ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ 5 ਉਮੀਦਵਾਰ ਅਯੋਗ ਕਰਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਕਤੂਬਰ
ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ 5 ਉਮੀਦਵਾਰਾਂ ਨੂੰ ਅਯੋਗ ਐਲਾਨ ਦਿੱਤਾ ਹੈ। ਹੁਣ ਇਹ ਪੰਜ ਉਮੀਦਵਾਰ ਅਗਲੇ ਤਿੰਨ ਸਾਲ ਕੋਈ ਵੀ ਚੋਣ ਨਹੀਂ ਲੜ ਸਕਣਗੇ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੇ ਲੋਕ ਪ੍ਰਤੀਨਿਧੀ ਐਕਟ 1951 ਦੇ ਸੈਕਸ਼ਨ 78 ਅਨੁਸਾਰ ਤੈਅ ਸਮਾਂ ਸੀਮਾ ਅੰਦਰ ਆਪਣੇ ਚੋਣ ਖਰਚੇ ਦਾ ਵੇਰਵਾ ਕਮਿਸ਼ਨ ਕੋਲ ਜਮ੍ਹਾਂ ਨਹੀਂ ਕਰਵਾਇਆ, ਜਿਸ ਕਰਕੇ ਅਗਲੇ 3 ਸਾਲ ਤੱਕ ਇਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਨ ਲਈ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 5 ਉਮੀਦਵਾਰਾਂ ’ਚੋਂ ਸੰਗਰੂਰ ਜ਼ਿਲ੍ਹੇ ਦੇ 3 ਉਮੀਦਵਾਰ ਅਤੇ ਮਾਨਸਾ ਤੇ ਫਰੀਦਕੋਟ ਜ਼ਿਲ੍ਹੇ ਦਾ 1-1 ਉਮੀਦਵਾਰ ਸ਼ਾਮਲ ਹੈ।
ਚੋਣ ਕਮਿਸ਼ਨ ਵੱਲੋਂ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਸ਼ਕਤੀ ਕੁਮਾਰ ਗੁਪਤਾ ਤੇ ਜਸਵਿੰਦਰ ਸਿੰਘ ਅਤੇ ਸੁਨਾਮ ਵਿਧਾਨ ਸੀਟ ਤੋਂ ਚੋਣ ਲੜਨ ਵਾਲੇ ਸਨਮੁਖ ਸਿੰਘ ਮੋਖਾ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਰੀਦਕੋਟ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਗੁਰਚਰਨ ਸਿੰਘ ਸੰਘਾ ਨੂੰ ਵੀ ਅਯੋਗ ਐਲਾਨਿਆ ਗਿਆ ਹੈ। ਸਿਬਿਨ ਸੀ ਨੇ ਕਿਹਾ ਕਿ ਸੁਨਾਮ ਵਿਧਾਨ ਸੀਟ ਤੋਂ ਚੋਣ ਲੜਨ ਵਾਲੇ ਮਾਨਸਾ ਜ਼ਿਲ੍ਹੇ ਦੇ ਵਾਸੀ ਹਰਭਗਵਾਨ ਸ਼ਰਮਾ ਭਿੱਖੀ ਨੂੰ ਵੀ ਭਾਰਤੀ ਚੋਣ ਕਮਿਸ਼ਨ ਨੇ ਅਗਲੇ 3 ਸਾਲ ਤੱਕ ਚੋਣ ਲੜਨ ਦੇ ਅਯੋਗ ਐਲਾਨਿਆ ਹੈ।