ਢੇਲਵਾਂ ਦੀ ਚੁਣੀ ਪੰਚਾਇਤ ਨੇ ਵਿਕਾਸ ਕਾਰਜਾਂ ਦਾ ਭਰੋਸਾ ਦਿਵਾਇਆ
ਪੱਤਰ ਪ੍ਰੇਰਕ
ਨਥਾਣਾ, 4 ਨਵੰਬਰ
ਪਿੰਡ ਢੇਲਵਾਂ ਦੀ ਨਵੀਂ ਚੁਣੀ ਗਈ ਪੰਚਾਇਤ ਨੇ ਪਿੰਡ ਦੇ ਅਧੂੂਰੇ ਲਟਕ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਉਣ ਦਾ ਭਰੋਸਾ ਦਿਵਾਇਆ ਹੈ। ਪੰਚਾਇਤ ਵੱਲੋਂ ਸ਼ੁਕਰਾਨਾ ਸਮਾਗਮ ਸਬੰਧੀ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਨਵੀਂ ਚੁਣੀ ਗਈ ਸਰਪੰਚ ਮਨਜੀਤ ਕੌਰ ਅਤੇ ਹੋਰਨਾਂ ਪੰਚਾਂ ਨੇ ਕਿਹਾ ਕਿ ਉਹ ਹਰ ਪ੍ਰਕਾਰ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕੰਮਾਂ ਨੂੰ ਪਹਿਲ ਦੇਣਗੇ। ਉਨ੍ਹਾਂ ਪਿੰਡ ਦੇ ਸਾਂਝੇ ਚਿਰਾਂ ਤੋਂ ਲਟਕ ਰਹੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਸਾਰੇ ਵਰਗਾਂ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਨਵੀਂ ਚੁਣੀ ਗਈ ਪੰਚਾਇਤ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਨਵੀਂ ਪੀੜ੍ਹੀ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕੇ। ਪੰਚਾਇਤ ਨੇ ਕਿਹਾ ਕਿ ਪਿੰਡ ਦੇ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇਗੀ ਤੇ ਪੀਣ ਦੇ ਸ਼ੁੱਧ ਪਾਣੀ ਦੀ ਸਪਲਾਈ ਵੀ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਵਿਧਾਇਕ ਜਗਸੀਰ ਸਿੰਘ, ਅਕਾਲੀ ਆਗੂ ਜਗਸੀਰ ਸਿੰਘ ਤੇ ਨੇੜਲੇ ਪਿੰਡਾਂ ਦੇ ਪੰਚ ਤੇ ਸਰਪੰਚ ਹਾਜ਼ਰ ਸਨ।