ਚੋਣ ਕਮਿਸ਼ਨ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਐੱਸਐੱਸਪੀ ਬਦਲੇ
ਚਰਨਜੀਤ ਭੁੱਲਰ
ਚੰਡੀਗੜ੍ਹ, 21 ਮਾਰਚ
ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ’ਚ ਦੂਜਾ ਵੱਡਾ ਐਕਸ਼ਨ ਲੈਂਦਿਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦੇ ਹਵਾਲੇ ਨਾਲ ਪੰਜ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੁਲੀਸ ਕਪਤਾਨਾਂ (ਐੱਸਐੱਸਪੀਜ਼) ਨੂੰ ਫ਼ੌਰੀ ਬਦਲਣ ਦੇ ਹੁਕਮ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਇਹ ਤਬਾਦਲੇ ਤਕਨੀਕੀ ਨੁਕਤਾਨਿਗਾਹ ਤੋਂ ਹੀ ਕੀਤੇ ਹਨ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਪਹਿਲੇ ਪੜਾਅ ’ਚ ਏਡੀਜੀਪੀ ਜਸਕਰਨ ਸਿੰਘ ਅਤੇ ਡੀਆਈਜੀ (ਬਾਰਡਰ ਰੇਂਜ) ਨਰਿੰਦਰ ਭਾਰਗਵ ਤੋਂ ਇਲਾਵਾ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਨੂੰ ਬਦਲਿਆ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਫ਼ਾਜ਼ਿਲਕਾ ਦੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ, ਜਲੰਧਰ ਦਿਹਾਤੀ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ, ਮਲੇਰਕੋਟਲਾ ਦੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਅਤੇ ਪਠਾਨਕੋਟ ਦੇ ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੂੰ ਬਦਲਣ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਚਾਰੋਂ ਐੱਸਐੱਸਪੀਜ਼ ਦੇ ਤਬਾਦਲੇ ਪਿੱਛੇ ਇਹ ਪੁਲੀਸ ਅਧਿਕਾਰੀ ਨਾਨ ਕੇਡਰ ’ਚੋਂ ਹੋਣ ਦਾ ਤਰਕ ਦਿੱਤਾ ਗਿਆ ਹੈ। ਚੋਣ ਕਮਿਸ਼ਨ ਮੁਤਾਬਕ ਪੰਜਾਬ ਪਬਲਿਕ ਸਰਵਿਸ ਰੈਂਕ ਦੇ ਅਧਿਕਾਰੀਆਂ ਨੂੰ ਐੱਸਐੱਸਪੀਜ਼ ਵਜੋਂ ਤਾਇਨਾਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਅਸਾਮੀਆਂ ’ਤੇ ਆਈਪੀਐੱਸ ਅਧਿਕਾਰੀ ਹੀ ਲਾਏ ਜਾ ਸਕਦੇ ਹਨ। ਜ਼ਿਲ੍ਹਾ ਬਠਿੰਡਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੂੰ ਵੀ ਤਬਦੀਲ ਕਰਨ ਦੇ ਹੁਕਮ ਹਨ ਕਿਉਂਕਿ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਹੋਈ ਹੈ ਕਿ ਉਹ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਹਨ ਅਤੇ ਡਿੰਪਾ ਦੇ ਮੁੜ ਚੋਣਾਂ ਵਿਚ ਉੱਤਰਨ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਐੱਸਐੱਸਪੀ ਗਿੱਲ ਨੂੰ ਕੁਝ ਅਰਸਾ ਪਹਿਲਾਂ ਮੁਕਤਸਰ ਤੋਂ ਇੱਕ ਵਿਵਾਦ ਖੜ੍ਹਾ ਹੋਣ ਕਰ ਕੇ ਬਦਲਿਆ ਗਿਆ ਸੀ। ਚੋਣ ਕਮਿਸ਼ਨ ਦੀਆਂ ਹੁਣ ਸਪਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਉਸ ਅਧਿਕਾਰੀ ਨੂੰ ਫ਼ੀਲਡ ਵਿੱਚ ਤਾਇਨਾਤ ਨਹੀਂ ਕੀਤਾ ਜਾ ਸਕਦਾ ਹੈ ਜਿਸ ਦਾ ਕੋਈ ਵੀ ਸਕਾ ਸਬੰਧੀ ਕਿਸੇ ਵੀ ਸਿਆਸੀ ਧਿਰ ਨਾਲ ਸਬੰਧ ਰੱਖਦਾ ਹੈ। ਇਹ ਅਧਿਕਾਰੀ ਤਕਨੀਕੀ ਅਧਾਰ ’ਤੇ ਬਦਲੇ ਗਏ ਹਨ ਪਰ ਜਿਨ੍ਹਾਂ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਬਦਲੇ ਗਏ ਹਨ ਉਨ੍ਹਾਂ ’ਚੋਂ ਪਠਾਨਕੋਟ ਅਤੇ ਫ਼ਾਜ਼ਿਲਕਾ ਵਿੱਚ ਭਾਜਪਾ ਦਾ ਵੱਡਾ ਸਿਆਸੀ ਆਧਾਰ ਹੈ।
ਜਲੰਧਰ ਦੇ ਨਵੇਂ ਡੀਸੀ ਦੀ ਤਾਇਨਾਤੀ
ਮੁੱਖ ਚੋਣ ਅਧਿਕਾਰੀ ਸਬਿਿਨ ਸੀ. ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਤਿੰਨ ਅਧਿਕਾਰੀਆਂ ਦੇ ਭੇਜੇ ਪੈੱਨਲ ’ਚੋਂ ਭਾਰਤੀ ਚੋਣ ਕਮਿਸ਼ਨ ਨੇ ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਜਲੰਧਰ ਤੋਂ ਬਦਲੇ ਗਏ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਇਸੇ ਤਰ੍ਹਾਂ ਜਗਦਲੇ ਨੀਲਾਂਬਰੀ ਵਿਜੇ ਨੂੰ ਰੋਪੜ ਰੇਂਜ ਦੀ ਡੀਆਈਜੀ ਅਤੇ ਰਾਕੇਸ਼ ਕੁਮਾਰ ਕੌਸ਼ਲ ਨੂੰ ਡੀਆਈਜੀ ਬਾਰਡਰ ਰੇਂਜ ਤਾਇਨਾਤ ਕੀਤਾ ਗਿਆ ਹੈ।