੀਪੈਟ ਸਲਿੱਪਾਂ ਨਾਲ ਸੌ ਫੀਸਦ ਮਿਲਾਨ/ਤਸਦੀਕ ਦੀ ਮੰਗ ਕਰਦੀਆਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਮਸ਼ੀਨਾਂ (ਸਿੰਬਲ ਲੋਡਿੰਗ ਯੂਨਿਟਾਂ) ਨੂੰ ਇਕ ਕੰਟੇਨਰ ਵਿਚ ਸੀਲ ਕਰਕੇ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਘੱਟੋ-ਘੱਟ 45 ਦਿਨਾਂ ਤੱਕ ਈਵੀਐੱਮਜ਼ ਨਾਲ ਸਟਰਾਂਗ ਰੂਮ ’ਚ ਰੱਖਣ ਦੀ ਹਦਾਇਤ ਕੀਤੀ ਸੀ।
ਚੋਣ ਕਮਿਸ਼ਨ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਸਿੰਬਲ ਲੋਡਿੰਗ ਯੂਨਿਟਾਂ (ਐੱਸਐੱਲਯੂ’ਜ਼) ਦੇ ਰੱਖ-ਰਖਾਓ ਤੇ ਸਟੋਰੇਜ ਬਾਰੇ ਨਵੇਂ ਨਿਯਮਾਂ ਨੂੰ ਅਮਲ ਵਿਚ ਲਿਆਉਣ ਲਈ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਤੇ ਵਿਵਸਥਾਵਾਂ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਕਮਿਸ਼ਨ ਨੇ ਕਿਹਾ, ‘‘ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸੋਧੇ ਹੋਏ ਨੇਮ 1 ਮਈ ਜਾਂ ਇਸ ਤੋਂ ਬਾਅਦ ਵੀਵੀਪੈਟ ਵਿਚ ਸਿੰਬਲ ਲੋਡਿੰਗ ਅਮਲ ਨਾਲ ਜੁੜੇੇ ਸਾਰੇ ਕੇਸਾਂ ’ਤੇ ਲਾਗੂ ਹੋਣਗੇ।’’ ਸੁਪਰੀਮ ਕੋਰਟ ਨੇ ਲੰਘੇ ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਵਿਚ ਐੱਸਐੱਲਯੂ’ਜ਼ ਨੂੰ ਸੀਲ ਤੇ ਸਟੋਰ ਕਰਨ ਦੀ ਹਦਾਇਤ ਕੀਤੀ ਸੀ। ਕੋਰਟ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਲੱਗੇ ਮਾਈਕਰੋ-ਕੰਟਰੋਲਰਾਂ ਦੀ ਤਸਦੀਕ ਲਈ ਵੀ ਰਾਹ ਪੱਧਰਾ ਕਰ ਦਿੱਤਾ ਸੀ। ਕੋਰਟ ਨੇ ਕਿਹਾ ਸੀ ਕਿ ਨਤੀਜੇ ਮਗਰੋਂ ਦੂਜੇ ਤੇ ਤੀਜੇ ਨੰਬਰ ’ਤੇ ਰਹਿਣ ਵਾਲੇ ਉਮੀਦਵਾਰਾਂ ਦੀ ਦਰਖਾਸਤ ’ਤੇ ਮਾਈਕਰੋ-ਕੰਟਰੋਲਰਾਂ ਦੀ ਤਸਦੀਕ ਕੀਤੀ ਜਾ ਸਕੇਗੀ।
ਐੱਸਐੱਲਯੂ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਮ ਤੇ ਸਿੰਬਲ (ਚੋਣ ਨਿਸ਼ਾਨ) ਨੂੰ ਵੀਵੀਪੈਟ ਜਾਂ ਪੇਪਰ ਟਰੇਲ ਮਸ਼ੀਨਾਂ ’ਤੇ ਅਪਲੋਡ ਕਰਦੀ ਹੈ। ਹੁਣ ਤੱਕ ਈਵੀਐੱਮਜ਼ ਤੇ ਵੀਵੀਪੈਟ ਸਲਿੱਪਾਂ ਨੂੰ ਨਤੀਜਾ ਐਲਾਨੇ ਜਾਣ ਮਗਰੋਂ 45 ਦਿਨਾਂ ਲਈ ਸਟੋਰ ਕੀਤਾ ਜਾਂਦਾ ਹੈ। ਲੋਕ ਇਨ੍ਹਾਂ 45 ਦਿਨਾਂ ਦੌਰਾਨ ਚੋਣ ਨੂੰ ਚੁਣੌਤੀ ਦਿੰਦੀ ਚੋਣ ਪਟੀਸ਼ਨ ਸਬੰਧਤ ਹਾਈ ਕੋਰਟ ਵਿਚ ਦਰਜ ਕਰ ਸਕਦੇ ਹਨ। ਕੋਰਟ ਸੁਣਵਾਈ ਦੌਰਾਨ ਈਵੀਐੱਮ ਤੇ ਵੀਵੀਪੈਟ ਸਲਿੱਪਾਂ ਨੂੰ ਮੰਗਵਾ ਸਕਦੀ ਹੈ। ਸੁਪਰੀਮ ਕੋਰਟ ਦੇ ਉਪਰੋਕਤ ਹੁਕਮਾਂ ਤੋਂ ਪਹਿਲਾਂ, ਬੈੱਲ ਤੇ ਈਸੀਆਈਐੱਲ ਦੇ ਇੰਜਨੀਅਰਾਂ ਵੱਲੋਂ ਐੱਸਐੱਲਯੂ’ਜ਼ ਸਥਾਨਕ ਚੋਣ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਸਨ। ਚੋਣਾਂ ਮਗਰੋਂ ਐੱਸਐੱਲਯੂ’ਜ਼ ਸਰਕਾਰੀ ਮਾਲਕੀ ਵਾਲੀਆਂ ਦੋ ਯੂਨਿਟਾਂ, ਜਿਨ੍ਹਾਂ ਬੈਲੇਟ ਯੂਨਿਟ, ਕੰਟਰੋਲ ਯੂਨਿਟ ਤੇ ਵੀਵੀਪੈਟ ਦੇ ਨਾਲ ਐੱਸਐੱਲਯੂ’ਜ਼ ਦਾ ਨਿਰਮਾਣ ਕੀਤਾ ਹੈ, ਦੇ ਇੰਜਨੀਅਰਾਂ ਨੂੰ ਮੋੜ ਦਿੱਤੀਆਂ ਗਈਆਂ। ਪਾਰਦਰਸ਼ਤਾ ਵਧਾਉਣ ਦੇ ਇਰਾਦੇ ਨਾਲ ਵੀਵੀਪੈਟ ਦੀ ਵਿਵਸਥਾ ਕੁਝ ਸਾਲ ਪਹਿਲਾਂ ਲਿਆਂਦੀ ਗਈ ਸੀ। ਇਸ ਤਹਿਤ ਉਮੀਦਵਾਰ ਜਾਂ ਉਸ ਦਾ ਨੁਮਾਇੰਦਾ ਟੀਵੀ ਦੇ ਮੋਨੀਟਰ ’ਤੇ ਚੋਣ ਨਿਸ਼ਾਨ ਲੋਡ ਕਰਨ ਦੇ ਅਮਲ ਨੂੰ ਦੇਖ ਸਕਦਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×