For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਸਿਖਰ ’ਤੇ ਪੁੱਜਿਆ ਚੋਣ ਪ੍ਰਚਾਰ..!

08:43 AM May 27, 2024 IST
ਪੰਜਾਬ ਵਿੱਚ ਸਿਖਰ ’ਤੇ ਪੁੱਜਿਆ ਚੋਣ ਪ੍ਰਚਾਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 26 ਮਈ
ਲੋਕ ਸਭਾ ਚੋਣਾਂ ਲਈ ਪੰਜਾਬ ’ਚ ਚੋਣ ਪ੍ਰਚਾਰ ਸਿਖਰ ’ਤੇ ਪੁੱਜ ਗਿਆ ਹੈ। ਚੋਣ ਪ੍ਰਚਾਰ 30 ਮਈ ਨੂੰ ਬੰਦ ਹੋਣਾ ਹੈ ਜਿਸ ਕਰਕੇ ਸਿਆਸੀ ਧਿਰਾਂ ਨੇ ਪੰਜਾਬ ਦੀਆਂ 13 ਸੀਟਾਂ ਲਈ ਆਪੋ ਆਪਣੀ ਤਾਕਤ ਝੋਕ ਦਿੱਤੀ ਹੈ। ਪੰਜਾਬ ’ਚ ਵੋਟਾਂ ਆਖ਼ਰੀ ਗੇੜ ’ਚ ਪਹਿਲੀ ਜੂਨ ਨੂੰ ਪੈਣੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਮਈ ਨੂੰ ਪੰਜਾਬ ਦੇ ਚੋਣ ਪ੍ਰਚਾਰ ਦਾ ਸਿਆਸੀ ਮਹੂਰਤ ਕੀਤਾ ਸੀ। ਕਾਂਗਰਸੀ ਆਗੂ ਰਾਹੁਲ ਗਾਂਧੀ ਅੰਮ੍ਰਿਤਸਰ ਵਿਖੇ ਚੋਣ ਰੈਲੀ ਕਰ ਚੁੱਕੇ ਹਨ। ਅੱਜ ਐਤਵਾਰ ਦਾ ਦਿਨ ਕੌਮੀ ਨੇਤਾਵਾਂ ਦੇ ਨਾਮ ਰਿਹਾ। ਸਿਆਸਤਦਾਨਾਂ ਦੀ ਭੱਜ ਨੱਸ ਵੀ ਤਾਪਮਾਨ ਵਾਂਗ ਨਿੱਤ ਵਧ ਰਹੀ ਹੈ। ਸੂਬੇ ਵਿਚ ਚਾਰੇ ਪਾਸੇ ਸਿਆਸੀ ਘਸਮਾਨ ਮਚਿਆ ਹੋਇਆ ਹੈ। ਪੰਜਾਬ ਪੁਲੀਸ ਲਈ ਕੌਮੀ ਰੈਲੀਆਂ ਦੀ ਸੁਰੱਖਿਆ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਦੀ ਹਮਾਇਤ ਵਿੱਚ ਚੋਣ ਰੈਲੀਆਂ ਕੀਤੀਆਂ। ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਨੇ ਫ਼ਤਹਿਗੜ੍ਹ ਸਾਹਿਬ ਵਿੱਚ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਅਤੇ ਪਟਿਆਲਾ ਵਿੱਚ ਡਾ. ਧਰਮਵੀਰ ਗਾਂਧੀ ਦੇ ਹੱਕ ’ਚ ਚੋਣ ਰੈਲੀਆਂ ਕੀਤੀਆਂ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਅੱਜ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਫ਼ਿਰੋਜ਼ਪੁਰ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ। ਹੁਸ਼ਿਆਰਪੁਰ ਅਤੇ ਬਠਿੰਡਾ ਵਿੱਚ ਰੋਡ ਸ਼ੋਅ ਕੀਤੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਖਡੂਰ ਸਾਹਿਬ ਦੇ ਤਿੰਨ ਸ਼ਹਿਰਾਂ ਵਿੱਚ ਚੋਣ ਪ੍ਰੋਗਰਾਮ ਕੀਤੇ ਅਤੇ ਸ਼ਾਮ ਸਮੇਂ ਫ਼ਿਰੋਜ਼ਪੁਰ ਹਲਕੇ ਵਿੱਚ ਰੋਡ ਸ਼ੋਅ ਕੀਤਾ। ਪਤਾ ਲੱਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੰਜਾਬ ਚੋਣ ਦੌਰਾ ਹਾਲੇ ਬਣ ਨਹੀਂ ਸਕਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ 30 ਮਈ ਤੋਂ ਪਹਿਲਾਂ ਇੱਕ ਦਿਨ ਹੋਰ ਪ੍ਰਚਾਰ ਕਰਨ ਲਈ ਅਪੀਲ ਕੀਤੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਵਿਕਸਿਤ ਪੰਜਾਬ’ ਬਣਾਉਣ ਦੀ ਗੱਲ ਕੀਤੀ ਹੈ। ਪੰਜਾਬ ਨਾਲ ਪੈਂਦੀ ਕੌਮਾਂਤਰੀ ਭਾਰਤ-ਪਾਕਿ ਸੀਮਾ ਕਰਕੇ ਭਾਜਪਾ ਨੇਤਾਵਾਂ ਵੱਲੋਂ ਪਾਕਿਸਤਾਨ ਦੀ ਗੱਲ ਉੱਚੀ ਆਵਾਜ਼ ਵਿੱਚ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕਾਂ ਤੋਂ ਨਾਅਰੇ ਲਗਵਾ ਕੇ ਕਿਹਾ ਕਿ ਇਹ ਆਵਾਜ਼ ਪਾਕਿਸਤਾਨ ਤੱਕ ਪੁੱਜਣੀ ਚਾਹੀਦੀ ਹੈ। ਸ਼ਾਹ ਨੇ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੇ ਜਾਣ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲਿਆਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਚੁੱਕਿਆ ਅਤੇ ‘ਆਪ’ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਘੇਰਿਆ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਆਪ’ ਦੇ ਸ਼ਰਾਬ ਘੁਟਾਲੇ ਨੂੰ ਉਭਾਰਿਆ। ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਇਲਾਵਾ ਕਿਸਾਨਾਂ, ਜਵਾਨਾਂ ਅਤੇ ਔਰਤਾਂ ਦੀ ਸੁਰੱਖਿਆ ਦੀ ਗੱਲ ਰੱਖੀ। ਫ਼ਿਰੋਜ਼ਪੁਰ ਵਿੱਚ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੋਕੇ ਫ਼ੰਡਾਂ ਦਾ ਜ਼ਿਕਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਇਲਾਵਾ ਅਕਾਲੀ ਦਲ ਨੂੰ ਰਗੜੇ ਲਾਏ ਜਾ ਰਹੇ ਹਨ।
ਗੁਰਦਾਸਪੁਰ ਵਿੱਚ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਨਕਾਮੀਆਂ ’ਤੇ ਚਰਚਾ ਕੀਤੀ। ਭਾਜਪਾ ਦੀ ਕੌਮੀ ਲੀਡਰਸ਼ਿਪ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਵੀ ਵਿੱਢੇ ਹੋਏ ਹਨ ਪਰ ਚੋਣ ਪ੍ਰੋਗਰਾਮਾਂ ਵਿੱਚ ਕੋਈ ਵਿਘਨ ਪੈਣ ਤੋਂ ਬਚਾਅ ਰਿਹਾ। ਬਹੁਤੇ ਚੋਣ ਪ੍ਰੋਗਰਾਮ ਦੁਪਹਿਰ ਮਗਰੋਂ ਹੀ ਹੋ ਰਹੇ ਹਨ। ਰੋਡ ਸ਼ੋਅ ਜ਼ਿਆਦਾ ਹੋ ਰਹੇ ਹਨ।

Advertisement

ਵੋਟਾਂ ਦੀ ਫ਼ਸਲ ਸਾਂਭਣ ’ਚ ਜੁਟੀਆਂ ਸਿਆਸੀ ਧਿਰਾਂ

ਜਿਵੇਂ ਕਿਸਾਨ ਆਪਣੀ ਪੱਕੀ ਫ਼ਸਲ ਦੀ ਵਾਢੀ ਤੱਕ ਚਿੰਤਤ ਹੋ ਜਾਂਦਾ ਹੈ ਅਤੇ ਉਸ ਨੂੰ ਕੁਦਰਤੀ ਆਫ਼ਤਾਂ ਦਾ ਖ਼ੌਫ਼ ਬਣ ਜਾਂਦਾ ਹੈ, ਓਵੇਂ ਸਿਆਸੀ ਧਿਰਾਂ ਵੀ ਵੋਟਾਂ ਦੀ ਫ਼ਸਲ ਐਨ ਪਕੇਰੀ ਹੋਣ ਕਰਕੇ ਦਿਨ ਰਾਤ ਮਿਹਨਤ ਵਿੱਚ ਜੁਟ ਗਈਆਂ ਹਨ। ਇਸ ਮਿਹਨਤ ਨੂੰ ਕਿੰਨਾ ਕੁ ਬੂਰ ਪੈਂਦਾ ਹੈ, ਇਹ ਤਾਂ 4 ਜੂਨ ਨੂੰ ਚੋਣ ਨਤੀਜੇ ਆਉਣ ’ਤੇ ਹੀ ਪਤਾ ਲੱਗੇਗਾ। ਇਸ ਵਾਰ ਰੈਲੀਆਂ ਲਈ ਭੀੜਾਂ ਜੁਟਾਉਣ ਲਈ ਸਿਆਸੀ ਧਿਰਾਂ ਦੇ ਪਸੀਨੇ ਨਿਕਲ ਰਹੇ ਹਨ।

Advertisement
Author Image

sukhwinder singh

View all posts

Advertisement
Advertisement
×