ਭਾਜਪਾ ਦੀਆਂ ਹਦਾਇਤਾਂ ’ਤੇ ਕੰਮ ਕਰ ਰਿਹੈ ਚੋਣ ਕਮਿਸ਼ਨ: ਮਮਤਾ
ਕੂਚ ਬਿਹਾਰ/ਅਲੀਪੁਰਦੁਆਰ, 15 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਭਾਜਪਾ ਦਾ ਪੱਖ ਲੈਣ ਲਈ ਚੋਣ ਕਮਿਸ਼ਨ ਦੀ ਨਿਖੇਧੀ ਕੀਤੀ ਹੈ ਅਤੇ ਸੂਬੇ ਵਿੱਚ ਇੱਕ ਵੀ ਦੰਗਾ ਹੋਣ ’ਤੇ ਕਮਿਸ਼ਨ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ। ਇੱਥੇ ਅਲੀਪੁਰਦੁਆਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਚੋਣ ਕਮਿਸ਼ਨ ’ਤੇ ਭਾਜਪਾ ਦੇ ਇਸ਼ਾਰੇ ’ਤੇ ਮੁਰਸ਼ਿਦਾਬਾਦ ਦੇ ਪੁਲੀਸ ਡਿਪਟੀ ਇੰਸਪੈਕਟਰ ਜਨਰਲ ਨੂੰ ਹਟਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਅੱਜ ਵੀ ਸਿਰਫ਼ ਭਾਜਪਾ ਦੀਆਂ ਹਦਾਇਤਾਂ ਦੇ ਆਧਾਰ ’ਤੇ ਮੁਰਸ਼ਿਦਾਬਾਦ ਦੇ ਡੀਆਈਜੀ ਨੂੰ ਬਦਲ ਦਿੱਤਾ ਗਿਆ ਸੀ। ਹੁਣ ਜੇਕਰ ਮੁਰਸ਼ਿਦਾਬਾਦ ਅਤੇ ਮਾਲਦਾ ਵਿੱਚ ਦੰਗੇ ਹੁੰਦੇ ਹਨ ਤਾਂ ਇਸ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੋਵੇਗਾ। ਭਾਜਪਾ ਦੰਗੇ ਅਤੇ ਹਿੰਸਾ ਨੂੰ ਭੜਕਾਉਣ ਲਈ ਪੁਲੀਸ ਅਧਿਕਾਰੀਆਂ ਨੂੰ ਬਦਲਣਾ ਚਾਹੁੰਦੀ ਸੀ। ਜੇਕਰ ਇੱਥੇ ਇੱਕ ਵੀ ਦੰਗਾ ਹੁੰਦਾ ਹੈ ਤਾਂ ਇਸ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਹ ਇੱਥੇ ਅਮਨ ਕਾਨੂੰਨ ਦੀ ਵਿਵਸਥਾ ਦੀ ਦੇਖਭਾਲ ਕਰ ਰਹੇ ਹਨ।’’ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ 55 ਦਿਨਾਂ ਲਈ ਭੁੱਖ ਹੜਤਾਲ ਕਰਨਗੇ। ਬੈਨਰਜੀ ਨੇ ਵਿਰੋਧੀ ਧਿਰ ਨੂੰ ਜੇਲ੍ਹ ਭੇਜਣ ਦੀ ਧਮਕੀ ਦੇਣ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਮੈਂ ਦੇਖਾਂਗੀ ਕਿ ਤੁਹਾਡੇ ਕੋਲ ਕਿੰਨੀਆਂ ਜੇਲ੍ਹਾਂ ਹਨ। ਤੁਹਾਡੇ ਕੋਲ ਕਿੰਨੇ ਪੁਲੀਸ ਵਾਲੇ ਹਨ? ਤੁਸੀਂ ਕਿੰਨੇ ਲੋਕਾਂ ਨੂੰ ਕੁੱਟੋਗੇ? ਮੇਰੇ ’ਤੇ ਬਹੁਤ ਵਾਰ ਹਮਲਾ ਹੋਇਆ ਹੈ। ਮੈਂ ਲੜਨਾ ਜਾਣਦੀ ਹਾਂ। ਮੈਂ ਡਰਪੋਕ ਨਹੀਂ ਹਾਂ।’’
ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕੂਚ ਬਿਹਾਰ, ਅਲੀਪੁਰਦੁਆਰ, ਪੀਲੀਭੀਤ ਅਤੇ ਮੁਰਾਦਾਬਾਦ ਵਿੱਚ ਰੈਲੀਆਂ ਦੌਰਾਨ ਭਾਜਪਾ ’ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਅਤੇ ਚੋਣਾਂ ਵਿੱਚ ਸਾਰੀਆਂ ਵਿਰੋਧੀ ਧਿਰਾਂ ਨੂੰ ਬਰਾਬਰ ਮੌਕੇ ਮੁਹੱਈਆ ਨਾ ਕਰਵਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਭਾਜਪਾ ਚੋਣਾਂ ਦੇ ਪਹਿਲੇ ਗੇੜ ਤੋਂ ਕੁੱਝ ਦਿਨ ਪਹਿਲਾਂ ਸਾਡੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੇਂਦਰੀ ਜਾਂਚ ਏਜੰਸੀ ਦੀ ਵਰਤੋਂ ਕਰ ਸਕਦੀ ਹੈ ਤਾਂ ਕਿ ਉਨ੍ਹਾਂ ਨੂੰ ਖੁੱਲ੍ਹੀ ਛੋਟ ਮਿਲ ਸਕੇ।’’ -ਪੀਟੀਆਈ
ਆਮਦਨ ਕਰਨ ਵਿਭਾਗ ਨੂੰ ਭਾਜਪਾ ਨੇਤਾਵਾਂ ਦੇ ਹੈਲੀਕਾਪਟਰਾਂ ਦੀ ਜਾਂਚ ਕਰਨ ਦੀ ਦਿੱਤੀ ਚੁਣੌਤੀ
ਇਸ ਤੋਂ ਪਹਿਲਾਂ ਅੱਜ ਸਵੇਰੇ ਕੂਚ ਬਿਹਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਆਮਦਨ ਕਰ ਅਧਿਕਾਰੀਆਂ ਨੂੰ ਭਾਜਪਾ ਨੇਤਾਵਾਂ ਦੁਆਰਾ ਚੋਣ ਪ੍ਰਚਾਰ ਲਈ ਵਰਤੇ ਗਏ ਹੈਲੀਕਾਪਟਰ ਦੀ ਜਾਂਚ ਕਰਨ ਦੀ ਚੁਣੌਤੀ ਦਿੱਤੀ। ਮਮਤਾ ਦਾ ਇਹ ਬਿਆਨ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਉਸ ਦਾਅਵੇ ਨੂੰ ਲੈ ਕੇ ਉਪਜੇ ਵਿਵਾਦ ਮਗਰੋਂ ਆਇਆ ਹੈ, ਜਿਸ ਵਿੱਚ ਕਿਹਾ ਗਿਆ ਕਿ ਪਾਰਟੀ ਨੇਤਾ ਅਭਿਸ਼ੇਕ ਬੈਨਰਜੀ ਵੱਲੋਂ ਵਰਤੇ ਗਏ ਹੈਲੀਕਾਪਟਰ ਨੂੰ ਨਿਸ਼ਾਨਾ ਬਣਾ ਕੇ ਆਮਦਨ ਕਰ ਅਧਿਕਾਰੀਆਂ ਵੱਲੋਂ ‘ਛਾਪਾ’ ਮਾਰਿਆ ਗਿਆ। ਮੁੱਖ ਮੰਤਰੀ ਨੇ ਕਿਹਾ, ‘‘ਆਮਦਨ ਕਰ ਅਧਿਕਾਰੀਆਂ ਨੇ ਛਾਪਾ ਮਾਰਿਆ ਅਤੇ ਟਰਾਇਲ ਰਨ ਤੋਂ ਪਹਿਲਾਂ ਅਭਿਸ਼ੇਕ ਬੈਨਰਜੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਪਰ ਕੁੱਝ ਨਹੀਂ ਮਿਲਿਆ। ਉਨ੍ਹਾਂ ਆਮਦਨ ਕਰ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹੈਲੀਕਾਪਟਰ ਵਿੱਚ ਪੈਸਾ ਅਤੇ ਸੋਨਾ ਹੈ ਪਰ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਅਸੀਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦੇ।’’ ਉਨ੍ਹਾਂ ਕਿਹਾ, ‘‘ਇਹ ਭਾਜਪਾ ਹੈ, ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਸ਼ਾਮਲ ਹੈ ਪਰ ਕੀ ਕੇਂਦਰੀ ਏਜੰਸੀ ਦੇ ਅਧਿਕਾਰੀ ਕਦੇ ਭਾਜਪਾ ਨੇਤਾਵਾਂ ਦੇ ਹੈਲੀਕਾਪਟਰ ਦੀ ਜਾਂਚ ਕਰਨ ਦੀ ਹਿੰਮਤ ਕਰਨਗੇ?’’