For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ’ਚ ਅੜਿੱਕਾ ਬਣਿਆ ਚੋਣ ਜ਼ਾਬਤਾ

08:58 AM Mar 22, 2024 IST
ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ’ਚ ਅੜਿੱਕਾ ਬਣਿਆ ਚੋਣ ਜ਼ਾਬਤਾ
ਸ਼ਹੀਦੇ ਆਜ਼ਮ ਦੇ ਬੁੱਤ ਦੇ ਆਲ਼ੇ ਦੁਆਲੇ ਪਏ ਖੱਡੇ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਮਾਰਚ
ਇਕ ਪਾਸੇ ਪੰਜਾਬ ਦੀ ‘ਆਪ’ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਫ਼ੋਟੋਆਂ ਲਗਾ ਕੇ ਉਨ੍ਹਾਂ ਪ੍ਰਤੀ ਸ਼ਰਧਾ ਜ਼ਾਹਰ ਕੀਤੀ ਜਾ ਰਹੀ ਹੈ, ਦੂਜੇ ਪਾਸੇ ਪਟਿਆਲਾ ਵਿੱਚ ਸ਼ਹੀਦ-ਏ-ਆਜ਼ਮ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪ੍ਰਸ਼ਾਸਨ ਸਿਰਫ਼ ਅੱਖਾਂ ਬੰਦ ਕਰਕੇ ਨਹੀਂ ਬੈਠਾ ਸਗੋਂ ਇਨਕਲਾਬੀ ਨੌਜਵਾਨ ਸਭਾ ਨੂੰ ਸ਼ਹੀਦੀ ਦਿਹਾੜਾ ਮਨਾਉਣ ਦੀ ਇਜਾਜ਼ਤ ਵੀ ਨਹੀਂ ਦੇ ਰਿਹਾ। ਸ਼ਹੀਦੀ ਦਿਹਾੜੇ ਨੂੰ ਦੋ ਦਿਨ ਰਹਿ ਜਾਣ ਦੇ ਬਾਵਜੂਦ ਅਜੇ ਤੱਕ ਸ਼ਹੀਦ-ਏ-ਆਜ਼ਮ ਦੇ ਪਟਿਆਲਾ ਵਿੱਚ ਲੱਗੇ ਇੱਕੋ ਇੱਕ ਬੁੱਤ ਦੀ ਸਫ਼ਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਆਲ਼ੇ-ਦੁਆਲੇ ਪਏ ਖੱਡੇ ਹੀ ਭਰੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਚੋਣ ਜ਼ਾਬਤੇ ਕਰਕੇ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਜਾ ਸਕਦਾ।
ਇਨਕਲਾਬੀ ਨੌਜਵਾਨ ਸਭਾ ਦੇ ਆਗੂ ਅਮਰੀਕ ਸਿੰਘ ਤੇ ਸੰਨੀ ਕੁਮਾਰ ਨੇ ਕਿਹਾ,‘ਅਸੀਂ ਵੱਖ-ਵੱਖ ਸਰੋਤਾਂ ਨਾਲ ਡਿਪਟੀ ਕਮਿਸ਼ਨਰ ਪਟਿਆਲਾ, ਏਡੀਸੀ ਪਟਿਆਲਾ, ਕਮਿਸ਼ਨਰ (ਨਗਰ ਨਿਗਮ ਪਟਿਆਲਾ) ਤੱਕ ਸ਼ਹੀਦੇ ਆਜ਼ਮ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਜਾਜ਼ਤ ਮੰਗਣ ਲਈ ਪਹੁੰਚ ਕੀਤੀ ਹੈ, ਸਾਨੂੰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੋਣ ਜ਼ਾਬਤੇ ਕਰਕੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਬੁੱਤ ਦੇ ਨੇੜੇ ਇਕੱਠ ਨਹੀਂ ਕੀਤਾ ਜਾ ਸਕਦਾ। ਆਗੂਆਂ ਕਿਹਾ ਕਿ ਪਿਛਲੇ ਸੱਤ ਦਿਨਾਂ ਤੋਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰ ਰਹੇ ਹਨ, ਵੱਟਸਐਪ ਸੰਦੇਸ਼ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੇ ਹਨ ਪਰ ਕਿਸੇ ਨੇ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਪੱਲਾ ਨਹੀਂ ਫੜਾਇਆ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਮਾਈ ਦੀ ਸਰਾਂ ਦੇ ਕੋਲ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤ ਲਗਾਉਣ ਲਈ ਇਨਕਲਾਬੀ ਨੌਜਵਾਨ ਸਭਾ ਨੇ 2011 ਵਿੱਚ ਸੰਘਰਸ਼ ਸ਼ੁਰੂ ਕੀਤਾ ਸੀ ਜਿਸ ਕਰਕੇ 2014 ਵਿੱਚ ਇਹ ਬੁੱਤ ਇੱਥੇ ਲੱਗੇ ਸਨ। ਹਰ ਸਾਲ ਇੱਥੇ ਸ਼ਹੀਦੇ ਆਜ਼ਮ ਦਾ ਜਨਮ ਦਿਹਾੜਾ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਪਰ ਇਸ ਵਾਰ ਇੱਥੇ ਕੋਈ ਵੀ ਤਿਆਰੀ ਕੀਤੀ ਨਜ਼ਰ ਨਹੀਂ ਆ ਰਹੀ।
ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੱਚਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦੇ ਆਜ਼ਮ ਦਾ ਸ਼ਹੀਦੀ ਦਿਹਾੜਾ ਮਨਾਉਣ ਬਾਰੇ ਕੋਈ ਪਤਾ ਨਹੀਂ ਹੈ, ਨਾ ਹੀ ਉਨ੍ਹਾਂ ਨਾਲ ਕਿਸੇ ਨੇ ਰਾਬਤਾ ਕਾਇਮ ਹੀ ਕੀਤਾ।
ਇਸੇ ਤਰ੍ਹਾਂ ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸ਼ਹੀਦੇ ਆਜ਼ਮ ਦਾ ਜਨਮ ਦਿਹਾੜਾ ਮਨਾਉਣ ’ਤੇ ਕੋਈ ਰੋਕ ਨਹੀਂ ਹੈ ਪਰ ਉੱਥੇ ਕੋਈ ਸਿਆਸੀ ਤਕਰੀਰ ਨਹੀਂ ਹੋਣੀ ਚਾਹੀਦੀ।

Advertisement

Advertisement
Author Image

sukhwinder singh

View all posts

Advertisement
Advertisement
×