ਦੋ ਮੁਲਾਜ਼ਮਾਂ ਦੀ ਬਹਾਲੀ ਲਈ ਬਜ਼ੁਰਗ ਟਾਵਰ ’ਤੇ ਚੜ੍ਹੇ
ਪੱਤਰ ਪ੍ਰੇਰਕ
ਪਠਾਨਕੋਟ, 13 ਜੁਲਾਈ
ਇੱਥੇ ਬੈਰਾਜ ਡੈਮ ਦੇ ਆਊਸਟੀ ਕੋਟੇ ਵਿੱਚੋਂ ਕੱਢੇ ਗਏ 32 ਮੁਲਾਜ਼ਮਾਂ ਨੇ ਧਰਨਾ 73ਵੇਂ ਦਨਿ ਵੀ ਜਾਰੀ ਰੱਖਿਆ। ਅੱਜ ਸਵੇਰੇ 7 ਵਜੇ ਦੋ ਮੁਲਾਜ਼ਮਾਂ ਦੇ ਪਿਤਾਵਾਂ- ਖਾਤਿਮ ਹੁਸੈਨ ਦੇ ਪਿਤਾ ਤੇਗ ਅਲੀ ਵਾਸੀ ਥੜ੍ਹਾ ਚਿਕਲਾ ਅਤੇ ਪਵਨ ਕੁਮਾਰ ਦੇ ਪਿਤਾ ਸੁਰਿੰਦਰ ਸਿੰਘ ਵਾਸੀ ਰਾਜਪੁਰ ਪਿੰਡ ਹਰੂੜ ਸਿਧੋਈ ਵਿੱਚ ਬਿਜਲੀ ਦੇ 70 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਏ ਅਤੇ ਟਾਵਰ ਉਪਰ ਤਰਪਾਲ ਲਾ ਕੇ ਕੱਢੇ ਗਏ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ ਕਰਨ ਲੱਗੇ। ਟਾਵਰ ਤੇ ਚੜ੍ਹੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰਾਂ ਨੇ ਘਰ ਬਣਾਉਣ ਤੇ ਹੋਰ ਕੰਮਾਂ ਲਈ ਬੈਂਕਾਂ ਵਿੱਚੋਂ ਕਰਜ਼ਾ ਲਿਆ ਹੋਇਆ ਹੈ। ਹੁਣ ਬੈਂਕ ਦੇ ਅਧਿਕਾਰੀ ਉਨ੍ਹਾਂ ਨੂੰ ਬੈਂਕ ਦੀਆਂ ਕਿਸ਼ਤਾਂ ਦੇਣ ਲਈ ਦਬਾਅ ਪਾ ਰਹੇ ਹਨ ਪਰ ਉਨ੍ਹਾਂ ਦੇ ਪੁੱਤਰਾਂ ਨੂੰ ਕੋਈ ਤਨਖਾਹ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦੇ ਪਾ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ, ਬਿਕਰਮ ਸਿੰਘ, ਮੋਹਨ ਸਿੰਘ, ਸ਼ੰਕੁਤਲਾ ਦੇਵੀ, ਪਰਮਿੰਦਰ ਕੌਰ, ਮਨਜੀਤ ਕੌਰ, ਸੀਮਾ ਦੇਵੀ, ਸੰਤੋਸ਼ ਦੇਵੀ, ਬੈਰਾਜ ਡੈਮ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਨਿਾਂ ਸ਼ੋਅ ਕਾਜ ਨੋਟਿਸ ਦਿੱਤੇ ਹੀ ਕੱਢ ਦਿੱਤਾ ਗਿਆ ਹੈ ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਨੌਕਰੀ ਮੁੜ ਬਹਾਲ ਨਹੀਂ ਕੀਤੀ ਜਾਂਦੀ ਤਦ ਤੱਕ ਉਹ ਪ੍ਰਦਰਸ਼ਨ ਜਾਰੀ ਰੱਖਣਗੇ।